ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਖਿਲਾਫ ਗਲਤ ਵੀਡੀਓ ਵਾਇਰਲ ਕਰਨ ਵਾਲਾ ਗ੍ਰਿਫਤਾਰ

Friday, May 03, 2019 - 11:15 PM (IST)

ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਖਿਲਾਫ ਗਲਤ ਵੀਡੀਓ ਵਾਇਰਲ ਕਰਨ ਵਾਲਾ ਗ੍ਰਿਫਤਾਰ

ਰੂਪਨਗਰ,(ਸੱਜਨ ਸੈਣੀ): ਲੋਕ ਸਭਾ ਹਲਕਾ ਸ੍ਰੀ ਅਨੰਦ ਪੁਰ ਸਾਹਿਬ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦਾ ਅਕਸ਼ ਖਰਾਬ ਕਰਨ ਲਈ ਉਨ੍ਹਾਂ ਦੇ ਪਿਤਾ ਖਿਲਾਫ ਗਲਤ ਦੋਸ਼ਾਂ ਦੀ ਝੂਠੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ 'ਚ ਥਾਣਾ ਰੂਪਨਗਰ ਸਿਟੀ ਪੁਲਸ ਵਲੋਂ ਸੀ.ਆਈ. ਏ -2 ਦੀ ਸਹਾਇਤਾ ਨਾਲ ਨਰੇਸ਼ ਕੁਮਾਰ ਪੁੱਤਰ ਹਰਬੰਸ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀ. ਆਈ. ਏ -2 ਦੇ ਇਚਾਰਜ ਅਮਰਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਦਿਨ ਪਹਿਲਾਂ ਮਨੀਸ਼ ਤਿਵਾੜੀ ਵਲੋਂ ਚੋਣ ਕਮਿਸ਼ਨ ਨੂੰ ਲਿਖਤੀ ਸਿਕਾਇਤੀ ਦਿੱਤੀ ਗਈ ਸੀ ਕਿ ਕਿਸੇ ਵਿਆਕਤੀ ਵੱਲੋਂ ਉਨ੍ਹਾਂ ਦਾ ਅਕਸ਼ ਖਰਾਬ ਕਰਨ ਲਈ ਉਸ ਦੇ ਪਿਤਾ ਖਿਲਾਫ ਗਲਤ ਪ੍ਰਚਾਰ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਧੱਕਾ ਲੱਗਾ ਅਤੇ ਇਸ ਨਾਲ ਉਨ੍ਹਾਂ ਦੇ ਵੋਟ ਬੈਂਕ ਦਾ ਵੀ ਨੁਕਸਾਨ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਅਦ ਥਾਣਾ ਸਿਟੀ ਰੂਪਨਗਰ 'ਚ 02 ਮਈ ਨੂੰ ਥਾਣਾ ਸਿਟੀ ਰੂਪਨਗਰ ਪੁਲਸ ਵੱਲੋਂ ਮਨੀਸ਼ ਤਿਵਾੜੀ ਦੇ ਦਫਤਰ ਇੰਚਾਰਜ ਪਵਨ ਕੁਮਾਰ ਦਿਵਾਨ ਦੀ ਸ਼ਿਕਾਇਤ 'ਤੇ ਧਾਰਾ 295ਏ, 500 ਆਈ.ਪੀ.ਸੀ. ਦੇ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਜਾਂਚ ਦੌਰਾਨ ਪੁਲਸ ਸੀ. ਆਈ. ਏ. ਸਟਾਫ ਵਲੋਂ ਨਰੇਸ਼ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਹਾਊਸ ਨੰ. 43 ਬੀ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਸ ਸਾਜਿਸ਼ ਦੇ ਪਿੱਛੇ ਹੋਰ ਕੌਣ- ਕੌਣ ਸ਼ਾਮਲ ਹੈ।


Related News