ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
Monday, Dec 09, 2024 - 06:02 AM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਰੂਸ-ਯੂਕ੍ਰੇਨ ਦੀ ਜੰਗ 'ਚੋਂ 8 ਮਹੀਨਿਆਂ ਬਾਅਦ ਵਾਪਸ ਪਰਤੇ ਨੌਜਵਾਨ ਰਾਕੇਸ਼ ਯਾਦਵ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਯੂਕ੍ਰੇਨ ਵੱਲੋਂ ਡਰੋਨ ਨਾਲ ਕੀਤੇ ਹਮਲੇ ਦੌਰਾਨ ਹੋਈ ਉਸ ਦੇ ਇੱਕ ਸਾਥੀ ਦੀ ਮੌਤ ਹੋ ਗਈ ਤੇ ਉਸ ਦੀ ਜਾਨ ਸਿਰਫ਼ ਇਸ ਕਾਰਨ ਬਚ ਗਈ ਕਿਉਂਕਿ ਉਸ ਨੇ ਡਰੋਨ ਨੂੰ ਦੇਖਦਿਆਂ ਹੀ ਉੱਥੇ ਬਣੇ ਇਕ ਬੰਕਰ 'ਚ ਛਾਲ ਮਾਰ ਦਿੱਤੀ।
ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੇ ਦੱਸਿਆ ਕਿ ਉੱਥੇ ਉਸ ਦੇ ਇੱਕ ਸਾਥੀ ਦੀ ਮੌਤ ਗ੍ਰਨੇਡ ਫਟਣ ਕਾਰਨ 17 ਜੂਨ 2024 ਨੂੰ ਹੋ ਗਈ ਸੀ। ਉਸ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਸੀ ਕਿ ਰੂਸੀ ਫੌਜ 'ਚ ਮਾਰੇ ਗਏ ਉਸ ਦੇ ਸਾਥੀ ਦੀ ਮੌਤ ਦੀ ਖ਼ਬਰ ਕਰੀਬ 6 ਮਹੀਨਿਆਂ ਬਾਅਦ ਰਸ਼ੀਅਨ ਆਥਰਟੀ ਵੱਲੋਂ ਕੁੱਝ ਦਿਨ ਪਹਿਲਾਂ ਹੀ ਉਸ ਦੇ ਪਰਿਵਾਰ ਨੂੰ ਦਿੱਤੀ ਗਈ।
ਨਿਰਮਲ ਕੁਟੀਆ ਵਿਖੇ ਰੂਸ ਤੋਂ ਵਾਪਸ ਆਏ ਨਰੇਸ਼ ਯਾਦਵ ਅਤੇ ਪੰਜ ਹੋਰ ਪਰਿਵਾਰ ਵੀ ਪਹੁੰਚੇ, ਜਿਨ੍ਹਾਂ ਦੇ ਬੱਚੇ ਅਜੇ ਵੀ ਉਥੇ ਫਸੇ ਹੋਏ ਹਨ ਤੇ ਉਨ੍ਹਾਂ ਦਾ ਅਜੇ ਤੱਕ ਵੀ ਕੋਈ ਪਤਾ ਨਹੀ ਲੱਗ ਸਕਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੱਕ ਪਹੁੰਚਉਣਗੇ ਅਤੇ ਇਸ ਮਾਮਲੇ ਨੂੰ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ 'ਚ ਵੀ ਉਠਾਉਣ ਦਾ ਯਤਨ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਰੂਸ ਤੋਂ ਵਾਪਸ ਆਏ ਰਾਕੇਸ਼ ਯਾਦਵ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਨਾਲ 5 ਹੋਰ ਸਾਥੀਆਂ ਨੂੰ 8 ਮਹੀਨੇ ਪਹਿਲਾਂ ਏਜੰਟ ਨੇ ਹੋਮ ਗਾਰਡ ਦੀ ਨੌਕਰੀ ਦਾ ਕਹਿ ਉੱਥੇ ਭੇਜਿਆ ਸੀ। ਪਰ ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਜ਼ਬਰਨ ਰਸ਼ੀਅਨ ਆਰਮੀ 'ਚ ਭਰਤੀ ਕਰਵਾ ਦਿੱਤਾ ਗਿਆ ਤੇ ਉਨ੍ਹਾਂ ਕੋਲੋਂ ਰਸ਼ੀਅਨ ਭਾਸ਼ਾ 'ਚ ਬਣੇ ਕਿਸੇ ਦਸਤਾਵੇਜ਼ 'ਤੇ ਦਸਤਖ਼ਤ ਕਰਵਾ ਲਏ ਗਏ। ਵਾਰ ਵਾਰ ਨਾਂਹ ਕਰਨ 'ਤੇ ਉਸ ਨਾਲ ਉੱਥੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਉਸ ਨੇ ਦੱਸਿਆ ਕਿ 15 ਦਿਨਾਂ ਦੀ ਹਥਿਆਰਾਂ ਦੀ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਮੈਦਾਨ 'ਚ ਝੋਕ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜੰਗ ਦੌਰਾਨ ਉੱਥੇ ਹਾਲਾਤ ਬਹੁਤ ਖ਼ਰਾਬ ਸੀ। ਉੱਥੇ ਜੰਗ ਦੇ ਮੈਦਾਨ 'ਚ ਗੋਲੀਬਾਰੀਆਂ ਤੇ ਬੰਬ ਧਮਾਕਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉੱਥੇ ਬੰਬ ਧਮਾਕੇ ਦੌਰਾਨ ਉਸ ਦੀ ਬਾਂਹ ਵੀ ਜ਼ਖਮੀ ਹੋ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਧਿਕਾਰੀਆਂ ਦੇ ਤਬਾਦਲੇ 'ਤੇ ਲੱਗੀ ਰੋਕ
ਰਾਕੇਸ਼ ਯਾਦਵ ਨਾਲ ਪੰਜਾਬ, ਪੁਣੇ, ਕਸ਼ਮੀਰ ਅਤੇ ਯੂ.ਪੀ. ਦੇ ਰਹਿਣ ਵਾਲੇ 5 ਹੋਰ ਵੀ ਪਰਿਵਾਰ ਆਏ ਸਨ। ਨਿਰਮਲ ਕੁਟੀਆ ਪਹੁੰਚੇ ਇਨ੍ਹਾਂ ਪਰਿਵਾਰਾਂ ਨੇ ਸੰਤ ਸੀਚੇਵਾਲ ਨੂੰ ਮੰਗ ਪੱਤਰ ਸੌਂਪਦਿਆ ਰੂਸੀ ਫੌਜ 'ਚ ਫਸੇ ਆਪਣੇ ਬੱਚਿਆਂ ਦੀ ਵਾਪਸੀ ' ਮਦਦ ਦੀ ਗੁਹਾਰ ਲਗਾਈ। ਪੰਜਾਬ ਤੋਂ ਰਸ਼ੀਅਨ ਆਰਮੀ 'ਚ ਫਸੇ ਅਪਾਹਜ਼ ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ 3 ਮਾਰਚ ਤੋਂ ਬਾਅਦ ਉਨ੍ਹਾਂ ਦੀ ਮਨਦੀਪ ਨਾਲ ਕੋਈ ਵੀ ਗੱਲਬਾਤ ਨਹੀ ਹੋਈ ਹੈ। ਇਸੇ ਤਰ੍ਹਾਂ ਨਾਲ ਉਸ ਦੇ ਨਾਲ ਆਏ ਯੂ.