ਸਰੇਬਾਜ਼ਾਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
Saturday, Nov 04, 2017 - 07:07 AM (IST)

ਚੀਚਾ/ ਭਕਨਾ ਕਲਾਂ/ ਝਬਾਲ (ਬਖਤਾਵਰ/ ਲਾਲੂਘੁੰਮਣ/ ਗਿੱਲ) - ਸ਼ੁੱਕਰਵਾਰ ਨੂੰ ਥਾਣਾ ਘਰਿੰਡਾ ਦੇ ਕਸਬਾ ਅੱਡਾ ਭਕਨਾ ਕਲਾਂ ਵਿਖੇ ਦਿਨ-ਦਿਹਾੜੇ ਸਰੇਬਾਜ਼ਾਰ ਇਕ ਨੌਜਵਾਨ ਦੀ ਇਕ ਦੁਕਾਨਦਾਰ ਵੱਲੋਂ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਕਤ ਨੌਜਵਾਨ ਦੁਕਾਨਦਾਰ ਕੋਲੋਂ ਲੱਕੀ ਡਰਾਅ ਦੇ ਬਣਦੇ ਪੈਸੇ ਲੈਣ ਲਈ ਦੁਕਾਨ 'ਤੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅਮਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਨੱਥੂਪੁਰਾ ਨੇ ਅੱਡਾ ਭਕਨਾ ਕਲਾਂ ਸਥਿਤ ਸੁਨਿਆਰੇ ਤੇ ਕਰਿਆਨੇ ਦੀ ਦੁਕਾਨ ਕਰਦੇ ਪਤਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਭਕਨਾ (ਹਾਲ ਵਾਸੀ ਖੰਡ ਵਾਲਾ ਛੇਹਰਟਾ) ਕੋਲ ਲੱਕੀ ਡਰਾਅ (ਇਨਾਮੀ ਯੋਜਨਾ) ਤਹਿਤ ਕਮੇਟੀ ਪਾਈ ਹੋਈ ਸੀ।
ਦੱਸਿਆ ਜਾਂਦਾ ਹੈ ਕਿ ਉਕਤ ਲੱਕੀ ਡਰਾਅ ਤਹਿਤ 1500 ਰੁਪਏ ਪ੍ਰਤੀ ਮਹੀਨਾ 18 ਮਹੀਨੇ ਲਗਾਤਾਰ ਸਾਰੀਆਂ ਕਿਸ਼ਤਾਂ ਦਾ ਕਿਸਾਨ ਵੱਲੋਂ ਭੁਗਤਾਨ ਕਰ ਦੇਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਾਮ ਨਹੀਂ ਦਿੱਤਾ ਗਿਆ ਸੀ। ਯੋਜਨਾ ਦੀ ਸ਼ਰਤ ਮੁਤਾਬਕ ਜਿਸ ਲਾਭਪਾਤਰੀ ਦਾ ਇਨਾਮ ਨਹੀਂ ਨਿਕਲੇਗਾ ਉਸ ਨੂੰ 50 ਹਜ਼ਾਰ ਰੁਪਏ ਦੇਣ ਦਾ ਦੁਕਾਨਦਾਰ ਵੱਲੋਂ ਵਾਅਦਾ ਕੀਤਾ ਗਿਆ ਸੀ, ਜਿਸ ਕਰ ਕੇ ਪਿਛਲੇ ਕਰੀਬ 3 ਮਹੀਨਿਆਂ ਤੋਂ ਕਿਸਾਨ ਅਮਰਜੀਤ ਸਿੰਘ ਵੱਲੋਂ ਉਕਤ ਦੁਕਾਨਦਾਰ ਤੋਂ ਪੈਸੇ ਲੈਣ ਲਈ ਚੱਕਰ ਲਾਏ ਜਾ ਰਹੇ ਸਨ ਅਤੇ ਦੁਕਾਨਦਾਰ ਵੱਲੋਂ ਲਾਰੇ-ਲੱਪੇ ਲਾ ਕੇ ਸਮਾਂ ਟਪਾਇਆ ਜਾ ਰਿਹਾ ਸੀ।
ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਜਦੋਂ ਕਿਸਾਨ ਫਿਰ ਆਪਣੇ ਪੈਸੇ ਲੈਣ ਲਈ ਦੁਕਾਨਦਾਰ ਪਤਵਿੰਦਰ ਸਿੰਘ ਕੋਲ ਆਇਆ ਤਾਂ ਉਸ ਨੇ ਕਿਸਾਨ ਨੂੰ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ, ਇਸ ਦੌਰਾਨ ਦੋਵਾਂ 'ਚ ਤਕਰਾਰ ਹੋ ਗਿਆ। ਤੈਸ਼ 'ਚ ਆਏ ਦੁਕਾਨਦਾਰ ਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਕਿਸਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਚੱਲੀਆਂ 3 ਗੋਲੀਆਂ 'ਚੋਂ ਇਕ ਗੋਲੀ ਕਿਸਾਨ ਅਮਰਜੀਤ ਸਿੰਘ ਦੇ ਮੱਥੇ ਨੂੰ ਪਾੜਦੀ ਹੋਈ ਸਿਰ ਦੇ ਪਿੱਛੋਂ ਦੀ ਜਾ ਨਿਕਲੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਆਂ ਮਾਰ ਕੇ ਦੋਸ਼ੀ ਮੌਕੇ ਤੋਂ ਆਪਣੀ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਡੀ. ਐੱਸ. ਪੀ. ਦਿਹਾਤੀ ਅਤੇ ਥਾਣਾ ਘਰਿੰਡਾ ਦੇ ਮੁਖੀ ਪਰਮਜੀਤ ਸਿੰਘ ਨੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਪਤਵਿੰਦਰ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀਆਂ ਦੀਆਂ ਵੱਖ-ਵੱਖ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।