ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਪਾਰੀਆਂ ਨਾਲ ਕੀਤੀ ਗੱਲਬਾਤ (ਵੀਡੀਓ)
Tuesday, Nov 23, 2021 - 03:04 PM (IST)
ਹੁਸ਼ਿਆਰਪੁਰ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਪਹੁੰਚੇ ਹੋਏ ਹਨ। ਉਨ੍ਹਾ ਨੇ ਹੁਸ਼ਿਆਰਪੁਰ ’ਚ ਵਪਾਰੀ ਭਰਾਵਾਂ ਨਾਲ ਗੱਲਬਾਤ ਕੀਤੀ। ਵਪਾਰੀਆਂ ਨਾਲ ਗੱਲ ਕਰਦੇ ਹੋਏ ਸਿਸੋਦੀਆ ਨੇ ਕਿਹਾ,‘‘ਆਪ ਸਰਕਾਰ ਦੇ ਆਉਣ ਤੋਂ ਪਹਿਲਾਂ ਦਿੱਲੀ ’ਚ 7-8 ਘੰਟੇ ਬਿਜਲੀ ਬੰਦ ਰਹਿੰਦੀ ਸੀ ਪਰ ਅੱਜ ਉੱਥੇ 24 ਘੰਟੇ ਬਿਜਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ’ਚ ਸਰਕਾਰੀ ਸਕੂਲ ਠੀਕ ਹੋ ਸਕਦੇ ਹਨ ਤਾਂ ਪੰਜਾਬ ਵਿਚ ਵੀ ਠੀਕ ਹੋ ਸਕਦੇ ਹਨ। ਸਾਲ 2015 ’ਚ ਜਦੋਂ ਮੈਂ ਵਿੱਤ ਮੰਤਰੀ ਬਣਿਆ ਤਾਂ ਅਰਵਿੰਦ ਕੇਜਰੀਵਾਲ ਅਤੇ ਸਾਡੇ ਸਾਹਮਣੇ ਵੱਡੀ ਚੁਣੌਤੀ ਬਜਟ ਹੀ ਸੀ। ਦਿੱਲੀ ਦਾ ਬਜਟ 29 ਹਜ਼ਾਰ 600 ਕਰੋੜ ਸੀ। ਅੱਜ ਉਸੇ ਦਿੱਲੀ ਦਾ ਬਜਟ 5 ਸਾਲਾਂ ਦੌਰਾਨ 60 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਅਜਿਹਾ ਵਪਾਰੀਆਂ ਨਾਲ ਗੱਲਬਾਤ ਕਰ ਕੇ ਸੰਭਵ ਹੋਇਆ।
ਸਿਸੋਦੀਆ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਦਾ ਹੱਲ ਰਾਜਨੀਤਕ ਇੱਛਾਸ਼ਕਤੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵਪਾਰੀ ਉੱਚ ਟੈਕਸਾਂ ਤੋਂ ਇਲਾਵਾ ਛਾਪੇ ਅਤੇ ਚਾਲਾਨ ਤੋਂ ਡਰਦੇ ਸਨ ਪਰ ਆਪ ਦੀ ਰਾਜਨੀਤਕ ਇੱਛਾ ਸ਼ਕਤੀ ਕਾਰਨ ਟੈਕਸ 12 ਫੀਸਦੀ ਤੋਂ ਘਟਾ ਕੇ 5 ਕਰ ਦਿੱਤਾ ਗਿਆ ਹੈ ਅਤੇ ਹੈਰਾਨੀਜਨਕ ਹੈ ਕਿ ਸਰਕਾਰ ਨੂੰ ਪਿਛਲੇ ਸਾਲ ਦੀ ਤੁਲਨਾ ’ਚ ਇਕ ਫੀਸਦੀ ਵੱਧ ਟੈਕਸ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਪਾਰਕ ਭਾਈਚਾਰੇ ਨਾਲ ਚੰਗੇ ਸੰਬੰਧ ਬਣਾ ਕੇ ਰੱਖਣੇ ਚਾਹੀਦੇ ਹਨ, ਕਿਉਂਕਿ ਜੇਕਰ ਵਪਾਰ ਵਧਦਾ-ਫੁਲਦਾ ਹੈ ਤਾਂ ਰਾਜ ਅਤੇ ਦੇਸ਼ ਖ਼ੁਸ਼ਹਾਲ ਹੁੰਦਾ ਹੈ। ਸਿਸੋਦੀਆ ਨੇ ਕਿਹਾ ਕਿ ਅਸੀਂ ਉੱਦਮੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਲੀ ’ਚ ਇਕ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਦੇ ਹੀ ਰੁਜ਼ਗਾਰ ਮਿਲ ਸਕੇ।