ਮੰਨਾ ਕਤਲ ਮਾਮਲਾ : ਅਦਾਲਤ ਨੇ ਕਪਿਲ ਜਾਟ ਦਾ ਵਧਾਇਆ 2 ਦਿਨਾਂ ਪੁਲਸ ਰਿਮਾਂਡ
Wednesday, Mar 04, 2020 - 01:40 PM (IST)
ਮਲੋਟ (ਜੁਨੇਜਾ, ਕਾਠਪਾਲ) - ਮਲੋਟ ਵਿਖੇ ਹੋਏ ਮਨਪ੍ਰੀਤ ਮੰਨਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਕਪਿਲ ਨੂੰ ਮਲੋਟ ਪੁਲਸ ਵਲੋਂ ਬੀਤੇ ਦਿਨ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ ਦੋ ਦਿਨਾਂ ਲਈ ਹੋਰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਦੇ ਸਬੰਧ ’ਚ ਪੁਲਸ ਨੇ ਹੁਣ ਤੱਕ ਲਾਰੇਂਸ ਬਿਸ਼ਨੋਈ, ਰੋਹਿਤ ਗੋਂਦਾਰਾ ਅਤੇ ਕਪਿਲ ਜਾਟ ਨੂੰ ਪੁੱਛਗਿੱਛ ਵਿਚ ਸ਼ਾਮਲ ਕੀਤਾ ਹੈ। ਅਗਲੇ ਦਿਨਾਂ ਵਿਚ ਥਾਈ ਲੈਂਡ ਤੋਂ ਗ੍ਰਿਫਤਾਰ ਕੀਤੇ ਰਾਜੂ ਬਿਸੋਡੀ ਨੂੰ ਮਲੋਟ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕਿ ਪੁੱਛਗਿੱਛ ਕਰੇਗੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਮਲੋਟ ਸਕਾਈ ਮਾਲ ’ਚ ਬਦਮਾਸ਼ਾਂ ਹੱਥੋਂ ਗੋਲੀਆਂ ਦਾ ਸ਼ਿਕਾਰ ਹੋਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੇ ਮੁੱਖ ਦੋਸ਼ੀਆਂ ’ਚ ਇਕ ਪੁਲਸ ਨੇ 27 ਫਰਵਰੀ ਨੂੰ ਫਰੀਦਾਬਾਦ ਦੀ ਨੀਮਕਾ ਜੇਲ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲੈ ਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਅਦਾਲਤ ਨੇ ਉਸ ਨੂੰ 5 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਸੀ, ਜਿਸ ਮਗਰੋਂ ਉਸ ਨੂੰ ਮੁੜ 2 ਦਿਨ ਲਈ ਮਾਣਯੋਗ ਅਮਨ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਸ ਅਤੇ ਸਰਕਾਰੀ ਧਿਰ ਨੇ ਉਸ ਦਾ ਪੰਜ ਦਿਨਾਂ ਦਾ ਪੁਲਸ ਰਿਮਾਂਡ ਮੰਗਿਆ। ਪੁਲਸ ਦਾ ਕਹਿਣਾ ਸੀ ਇਸ ਮਾਮਲੇ ਵਿਚ ਹਾਲੇ ਪੁੱਛਗਿੱਛ ਬਾਕੀ ਹੈ। ਪਰ ਅਦਾਲਤ ਨੇ ਉਸ ਦਾ 2 ਦਿਨਾਂ ਦਾ ਹੋਰ ਪੁਲਸ ਰਿਮਾਂਡ ਦਿੱਤਾ। ਇਸ ਸਮੇਂ ਮਲੋਟ ਸਿਟੀ ਥਾਣਾ ਦੇ ਮੁੱਖ ਅਫਸਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਜਾਂਚ ਪੂਰੀ ਕਰਨ ਤੋਂ ਬਾਅਦ ਇਸ ਬਾਰੇ ਖੁਲਾਸਾ ਕਰੇਗੀ। ਇਸ ਪਿੱਛੋਂ ਪੁਲਸ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਉਸ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ।
ਕੁੱਲ 7 ਦੋਸ਼ੀ ਨਾਮਜ਼ਦ ਇਹ ਵੀ ਜ਼ਿਕਰਯੋਗ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ ਕੁੱਲ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ’ਚ ਸਾਜ਼ਿਸ਼ ਘਾੜਿਆਂ ਲਾਰੇਂਸ ਬਿਸ਼ਨੋਈ, ਰੋਹਿਤ ਗੋਂਦਾਰਾ ਅਤੇ ਰਾਜੂ ਬਿਸੋਡੀ ਤੋਂ ਬਿਨਾਂ ਚਾਰ ਜਣਿਆਂ ਨੇ ਗੋਲੀਆਂ ਮਾਰੀਆਂ ਸਨ। ਇਨ੍ਹਾਂ ’ਚ ਰਾਜਨ ਪੁੱਤਰ ਬਾਰੂ ਰਾਮ ਵਾਸੀ ਝੰਜੜਝੇੜੀ ਥਾਣਾ ਸ਼ਾਹਬਾਦ ਜ਼ਿਲਾ ਕਰੂਕਸ਼ੇਤਰ ਹਰਿਆਣਾ, ਕਪਿਲ ਪੁੱਤਰ ਬਰਜਿੰਦਰ ਜਾਟ ਵਾਸੀ ਡਾਬਲਾ ਥਾਣਾ ਅਤੇ ਜ਼ਿਲਾ ਝੱਜਰ, ਰਾਹੁਲ ਪੁੱਤਰ ਨਾਮਲੂਮ, ਰਜੇਸ਼ ਕਾਡਾ ਪੁੱਤਰ ਮੇਵਾ ਸਿੰਘ ਵਾਸੀ ਥਾਣੀ ਕਹਿਰਾ ਥਾਣਾ ਬਿਹਾਰ ਜ਼ਿਲਾ ਭਵਾਨੀ ਹਰਿਆਣਾ ਸ਼ਾਮਲ ਹਨ।