ਮਾਨ ਸਰਕਾਰ ਦੀਆਂ ਅੱਖਾਂ ’ਚ ਧੂੜ ਝੋਕਦੇ ਹੋਏ ਪੈਸਿਆਂ ਦਾ ਮੋਹ ਨਹੀਂ ਤਿਆਗ ਰਹੇ ਨੇ ਸਰਕਾਰੀ ਡਾਕਟਰ

Wednesday, Jul 06, 2022 - 01:02 PM (IST)

ਮਾਨ ਸਰਕਾਰ ਦੀਆਂ ਅੱਖਾਂ ’ਚ ਧੂੜ ਝੋਕਦੇ ਹੋਏ ਪੈਸਿਆਂ ਦਾ ਮੋਹ ਨਹੀਂ ਤਿਆਗ ਰਹੇ ਨੇ ਸਰਕਾਰੀ ਡਾਕਟਰ

ਅੰਮ੍ਰਿਤਸਰ (ਦਲਜੀਤ) - ਸਰਕਾਰ ਵਲੋਂ ਪ੍ਰੈਕਟਿਸ ਨਾ ਕਰਨ ਦੇ ਬਦਲੇ ਵਿਚ ਨਾਨ ਪ੍ਰੈਕਟਿਸ ਐਲਾਨ ਦੇ ਬਾਵਜੂਦ ਬਹੁਤੇ ਸਰਕਾਰੀ ਡਾਕਟਰ ਪੈਸਿਆਂ ਦਾ ਲਾਲਚ ਨਹੀਂ ਛੱਡ ਰਹੇ ਹਨ। ਐਲਾਨ ਕਰਨ ਦੇ ਬਾਵਜੂਦ ਮੈਡੀਕਲ ਕਾਲਜ ਅਧੀਨ ਚੱਲ ਰਹੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਅੱਖਾਂ ਵਿਚ ਧੂੜ ਪਾ ਕੇ ਨਿੱਜੀ ਹਸਪਤਾਲਾਂ ’ਚ ਧੜੱਲੇ ਨਾਲ ਪ੍ਰੈਕਟਿਸ ਕਰ ਰਹੇ ਹਨ। ਪਿਛਲੇ ਦਿਨੀਂ ਇਕ ਪ੍ਰਾਈਵੇਟ ਹਸਪਤਾਲ ਵਿਚ ਜਣੇਪੇ ਦੌਰਾਨ ਇਕ ਜਨਾਨੀ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਰਜਰੀ ਕਰਨ ਵਾਲਾ ਡਾਕਟਰ ਗੁਰੂ ਨਾਨਕ ਦੇਵ ਹਸਪਤਾਲ ਦਾ ਸੀਨੀਅਰ ਡਾਕਟਰ ਹੈ। ਫਿਲਹਾਲ ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕੋਈ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰ ਸਕਦਾ ਅਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਆਪ੍ਰੇਸ਼ਨ ਕਰ ਸਕਦਾ ਹੈ। ਇਸ ਦੇ ਬਦਲੇ ਸਰਕਾਰ ਵਲੋਂ ਡਾਕਟਰਾਂ ਨੂੰ ਐਲਾਨ ਕੀਤਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੈਸਿਆਂ ਦੇ ਲਾਲਚ ਵਿਚ ਮੈਡੀਕਲ ਕਾਲਜ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਦੇ ਜ਼ਿਆਦਾਤਰ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਹਨ ਅਤੇ ਪ੍ਰਾਈਵੇਟ ਹਸਪਤਾਲ ਵਿਚ ਜਾ ਕੇ ਮਰੀਜ਼ਾਂ ਦਾ ਆਪ੍ਰੇਸ਼ਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਹ ਡਾਕਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਹੋਏ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਬੀਤੇ ਦਿਨ ਡਾਕਟਰੀ ਪੇਸ਼ਾ ਇਕ ਵਾਰ ਫਿਰ ਉਸ ਸਮੇਂ ਬਦਨਾਮ ਹੋ ਗਿਆ ਜਦੋਂ ਗਰਭਵਤੀ ਜਨਾਨੀ ਦੀ ਜਣੇਪੇ ਦੌਰਾਨ ਜੱਚਾ-ਬੱਚਾ ਦੀ ਮੌਤ ਹੋ ਗਈ। ਹਾਲਾਂਕਿ ਜ਼ਿੰਦਗੀ ਅਤੇ ਮੌਤ ਡਾਕਟਰ ਦੇ ਹੱਥ ਵਿੱਚ ਨਹੀਂ ਹੈ ਪਰ ਜਿਸ ਡਾਕਟਰ ਨੇ ਡਲਿਵਰੀ ਕੀਤੀ ਸੀ ਉਹ ਅਸਲ ਵਿਚ ਗਾਇਨੀਕੋਲੋਜਿਸਟ ਨਹੀਂ ਸੀ।

ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਥਿਤ ਸਰਜਰੀ ਵਿਭਾਗ ਵਿਚ ਕੰਮ ਕਰਦੇ ਇਸ ਸਰਕਾਰੀ ਡਾਕਟਰ ਨੇ ਨਿਯਮਾਂ ਅਤੇ ਆਪਣੀ ਮੁਹਾਰਤ ਦੇ ਉਲਟ ਇਕ ਨਿੱਜੀ ਹਸਪਤਾਲ ਵਿਚ ਆ ਕੇ ਡਿਲੀਵਰੀ ਕੀਤੀ। ਸਰਕਾਰੀ ਡਾਕਟਰ ਤੋਂ ਇਲਾਵਾ ਇਕ ਪ੍ਰਾਈਵੇਟ ਸਟਾਫ ਨਰਸ ਵੀ ਪੈਸੇ ਨੂੰ ਹੀ ਸਭ ਕੁਝ ਸਮਝਦੀ ਹੈ। ਉਸ ਨੇ ਗਾਇਨੀਕੋਲੋਜਿਸਟ ਦੇ ਲੈਟਰਪੈਡ ਦੀ ਵਰਤੋਂ ਕੀਤੀ ਅਤੇ ਅੱਠ ਮਹੀਨਿਆਂ ਤੱਕ ਗਰਭਵਤੀ ਔਰਤ ਨੂੰ ਦਵਾਈਆਂ ਦਿੰਦੀ ਰਹੀ। ਜੱਚਾ-ਬੱਚੀ ਦੀ ਮੌਤ ਤੋਂ ਬਾਅਦ ਰੋਸ ਵਿਚ ਆਏ ਰਿਸ਼ਤੇਦਾਰਾਂ ਨੇ ਪੁਲਸ ਅਤੇ ਸਿਹਤ ਵਿਭਾਗ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪ੍ਰੇਸ਼ਨ ਸਫਲ ਨਾ ਹੋਣ ’ਤੇ ਸਰਕਾਰੀ ਡਾਕਟਰ ਨੇ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ, ਝਬਾਲ ਰੋਡ ’ਤੇ ਪੈਂਦੇ ਪਿੰਡ ਇੱਬਣ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਉਸ ਦਾ ਵਿਆਹ ਮਧੂ ਨਾਲ ਹੋਇਆ ਸੀ, ਜਦੋਂ 25 ਸਾਲਾ ਮਧੂ ਗਰਭਵਤੀ ਹੋ ਗਈ ਤਾਂ ਉਸ ਨੇ ਨਿਊ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਨਾਲ ਸੰਪਰਕ ਕੀਤਾ, ਜਿਸ ਨੇ ਡਾਕਟਰ ਹੋਣ ਦਾ ਦਾਅਵਾ ਕੀਤਾ।