ਪੀ. ਦੇ ਰਹਿਣ ਵਾਲੇ ਕਨ੍ਹੱਈਆ ਕੁਮਾਰ ਅਤੇ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗ੍ਰੇਨਡ ਫੱਟਣ ਨਾਲ ਕਨ੍ਹੱਈਆ ਅਤੇ ਦੀਪਕ ਦੇ ਜੰਗ ਦੇ ਮੈਦਾਨ 'ਚ ਸੱਟ ਲੱਗ ਗਈ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੂਨ ਮਹੀਨੇ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲਬਾਤ ਨਹੀ ਹੋਈ। ਪੀੜਤ ਪਰਿਵਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਇੱਥੇ ਉਨ੍ਹਾਂ ਦੇ ਪਰਿਵਾਰ ਬਹੁਤ ਦੁੱਖ ਝੱਲ ਰਹੇ ਹਨ। ਆਏ ਹੋਏ ਪਰਿਵਾਰਾਂ ਨਾਲ ਪਹਿਲਾਂ ਵੀ ਸੰਤ ਸੀਚੇਵਾਲ ਮੁਲਾਕਾਤ ਕਰ ਚੁੱਕੇ ਹਨ। ਪਰਿਵਾਰਾਂ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਇਸ ਮੁੱਦੇ ਨੂੰ ਵਿਦੇਸ਼ ਮੰਤਰੀ ਤੱਕ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਮਦਦ ਨਾਲ ਕੁਝ ਲੋਕਾਂ ਦੀ ਵਾਪਸੀ ਨੇ ਉਨ੍ਹਾਂ ਦੇ ਮਨਾਂ ਵਿੱਚ ਮਰੀ ਹੋਈ ਉਮੀਦ ਨੂੰ ਮੁੜ ਜਗਾਇਆ ਹੈ। ਉਨ੍ਹਾਂ ਲੋਕਾਂ ਦੇ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਕਾਰਨ ਅਸੀਂ ਮੁੜ ਉਸੇ ਥਾਂ ’ਤੇ ਆ ਗਏ ਹਾਂ।
ਇਹ ਵੀ ਪੜ੍ਹੋ- ਗਾਇਕੀ ਦੀ ਆੜ 'ਚ ਇਹ ਮਸ਼ਹੂਰ ਪੰਜਾਬੀ ਸਿੰਗਰ ਕਰ ਰਿਹਾ ਸੀ ਨਸ਼ਾ ਤਸਕਰੀ, ਪੁਲਸ ਨੂੰ ਦੇਖ...
ਸੰਤ ਸੀਚੇਵਾਲ ਨੇ ਭਾਰਤ ਸਰਕਾਰ ਤੇ ਖਾਸਕਰ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਧਿਆਨ 'ਚ ਪਹਿਲਾ ਮਾਮਲਾ ਮਾਰਚ 2024 ਦੌਰਾਨ ਪੰਜਾਬ ਦੇ ਰਹਿਣ ਵਾਲੇ ਗੁਰਪ੍ਰੀਤ ਤੇ ਉਸ ਦੇ ਨਾਲ ਰਸ਼ੀਅਨ ਆਰਮੀ ਵਿੱਚ ਫਸੇ ਉਸਦੇ 8 ਹੋਰ ਸਾਥੀਆਂ ਦਾ ਆਇਆ ਸੀ, ਜੋ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਅਗਸਤ-ਸਤੰਬਰ ਮਹੀਨੇ ਦੌਰਾਨ ਵਾਪਸ ਆ ਗਏ ਸਨ। ਉਨ੍ਹਾਂ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਕੋਲੋਂ ਬਾਕੀ ਰਹਿੰਦੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਿਸ ਲਿਆਉਣ, ਇਸ ਗਿਰੋਹ ਵਿੱਚ ਸ਼ਾਮਿਲ ਏਜੰਟਾਂ ਤੇ ਸਖਤ ਕਾਰਵਾਈ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕ ਦੀ ਕਮਾਈ ਦਿਵਾਉਣ ਦੀ ਅਪੀਲ ਕੀਤੀ।
