ਨੀਲੇ ਕਾਰਡਾਂ ਦੀ ਸ਼ਨਾਖਤ ਲਈ ਲਾਈਆਂ ਡਿਊਟੀਆਂ ''ਚ ਹੇਰਾਫੇਰੀ

Monday, Aug 14, 2017 - 04:11 AM (IST)

ਨੀਲੇ ਕਾਰਡਾਂ ਦੀ ਸ਼ਨਾਖਤ ਲਈ ਲਾਈਆਂ ਡਿਊਟੀਆਂ ''ਚ ਹੇਰਾਫੇਰੀ

ਅੰਮ੍ਰਿਤਸਰ,   (ਦਲਜੀਤ ਸ਼ਰਮਾ)-  ਜ਼ਿਲਾ ਪ੍ਰਸ਼ਾਸਨ ਵੱਲੋਂ ਨੀਲੇ ਕਾਰਡਧਾਰਕਾਂ ਦੀ ਸ਼ਨਾਖਤ ਲਈ ਲਾਈਆਂ ਗਈਆਂ ਡਿਊਟੀਆਂ 'ਚ ਹੇਰਾਫੇਰੀ ਹੋ ਰਹੀ ਹੈ। ਕਈ ਵਿਭਾਗਾਂ ਦੇ ਅਧਿਕਾਰੀ ਆਪਣੀਆਂ ਡਿਊਟੀਆਂ ਕਟਵਾ ਕੇ ਆਪਣੇ ਹੇਠਲੇ ਕਰਮਚਾਰੀਆਂ ਦੀਆਂ ਧੜੱਲੇ ਨਾਲ ਡਿਊਟੀਆਂ ਲਵਾ ਰਹੇ ਹਨ। ਪ੍ਰਸ਼ਾਸਨ ਇਸ ਸਬੰਧੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਦਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਉਕਤ ਮਾਮਲੇ ਸਬੰਧੀ ਸੰਘਰਸ਼ ਕਰਨ ਦੀ ਰੂਪਰੇਖਾ ਉਲੀਕੀ ਗਈ ਹੈ। ਅੱਜ ਜਥੇਬੰਦੀ ਦੀ ਹੰਗਾਮੀ ਮੀਟਿੰਗ ਅੰਮ੍ਰਿਤਸਰ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਬਾਜਵਾ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਮਕੈਨੀਕਲ ਜਲ ਨਿਕਾਸ ਮੰਡਲ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨੀਲੇ ਕਾਰਡਧਾਰਕਾਂ ਦੀ ਸ਼ਨਾਖਤ ਲਈ ਜੋ ਡਿਊਟੀਆਂ ਜੇ. ਈਜ਼ ਅਤੇ ਦਫਤਰੀ ਸਟਾਫ ਦੀਆਂ ਲਾਈਆਂ ਗਈਆਂ ਹਨ, ਉਹ ਆਪਣੀਆਂ ਡਿਊਟੀਆਂ ਗਲਤ ਢੰਗ ਨਾਲ ਕਟਵਾ ਕੇ ਹੇਠਲੇ ਘੱਟ ਪੜ੍ਹੇ-ਲਿਖੇ ਅਤੇ ਗੈਰ-ਤਜਰਬੇਕਾਰ ਕਰਮਚਾਰੀਆਂ ਤੋਂ ਕਰਵਾਉਣ ਲਈ ਮਜਬੂਰ ਕਰ ਰਹੇ ਹਨ। ਇਹ ਘੱਟ-ਪੜ੍ਹੇ ਲਿਖੇ ਕਰਮਚਾਰੀ ਡਰੇਨਾਂ ਦੀ ਸਫਾਈ ਲਈ ਦੂਰ-ਦੁਰਾਡੇ ਡਿਊਟੀਆਂ ਕਰ ਰਹੇ ਹਨ।
ਬਾਜਵਾ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਜੋ ਡਿਊਟੀਆਂ ਲਾਈਆਂ ਗਈਆਂ ਹਨ, ਉਨ੍ਹਾਂ ਨੂੰ ਡੀ. ਸੀ. ਦਫਤਰ ਵੱਲੋਂ ਪ੍ਰਾਪਤ ਨਹੀਂ ਹੋਈਆਂ ਤੇ ਨਾ ਹੀ ਡਿਊਟੀ ਲਾਉਂਦੇ ਸਮੇਂ ਉਨ੍ਹਾਂ ਦੀ ਯੋਗਤਾ ਦਾ ਖਿਆਲ ਰੱਖਿਆ ਗਿਆ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਇਸ ਗੱਲ ਦੀ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਜਿਨ੍ਹਾਂ ਜੇ. ਈਜ਼ ਅਤੇ ਦਫਤਰੀ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਉਨ੍ਹਾਂ ਨੂੰ ਹੀ ਡਿਊਟੀਆਂ ਨਿਭਾਉਣ ਲਈ ਕਿਹਾ ਜਾਵੇ, ਜੇਕਰ ਡਿਊਟੀਆਂ ਥੱਲੇ ਵਾਲੇ ਅਤੇ ਦੂਰ-ਦੁਰੇਡੇ ਵਾਲੇ ਕਰਮਚਾਰੀਆਂ 'ਤੇ ਥੋਪੀਆਂ ਗਈਆਂ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਇਸ ਮੌਕੇ ਗੁਰਦੀਪ ਸਿੰਘ ਬਾਜਵਾ, ਨਰਿੰਦਰ ਸਿੰਘ, ਮੰਗਲ ਟਾਂਡਾ, ਕਰਮਜੀਤ ਕੇ. ਪੀ., ਅਵਤਾਰ ਸਿੰਘ ਗੁਰਾਇਆ, ਜਤਿੰਦਰ ਸਿੰਘ, ਇੰਦਰਜੀਤ ਰਿਸ਼ੀ, ਰਵਿੰਦਰ ਸਿੰਘ ਰੰਧਾਵਾ, ਪ੍ਰੇਮ ਚੰਦ, ਸਤਨਾਮ ਜੱਸੜ, ਪਰਮਜੀਤ ਸੈਦੋਲੇਹਲ, ਸਵਿੰਦਰ ਭੱਟੀ, ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਅਵਤਾਰਜੀਤ ਸਿੰਘ, ਕਮਲ ਕਨੌਜੀਆ, ਸੁੱਚਾ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਨਵਜੋਤ ਰਤਨ, ਚਰਨਜੀਤ, ਲਖਵਿੰਦਰ ਨਾਗ ਤੇ ਨਿਰਮਲ ਸਿੰਘ ਭੋਮਾ ਨੇ ਸੰਬੋਧਨ ਕੀਤਾ।


Related News