ਉਹ ਖੁਦ ਨੂੰ ਮਹਿਲਾ ਡਾਕਟਰ ਦੱਸਦੀ ਸੀ। ਉਸ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਗਾਇਨੀਕੋਲੋਜਿਸਟ ਦੇ ਲੈਟਰਪੈਡ ’ਤੇ ਦਵਾਈਆਂ ਅਤੇ ਟੈਸਟ ਲਿਖੇ। 25 ਜੂਨ ਨੂੰ ਜਦੋਂ ਮਧੂ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਮੈਂ ਉਸ ਔਰਤ ਨੂੰ ਫੋਨ ਕੀਤਾ, ਜਿਸ ਨੇ ਖੁਦ ਨੂੰ ਡਾਕਟਰ ਦੱਸਿਆ। ਔਰਤ ਦੇ ਕਹਿਣ ’ਤੇ ਮੈਂ ਮਧੂ ਨੂੰ ਤਰਨਤਾਰਨ ਰੋਡ ਹਸਪਤਾਲ ਲਿਆਇਆ। ਇੱਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜਰੀ ਵਿਭਾਗ ਵਿਚ ਇਕ ਡਾਕਟਰ ਕੰਮ ਕਰਦਾ ਸੀ ਅਤੇ ਇੱਕ ਹੋਰ ਗਾਇਨੀਕੋਲੋਜਿਸਟ। ਡਿਲੀਵਰੀ ਤੋਂ ਬਾਅਦ ਮਧੂ ਨੇ ਜੁਡ਼ਵਾ ਬੇਟੀਆਂ ਨੂੰ ਜਨਮ ਦਿੱਤਾ। ਇਨ੍ਹਾਂ ਵਿਚੋਂ ਇਕ ਬੇਟੀ ਦੀ ਮੌਤ ਹੋ ਗਈ, ਜਦਕਿ ਮਧੂ ਦਾ ਖੂਨ ਵਗਦਾ ਰਿਹਾ।

ਇਸ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਮਧੂ ਦੀ ਤਬੀਅਤ ਵਿਗੜ ਰਹੀ ਹੈ। ਉਸ ਨੂੰ ਇੱਥੋਂ ਕਿਸੇ ਹੋਰ ਹਸਪਤਾਲ ਵਿਚ ਸਿਫਟ ਕਰਨਾ ਪਵੇਗਾ। ਡਾਕਟਰ ਦੇ ਕਹਿਣ ’ਤੇ ਮਧੂ ਨੂੰ ਦੂਜੇ ਹਸਪਤਾਲ ਵਿਚ ਸਿਫਟ ਕਰ ਦਿੱਤਾ ਗਿਆ। ਇੱਥੇ ਆ ਕੇ ਪਤਾ ਲੱਗਾ ਕਿ ਮਧੂ ਦੀ ਬੱਚੇਦਾਨੀ ਕੱਢ ਦਿੱਤੀ ਗਈ ਹੈ। ਇਸ ਹਸਪਤਾਲ ਵਿਚ ਡਾਕਟਰ ਅਤੇ ਡਾਕਟਰ ਗਿਆਨੀ ਵੀ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਮਧੂ ਦੀ ਮੌਤ ਹੋ ਗਈ। ਗੁਰਪ੍ਰੀਤ ਅਨੁਸਾਰ ਜਦੋਂ ਮਧੂ ਦੀ ਮੌਤ ਤੋਂ ਬਾਅਦ ਲਾਸ਼ ਸਾਨੂੰ ਸੌਂਪੀ ਗਈ ਤਾਂ ਉਸ ਦੀ ਛਾਤੀ ਵਿਚ ਕੱਟ ਸਨ।

ਮਧੂ ਦੇ ਪੇਟ ’ਚ ਰਸੋਲੀ ਸੀ, ਡਾਕਟਰ ਨੇ ਨਹੀਂ ਦਿੱਤੀ ਜਾਣਕਾਰੀ
ਗੁਰਪ੍ਰੀਤ ਅਨੁਸਾਰ ਮਧੂ ਦੇ ਪੇਟ ਵਿਚ ਵੀ ਰਸੋਲੀ ਸੀ। ਨਰਸ ਨੇ 7 ਫਰਵਰੀ ਨੂੰ ਅਲਟਰਾਸਾਊਂਡ ਕਰਵਾਇਆ ਸੀ ਤਾਂ ਉਸ ਨੇ ਸਾਨੂੰ ਨਹੀਂ ਦੱਸਿਆ। ਇਕ ਜਾਣਕਾਰ ਡਾਕਟਰ ਨੇ ਰਿਪੋਰਟ ਦੇਖਣ ਤੋਂ ਬਾਅਦ ਸਾਨੂੰ ਇਸ ਬਾਰੇ ਦੱਸਿਆ। ਉਸ ਨੂੰ ਪਤਾ ਲੱਗਾ ਕਿ ਉਸ ਨੇ ਡਾਕਟਰ ਹੋਣ ਦਾ ਬਹਾਨਾ ਲਾ ਕੇ ਸਾਨੂੰ ਗੁੰਮਰਾਹ ਕੀਤਾ ਸੀ। ਮੈਂ ਉਸ ਨੂੰ ਐੱਮ. ਡੀ. ਉਹ ਡਾਕਟਰ ਮੰਨ ਕੇ ਘਰ ਜਾਂਦਾ ਰਿਹਾ।

