ਵਿਰੋਧੀਆਂ ਨੂੰ ਟੱਕਰ ਦੇਣ ਲਈ ਤਕੜੀ ਹੋਈ ਮਾਨ ਸਰਕਾਰ, ਲੋਕ ਸਭਾ ਚੋਣਾਂ ਬਾਰੇ ਲਿਆ ਅਹਿਮ ਫ਼ੈਸਲਾ
Thursday, Jun 22, 2023 - 10:49 AM (IST)
ਜਲੰਧਰ (ਧਵਨ) : ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਚੋਣਾਂ ਅਗਲੇ ਸਾਲ ਅਪ੍ਰੈਲ-ਮਈ ਮਹੀਨੇ ’ਚ ਹੋਣਗੀਆਂ ਪਰ ਆਮ ਆਦਮੀ ਪਾਰਟੀ ਛੇਤੀ ਹੀ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਉਮੀਦਵਾਰਾਂ ਬਾਰੇ ਸਪੱਸ਼ਟਤਾ ਸਹੀ ਸਮੇਂ ’ਤੇ ਹੋ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਦੇ ਕਰੀਬੀ ਨੇਤਾਵਾਂ ਦਾ ਮੰਨਣਾ ਹੈ ਕਿ ਕਾਂਗਰਸ ਅਤੇ ਭਾਜਪਾ ਵਾਂਗ ਆਮ ਆਦਮੀ ਪਾਰਟੀ 13 ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਦੇਰੀ ਨਾਲ ਕਰਨ ਦੇ ਪੱਖ ’ਚ ਨਹੀਂ ਹੈ। ‘ਆਪ’ ਦਾ ਮੰਨਣਾ ਹੈ ਕਿ ਉਮੀਦਵਾਰਾਂ ਦੀ ਚੋਣ ਲੋਕ ਸਭਾ ਦੀਆਂ ਆਮ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋ ਜਾਣੀ ਚਾਹੀਦੀ ਹੈ। ਇਸ ਨਾਲ ਉਮੀਦਵਾਰਾਂ ਨੂੰ ਆਪਣੇ-ਆਪਣੇ ਹਲਕਿਆਂ ’ਚ ਵੋਟਰਾਂ ਨਾਲ ਸੰਪਰਕ ਕਾਇਮ ਕਰਨ ’ਚ ਸਹੂਲਤ ਹੋਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਹੁਣ 15 ਰੁਪਏ 'ਚ ਮਿਲੇਗਾ ਢਿੱਡ ਭਰ ਕੇ ਖਾਣਾ
ਇੰਨਾ ਤੈਅ ਹੈ ਕਿ ਜਲੰਧਰ ’ਚ ਪਾਰਟੀ ਵੱਲੋਂ ਆਪਣੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਹੀ ਦੁਬਾਰਾ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ। ਹੋਰ 12 ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਪਾਰਟੀ ਨੂੰ ਕਰਨੀ ਹੋਵੇਗੀ। ਪਾਰਟੀ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਵਾਰ ‘ਆਪ’ ਨੂੰ ਸਾਰੀਆਂ 13 ਸੀਟਾਂ ’ਤੇ ਮਜ਼ਬੂਤ ਉਮੀਦਵਾਰ ਉਤਾਰਨੇ ਹੋਣਗੇ। ਇਸ ਨਾਲ ਉਹ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਤਕੜੀ ਚੋਣ ਟੱਕਰ ਦੇ ਸਕੇਗੀ। ਪਾਰਟੀ ਕਈ ਸੀਟਾਂ ’ਤੇ ਨਾਮਵਾਰ ਚਿਹਰਿਆਂ ਨੂੰ ਵੀ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ‘ਆਪ’ ਨੇ ਜਲੰਧਰ ’ਚ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਅਤੇ ਉਸ ਦੇ ਚੰਗੇ ਨਤੀਜੇ ਸਾਹਮਣੇ ਆਏ ਸਨ, ਉਸੇ ਤਰਜ਼ ’ਤੇ ਪੰਜਾਬ ਦੀਆਂ ਹੋਰ ਸੀਟਾਂ ’ਤੇ ‘ਆਪ’ ਮਸ਼ਹੂਰ ਨੇਤਾਵਾਂ ਨੂੰ ਚੋਣ ਜੰਗ ’ਚ ਅੱਗੇ ਲਿਆਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਇਲੈਕਟ੍ਰਿਕ ਵਾਹਨ ਖ਼ਰੀਦਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
ਪੰਜਾਬ ’ਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਵੱਲੋਂ ਸਰਵੇ ਵੀ ਕਰਵਾਇਆ ਜਾਵੇਗਾ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਉਮੀਦਵਾਰ ਕਿੰਨੇ ਮਜ਼ਬੂਤ ਹਨ ਅਤੇ ਉਨ੍ਹਾਂ ਦੇ ਜਿੱਤਣ ਦੇ ਕਿੰਨੇ ਆਸਾਰ ਹਨ। ਜਲੰਧਰ ’ਚ ਵੀ ਪਾਰਟੀ ਲੀਡਰਸ਼ਿਪ ਨੇ ਸਰਵੇ ਕਰਵਾਇਆ ਸੀ। ਇਸੇ ਤਰਜ਼ ’ਤੇ ਪੰਜਾਬ ਦੀਆਂ ਬਾਕੀ 12 ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਸਰਵੇ ਸ਼ੁਰੂ ਹੋਵੇਗਾ। ਸਰਕਾਰ ’ਚ ਇਕ ਰਾਏ ਇਹ ਵੀ ਪਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪੂਰੇ ਦਮਖਮ ਨਾਲ ਕਾਰਪੋਰੇਸ਼ਨ ਦੀਆਂ ਚੋਣਾਂ ਜਿੱਤੇ ਅਤੇ ਉਸ ਦੇ ਨਾਲ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇ ਕੇ ਪਾਰਟੀ ਆਪਣੀ ਚੋਣ ਗਾਰੰਟੀ ਪੂਰੀ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