ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਨੂੰ ਗੱਡੀ ਹੇਠਾਂ ਦੇ ਕੇ ਮਾਰਿਆ, ਫਰਾਰ ਹੁੰਦੇ ਸਮੇਂ ਹੋ ਗਿਆ ਇਕ ਹੋਰ ਵੱਡਾ ਕਾਂਡ
Monday, Feb 26, 2024 - 04:35 AM (IST)

ਨਕੋਦਰ ( ਪਾਲੀ ) : ਥਾਣਾ ਸਿਟੀ ਦੇ ਅਧੀਨ ਆਉਂਦੇ ਪਿੰਡ ਪੰਡੋਰੀ ਖਾਸ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋ ਰੰਜਿਸ਼ ਦੇ ਚਲਦਿਆਂ ਕਾਰ ਚਾਲਕ ਵਲੋਂ ਮੋਟਰਸਾਇਕਲ ਸਵਾਰ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹੀ ਨਹੀਂ, ਮੌਕੇ ਤੋਂ ਫਰਾਰ ਹੋਣ ਸਮੇਂ ਉਸ ਦੀ ਕਾਰ ਦਰੱਖ਼ਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਵਿਚ ਸਵਾਰ ਇਕ ਨੌਜਵਾਨ ਦੀ ਵੀ ਮੌਤ ਹੋ ਗਈ ਤੇ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੂੰ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਮੋਟਰਸਾਈਕਲ ਸਵਾਰ ਦੀ ