ਸਿਰਸਾ ਮੈਨੂੰ ਕੌਮ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ : ਜੀ. ਕੇ.

08/01/2019 1:37:08 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ ਸਿੱਖ ਮਸਲਿਆਂ 'ਤੇ ਲਗਾਤਾਰ ਕੌਮ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਘਾਲਿਆ, ਸਿੱਕਮ ਤੋਂ ਲੈ ਕੇ ਦਿੱਲੀ ਤੱਕ ਕਾਨੂੰਨੀ ਮੋਰਚਿਆਂ 'ਤੇ ਕਮੇਟੀ ਦੀਆਂ ਗ਼ਲਤੀਆਂ ਕਾਰਨ ਅੱਜ ਕੌਮ ਆਪਣੇ-ਆਪ ਨੂੰ ਅਗਵਾਈ ਹੀਣ ਮਹਿਸੂਸ ਕਰ ਰਹੀ ਹੈ। 1984 ਦੀ ਲੜਾਈ 'ਚ ਵੀ 49 ਦੋਸ਼ੀ ਜੇਲ ਤੋਂ ਬਾਹਰ ਆਉਣ 'ਚ ਕਾਮਯਾਬ ਹੋ ਗਏ ਹਨ। ਇਸ ਲਈ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਇਹ ਮੰਗ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤੀ। ਜੀ. ਕੇ. ਨੇ ਦਾਅਵਾ ਕੀਤਾ ਕਿ ਕਮੇਟੀ ਦਾ ਦਫਤਰ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਹੁਣ ਸਾਜ਼ਿਸ਼ਾਂ ਦਾ ਅੱਡਾ ਬਣ ਗਿਆ ਹੈ। ਕਮੇਟੀ ਇਸ ਸਮੇਂ ਕੌਮ ਲਈ ਕੰਮ ਕਰਨ ਦੀ ਜਗ੍ਹਾ ਵਿਰੋਧੀਆਂ ਨੂੰ ਝੂਠੇ ਦੋਸ਼ਾਂ 'ਚ ਫਸਾਉਣ ਲਈ ਆਪਣੀ ਸਾਰੀ ਤਾਕਤ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਮੈਨੂੰ ਸਪੀਡ ਪੋਸਟ ਰਾਹੀਂ ਪੱਤਰ ਭੇਜਿਆ ਗਿਆ ਹੈ, ਜਿਸ 'ਚ ਮੇਰੇ ਵਲੋਂ 26 ਜੁਲਾਈ ਨੂੰ ਥਾਣਾ ਨਾਰਥ ਐਵੇਨਿਊ ਵਿਚ ਕਮਲਨਾਥ ਖ਼ਿਲਾਫ਼ ਗੁਰਬਾਣੀ ਬੇਅਦਬੀ ਮਾਮਲੇ ਵਿਚ ਦਿੱਲੀ ਕਮੇਟੀ ਦੇ ਲੈਟਰਹੈੱਡ 'ਤੇ ਦਿੱਤੀ ਗਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਮੇਟੀ ਦਾ ਲੈਟਰਹੈੱਡ ਇਸਤੇਮਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜੀ. ਕੇ. ਨੇ ਦਾਅਵਾ ਕੀਤਾ ਕਿ ਮੈਨੂੰ ਫਸਾਉਣ ਲਈ ਸਟਾਫ਼ ਨੂੰ ਝੂਠੇ ਸਬੂਤ ਪੈਦਾ ਕਰਨ ਨੂੰ ਕਿਹਾ ਜਾ ਰਿਹਾ ਹੈ। ਗੱਲ ਨਾ ਮੰਨਣ 'ਤੇ ਟਰਾਂਸਫ਼ਰ ਕਰਨ ਅਤੇ ਸਟਾਫ਼ ਕੁਆਰਟਰ ਖ਼ਾਲੀ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼ਿਲਾਂਗ ਦੇ ਸਿੱਖਾਂ 'ਤੇ ਇਕ ਵਾਰ ਫਿਰ ਉਜਾੜੇ ਦੀ ਤਲਵਾਰ ਕਮੇਟੀ ਦੀ ਲਾਪਰਵਾਹੀ ਦੇ ਕਾਰਣ ਲਟਕ ਗਈ ਹੈ, ਕਿਉਂਕਿ 29 ਜੁਲਾਈ ਨੂੰ ਸ਼ਿਲਾਂਗ ਨਗਰ ਬੋਰਡ ਨੇ ਸਰਵੇਖਣ ਕਰਨ ਦਾ ਨੋਟਿਸ ਚਸਪਾ ਕਰ ਦਿੱਤਾ ਹੈ। ਇਹ ਹਾਲਤ ਦਿੱਲੀ ਕਮੇਟੀ ਵੱਲੋਂ ਮੇਘਾਲਿਆ ਸਰਕਾਰ ਖ਼ਿਲਾਫ਼ ਪਾਈ ਗਈ ਪਟੀਸ਼ਨ ਦੇ ਖਾਰਜ ਹੋਣ ਸਮੇਂ ਕੋਰਟ ਵੱਲੋਂ 28 ਜੂਨ 2019 ਨੂੰ ਕੀਤੀਆਂ ਗਈਆਂ ਟਿੱਪਣੀਆਂ ਦੇ ਕਾਰਣ ਪੈਦਾ ਹੋਈ ਹੈ, ਜਦੋਂਕਿ ਇਸ ਤੋਂ ਪਹਿਲਾਂ ਮੇਰੇ ਪ੍ਰਧਾਨ ਰਹਿੰਦੇ ਕਮੇਟੀ ਦੇ ਵਕੀਲਾਂ ਨੇ ਸਿੱਖਾਂ ਦੇ ਹੱਕ 'ਚ ਫ਼ੈਸਲਾ ਕਰਵਾ ਦਿੱਤਾ ਸੀ। ਨਾਲ ਹੀ ਮੇਰੇ ਸਮੇਂ ਦੌਰਾਨ ਸ਼ਿਲਾਂਗ ਖ਼ਾਲਸਾ ਸਕੂਲ ਨੂੰ ਹਟਾਉਣ ਉੱਤੇ ਵੀ ਅਸੀਂ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵੱਲੋਂ ਵੀ ਰੋਕ ਲਵਾਈ ਸੀ। ਜੀ. ਕੇ. ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਕਮੇਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ 21 ਸਿੱਖ ਨੌਜਵਾਨਾਂ ਦੇ ਕਥਿਤ ਫ਼ਰਜ਼ੀ ਮੁਕਾਬਲਾ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਕਿਉਂਕਿ ਕਮੇਟੀ ਨੇ ਜਲਦਬਾਜ਼ੀ ਵਿਚ ਦਾਖਲ ਕੀਤੀ ਪਟੀਸ਼ਨ ਵਿਚ ਠੀਕ ਤੱਥਾਂ ਨੂੰ ਸਾਹਮਣੇ ਨਹੀਂ ਰੱਖਿਆ ਸੀ। ਹੁਣ ਪਟੀਸ਼ਨ ਖਾਰਿਜ ਹੋਣ ਨਾਲ ਪੰਜਾਬ ਵਿਚ ਫ਼ਰਜ਼ੀ ਮੁਕਾਬਲੇ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਖਾਲੜਾ ਕਹਾਣੀ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ।

ਉਨ੍ਹਾਂ ਪੁੱਛਿਆ ਕਿ ਅਜਿਹਾ ਕੀ ਹੋ ਗਿਆ ਕਿ 3-4 ਮਹੀਨਿਆਂ ਦੇ ਅੰਦਰ ਹੀ ਅਸੀਂ ਸਾਰੇ ਪਾਸਿਓਂ ਕਾਨੂੰਨੀ ਲੜਾਈ ਨੂੰ ਹਾਰਨ ਦੀ ਦਿਸ਼ਾ 'ਚ ਅੱਗੇ ਵਧ ਗਏ ਹਾਂ? ਹੁਣ ਤਾਂ ਇਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਮੇਟੀ ਕਾਰਜ ਕਰ ਰਹੀ ਹੈ, ਉਸ ਕਰ ਕੇ ਜੇਕਰ ਸੱਜਣ ਕੁਮਾਰ ਵੀ ਜੇਲ ਤੋਂ ਬਾਹਰ ਆ ਜਾਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ।


Anuradha

Content Editor

Related News