ਪੁਲਸ ਨੇ ਸਿਵਲ ਸਰਜਨ ਦਫਤਰ ਤੋਂ ਮੰਗੀ ਰਾਏ
ਗੁਰਪ੍ਰੀਤ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸੀ ਡਵੀਜ਼ਨ ਦੀ ਪੁਲਸ ਨੂੰ ਕੀਤੀ। ਹਾਲਾਂਕਿ ਪੁਲਸ ਨੇ ਸਿਵਲ ਸਰਜਨ ਦਫਤਰ ਤੋਂ ਸਲਾਹ ਮੰਗੀ ਹੈ। ਦੂਜੇ ਪਾਸੇ ਸ਼ਿਕਾਇਤ ਮਿਲਣ ਤੋਂ ਬਾਅਦ ਸਹਾਇਕ ਸਿਵਲ ਸਰਜਨ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਸਭ ਕੁਝ ਸਾਹਮਣੇ ਆਵੇਗਾ।

ਕੀ ਸਰਕਾਰ ਦੀਆਂ ਅੱਖਾਂ ’ਚ ਧੂੜ ਪਾਉਣ ਵਾਲੇ ਡਾਕਟਰਾਂ ’ਤੇ ਵਿਜੀਲੈਂਸ ਵਿਭਾਗ ਕਰੇਗਾ ਕਾਰਵਾਈ?
ਅੰਮ੍ਰਿਤਸਰ ਵਿਚ ਸਰਕਾਰੀ ਡਾਕਟਰ ਧਡ਼ੱਲੇ ਨਾਲ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਰਕਾਰ ਦੀਆਂ ਅੱਖਾਂ ਵਿਚ ਧੂਡ਼ ਪਾਉਣ ਵਾਲੇ ਡਾਕਟਰਾਂ ਖਿਲਾਫ ਵਿਜੀਲੈਂਸ ਵਿਭਾਗ ਕਾਰਵਾਈ ਕਰੇਗਾ। ਪਹਿਲਾਂ ਹੀ ਲੋਕਾਂ ਦਾ ਸਰਕਾਰੀ ਸਿਸਟਮ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ, ਦੂਜਾ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਇਹ ਡਾਕਟਰ ਸਰਕਾਰੀ ਸਿਸਟਮ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਲੁਭਾਉਣ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿਚ ਲਿਜਾ ਰਹੇ ਹਨ। ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤਾਂ ਪਤਾ ਚੱਲ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਗੋਰਖਧੰਦੇ ਵਿਚ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਸੈਂਕਡ਼ੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਆਪ੍ਰੇਸਨ ਕਰਕੇ ਆਪਣਾ ਇਲਾਜ ਕਰਵਾ ਚੁੱਕੇ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ਿਆਦਾਤਰ ਡਾਕਟਰ ਸਰਕਾਰੀ ਕੰਮ ਆਪਣੀ ਮਰਜੀ ਨਾਲ ਕਰਦੇ ਹਨ ਅਤੇ ਪ੍ਰਾਈਵੇਟ ਪ੍ਰੈਕਟਿਸ ਵੀ ਇਸ ਤਰ੍ਹਾਂ ਤਨਦੇਹੀ ਨਾਲ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਕਿਸੇ ਦਾ ਡਰ ਨਾ ਹੋਵੇ।


author

rajwinder kaur

Content Editor

Related News