ਮੌਤ ਦੇ ਮੂੰਹ ਤੋਂ ਘੱਟ ਨਹੀਂ ਸੀ ਰੂਸ-ਯੂਕ੍ਰੇਨ ਜੰਗ ਦਾ ਮੈਦਾਨ : ਯਾਦਵ
ਰਾਕੇਸ਼ ਯਾਦਵ ਉਸ ਵੇਲੇ ਭਾਵੁਕ ਹੋ ਗਿਆ, ਜਦੋਂ ਜੰਗ ਦੌਰਾਨ ਹੁੰਦੀ ਬੰਬਬਾਰੀ ਵਿੱਚ ਉਸ ਨੇ ਕਈ ਵਾਰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ। ਉਸ ਨੇ ਕਿਹਾ ਕਿ ਇੱਕ ਵਾਰ ਤਾਂ ਉਸ ਨੂੰ ਇੰਝ ਲੱਗਾ ਕਿ ਉਸ ਦਾ ਸਭ ਕੁੱਝ ਖਤਮ ਹੋ ਗਿਆ ਤੇ ਉਹ ਕਦੇ ਵਾਪਸ ਨਹੀਂ ਜਾ ਸਕੇਗਾ। ਉਸ ਨੇ ਕਿਹਾ ਕਿ ਉੱਥੇ ਦੇ ਹਲਾਤ ਦੇਖ ਉਸ ਨੇ ਉੱਥੇ ਇੱਕ ਵਾਰ ਤਾਂ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਨੇ ਕਿਹਾ ਕਿ ਉੱਥੇ ਹਰ ਵੇਲੇ ਮੌਤ ਦਾ ਖਤਰਾ ਬਣਿਆ ਰਹਿੰਦਾ ਸੀ। ਉਸ ਨੇ ਨਮ ਅੱਖਾਂ ਨਾਲ ਭਾਰਤ ਸਰਕਾਰ ਤੇ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਉਹ ਸਹੀ ਸਲਾਮਤ ਮੁੜ ਤੋਂ ਆਪਣੇ ਪਰਿਵਾਰ ਵਿੱਚ ਪਹੁੰਚ ਸਕਿਆ।
ਠੱਗ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਰਾਕੇਸ਼ ਯਾਦਵ ਨੇ ਦੱਸਿਆ ਕਿ ਉੱਥੇ ਏਜੰਟਾਂ ਵੱਲੋਂ ਉਨ੍ਹਾਂ ਦੇ ਜ਼ਬਰਨ ਬੈਂਕ ਵਿੱਚ ਖਾਤੇ ਖੁਲਵਾਏ ਗਏ ਸੀ, ਜਿਨ੍ਹਾਂ ਦੇ ਪਿਨ ਕੋਡ ਤੱਕ ਵੀ ਉਨ੍ਹਾਂ ਦੇ ਏਜੰਟਾਂ ਕੋਲ ਸੀ। ਉਸ ਨੇ ਦੱਸਿਆ ਕਿ ਉਸ ਦੇ ਖਾਤੇ ਚ 45 ਲੱਖ ਦੇ ਕਰੀਬ ਦੀ ਰਕਮ ਏਜੰਟਾਂ ਵੱਲੋਂ ਕੱਢਵਾ ਲਈ ਗਈ ਜੋ ਉਸ ਨੂੰ ਆਰਮੀ 'ਚ ਰਹਿੰਦਿਆ ਤਨਖਾਹ ਤੇ ਸੱਟ ਦੌਰਾਨ ਸਰਕਾਰ ਵੱਲੋਂ ਦਿੱਤੇ ਗਏ ਮੁਆਵਜ਼ੇ ਵਜੋਂ ਮਿਲ਼ੀ ਸੀ। ਅਜਿਹਾ ਸਿਰਫ ਉਸ ਨਾਲ ਹੀ ਨਹੀ ਸਗੋਂ ਆਰਮੀ 'ਚ ਕੰਮ ਕਰ ਰਹੇ ਸਾਰੇ ਭਾਰਤੀਆਂ ਨਾਲ ਏਜੰਟਾਂ ਵੱਲੋਂ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e