ਸਿੱਧੂ ਮੂਸੇਵਾਲਾ ਦੇ ਪਿਤਾ ਦੇ ਅਲਟੀਮੇਟਮ ’ਤੇ ਮਾਨ ਦੇ ਮੰਤਰੀ ਦਾ ਵੱਡਾ ਬਿਆਨ
Monday, Oct 31, 2022 - 06:29 PM (IST)
ਨਾਭਾ (ਪੁਰੀ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਲੋਂ ਇਨਸਾਫ ਨਾ ਮਿਲਣ ਦੇ ਚੱਲਦਿਆਂ ਦੇਸ਼ ਛੱਡਣ ਦੇ ਦਿੱਤੇ ਬਿਆਨ ਸੰਬੰਧੀ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਉਹ ਮਾਤਾ-ਪਿਤਾ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸਰਕਾਰ ਅਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਲਗਾਤਾਰ ਗੈਂਗਸਟਰਾਂ ਦੇ ਖ਼ਿਲਾਫ ਸਖ਼ਤੀ ਵੀ ਵਰਤ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਪਰਿਵਾਰ ਨੂੰ ਹਰ ਹਾਲਤ ਵਿਚ ਇਨਸਾਫ ਮਿਲੇਗਾ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਮਿਲੀ ਮੌਤ, ਦੇਖੋ ਮੌਕੇ ਦੀ ਖ਼ੌਫਨਾਕ ਵੀਡੀਓ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚੋਂ ਗੈਂਗਸਟਰਵਾਦ, ਨਸ਼ਾ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਇਕੱਲੀ ਸਰਕਾਰ ਖ਼ਤਮ ਨਹੀਂ ਕਰ ਸਕਦੀ ਬਲਕਿ ਇਸ ਲਈ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਮੀਡੀਆ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਪੰਜਾਬ ਦੇ ਸਮੁੱਚੇ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੀਡੀਆ ਸਰਕਾਰ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਅਤੇ ਸਾਡੀਆਂ ਕੋਸ਼ਿਸ਼ਾਂ ਵੱਲ ਧਿਆਨ ਦੇ ਕੇ ਅੱਗੇ ਲੈ ਕੇ ਉਨ੍ਹਾਂ ਨੂੰ ਉਜਾਗਰ ਕੀਤਾ ਜਾਵੇ ਨਾ ਕਿ ਨੈਗੇਟਿਵ ਬਣਾ ਕੇ ਪੇਸ਼ ਕਰੇ। ਇਸ ਨਾਲ ਪੰਜਾਬ ਵਿਚ ਨੈਗਟੇਵਿਟੀ ਦਾ ਮਾਹੌਲ ਪੈਦਾ ਹੁੰਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਜੋ ਪਹਿਲਾਂ ਸਿਆਸੀ ਲੋਕਾਂ ਤੇ ਪੁਲਸ ਦੇ ਵਿਚਾਲੇ ਨੈੱਕਸਸ ਚੱਲਦਾ ਹੁੰਦਾ ਸੀ, ਉਹ ਬਿਲਕੁਲ ਟੁੱਟ ਚੁੱਕਾ ਹੈ ਅਤੇ ਹੁਣ ਸਿਆਸੀ ਕਲਾਸ ਇਸ ਨੈੱਕਸਸ ਵਿਚੋਂ ਪੂਰੀ ਤਰ੍ਹਾਂ ਨਾਲ ਬਾਹਰ ਹੈ। ਉਨ੍ਹਾਂ ਕਿਹਾ ਕਿ 90-95 ਫੀਸਦੀ ਪੁਲਸ ਵੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਵਰਗੀਆਂ ਕਾਲੀਆਂ ਭੇਡਾਂ ਕੁੱਝ ਪੁਲਸ ਵਿਚ ਹੋਣ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ ਤੇ ਇਸੇ ਲਈ ਹੀ ਮੈਂ ਪੂਰੀ 100 ਪ੍ਰਤੀਸ਼ਤ ਗਾਰੰਟੀ ਨਹੀਂ ਲੈਦਾ ਪਰ ਬਹੁਗਿਣਤੀ ਪੁਲਸ ਹੁਣ ਚੰਗਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਮੁੱਚੀ ਕੈਬਨਿਟ ਟੀਮ ਅਤੇ ਵਿਧਾਇਕ ਪੰਜਾਬ ਨੂੰ ਚੰਗਾ ਤੇ ਸਾਫ ਸੁਥਰਾ ਰਾਜ ਦੇਣ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ 7 ਮਹੀਨਿਆਂ ਵਿਚ ਹੀ ਅੱਜ ਪੰਜਾਬ ਵਾਸੀਆਂ ਨੂੰ ਇਹ ਲੱਗਣ ਲੱਗਾ ਹੈ ਕਿ ਪੰਜਾਬ ਵਿਚ ਪਿਛਲੇ 70 ਸਾਲਾਂ ਦੇ ਮੁਕਾਬਲੇ ਕੁੱਝ ਵੱਖਰਾ ਹੋ ਰਿਹਾ ਹੈ। ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਵਪਾਰ ਮੰਡਲ ਦੇ ਪ੍ਰਧਾਨ ਰਮਨ ਜਿੰਦਲ ਭੋਲਾ, ਧਰਮਿੰਦਰ ਸਿੰਘ ਸੁੱਖੇਵਾਲ, ਹਰਮੀਕ ਸਿੰਘ ਬਾਜਵਾ, ਮਨਪ੍ਰੀਤ ਸਿੰਘ ਧਾਰੋਂਕੀ, ਤਜਿੰਦਰ ਸਿੰਘ ਖਹਿਰਾ, ਦਿਲਸ਼ਾਦ ਅਲੀ, ਸੁਖਦੇਵ ਸਿੰਘ ਮਾਨ, ਰਾਜੇਸ਼ ਸ਼ਰਮਾ, ਅਮਨਦੀਪ ਸਿੰਘ ਰਹਿਲ, ਜਗਵਿੰਦਰ ਪੂਨੀਆ, ਦੀਪਾ ਰਾਮਗੜ੍ਹ, ਸਿਮਰਨ ਅੜਕ ਚੌਹਾਨ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਮਾਂ-ਪੁੱਤ ਨਾਲ ਰਸਤੇ ’ਚ ਵਾਪਰੀ ਅਣਹੋਣੀ, ਇਕੱਠਿਆਂ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।