ਦਿੱਲੀ ਕਮੇਟੀ ਵੱਲੋਂ ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਨੂੰ ਪ੍ਰਵਾਨਗੀ

10/22/2019 2:27:20 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਗੁਰੂ ਹਰਿਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ਦੀ ਕਾਰਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਨੂੰ ਪ੍ਰਵਾਨਗੀ ਦੇ ਦਿੱਤੀ। ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ 'ਚ ਹੋਈ ਜਨਰਲ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਚਲਾਈ। ਜਨਰਲ ਹਾਊਸ 'ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਫੌਰੈਂਸਿੰਗ ਆਡਿਟ ਰਿਪੋਰਟ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ ਅਤੇ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਅਗਲੇ ਜਨਰਲ ਇਜਲਾਸ ਦੌਰਾਨ ਇਸ ਆਡਿਟ ਦੀ ਰਿਪੋਰਟ ਪੇਸ਼ ਕੀਤੀ ਜਾਵੇ।

ਜਨਰਲ ਹਾਊਸ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਮੁੱਦਾ ਉਠਾਇਆ ਕਿ ਸਮੁੱਚੀ ਸੰਗਤ 'ਚ ਗੋਲਕ ਚੋਰੀ ਮਾਮਲੇ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬਾਕੀ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਮਤਾ ਪਾਸ ਕਰਦਿਆਂ ਹਦਾਇਤ ਕੀਤੀ ਕਿ ਆਡਿਟ ਦੀ ਪੂਰੀ ਰਿਪੋਰਟ ਤੇ ਦੋਸ਼ੀਆਂ ਦੇ ਨਾਂ ਵੀ ਜਨਰਲ ਹਾਊਸ ਵਿਚ ਪੇਸ਼ ਕੀਤੇ ਜਾਣ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਆਡਿਟ ਰਿਪੋਰਟ ਅਤੇ ਦੋਸ਼ੀਆਂ ਦੇ ਨਾਵਾਂ 'ਤੇ ਉਨ੍ਹਾਂ ਵੱਲੋਂ ਕੀਤੇ ਗੁਨਾਹਾਂ 'ਤੇ ਪੂਰੀ ਵਿਸਥਾਰ 'ਚ ਚਰਚਾ ਜਨਰਲ ਹਾਊਸ ਵਿਚ ਕਰਨ ਉਪਰੰਤ ਅਜਿਹੇ ਦੋਸ਼ੀ ਮੈਂਬਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਜਾਵੇ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੁਝਾਅ ਦਿੱਤਾ ਕਿ ਜਿਵੇਂ ਇਹ ਦੋ ਸਾਲ ਦੀ ਆਡਿਟ ਕਰਵਾਈ ਗਈ ਹੈ। ਇਸੇ ਤਰਜ਼ 'ਤੇ ਜਨਰਲ ਹਾਊਸ ਵਿਚ ਵਿਰੋਧੀ ਤੇ ਸੱਤਾ ਦੋਵੇਂ ਧਿਰਾਂ ਦੇ ਮੈਂਬਰਾਂ ਦੀ ਕਮੇਟੀ ਕਾਇਮ ਕੀਤੀ ਜਾਵੇ ਜੋ ਪਿਛਲੇ 10 ਸਾਲਾਂ ਦੇ ਕੰਮਾਂ ਦੀ ਆਡਿਟ ਕਰਵਾਉਣ ਲਈ ਆਡਿਟਰ ਬਾਰੇ ਫੈਸਲਾ ਲਵੇ।

ਜੇਕਰ ਅੰਤ੍ਰਿੰਗ ਬੋਰਡ ਦੀਆਂ ਦੁਬਾਰਾ ਚੋਣਾਂ ਹੋਣ ਤਾਂ ਸਿਰਸਾ ਪ੍ਰਧਾਨ ਨਹੀਂ ਬਣ ਸਕਦੇ : ਜੀ. ਕੇ.
'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਕਾਰਵਾਈ ਬਾਰੇ ਕਿਹਾ ਕਿ ਸਿਰਸਾ ਨੇ ਮੈਂਬਰਾਂ ਨੂੰ ਇਹ ਨਹੀਂ ਦੱਸਿਆ ਕਿ 550 ਬੈੱਡ ਵਾਲੇ ਬਾਲਾ ਜੀ ਹਸਪਤਾਲ ਉੱਤੇ ਅਨੁਮਾਨਿਤ ਖਰਚਾ ਕਿੰਨਾ ਹੈ, ਨਕਸ਼ਾ ਕਿੱਥੇ ਹੈ, ਕਿਸ ਸਰਕਾਰੀ ਵਿਭਾਗ ਤੋਂ ਮਨਜ਼ੂਰੀ ਕਿਵੇਂ ਅਤੇ ਕਦੋਂ ਮਿਲੇਂਗੀ, ਫੰਡ ਕਿਵੇਂ ਅਤੇ ਕਿੱਥੋ ਆਵੇਗਾ, ਸਮਾਂ ਸੀਮਾ ਕੀ ਹੋਵੇਗੀ, ਕੀ ਸੁਵਿਧਾਵਾਂ ਹੋਣਗੀਆਂ, ਪ੍ਰਬੰਧ ਕੌਣ ਸੰਭਾਲੇਗਾ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਕਮੇਟੀ ਵਲੋਂ ਉਪਲੱਬਧ ਕਰਵਾਏ ਜਾਣ ਵਾਲੇ ਕਰੋੜਾਂ ਰੁਪਈਆ ਦੇ ਫੰਡ ਨੂੰ ਕਮੇਟੀ ਕਿਵੇਂ ਜੁਟਾਏਗੀ ?

ਜੀ. ਕੇ. ਨੇ ਕਿਹਾ ਕਿ 500 ਕਰੋੜ ਰੁਪਏ ਹਸਪਤਾਲ ਦੀ ਉਸਾਰੀ ਲਈ ਜ਼ਰੂਰੀ ਹਨ ਪਰ ਕੇਵਲ ਕੁੱਝ ਕੁ ਕਰੋੜਾਂ ਦਾ ਸੋਨਾ ਦੇ ਕੇ ਸਿਰਸਾ ਕਾਰਸੇਵਾ ਵਾਲੇ ਬਾਬਾ ਜੀ ਤੋਂ ਹਸਪਤਾਲ ਬਣਵਾਉਣਾ ਚਾਹੁੰਦੇ ਹਨ। ਬਾਕੀ ਰਕਮ ਕਿੱਥੋਂ ਕਦੋਂ ਅਤੇ ਕਿਵੇਂ ਆਵੇਗੀ। ਜੀ. ਕੇ. ਨੇ ਇਹ ਵੀ ਕਿਹਾ ਕਿ ਜੇਕਰ ਅੱਜ ਅੰਤ੍ਰਿੰਗ ਬੋਰਡ ਦੀਆਂ ਦੁਬਾਰਾ ਚੋਣਾਂ ਹੋਣ ਤਾਂ ਸਿਰਸਾ ਪ੍ਰਧਾਨ ਨਹੀਂ ਬਣ ਸਕਦੇ।
 


Anuradha

Content Editor

Related News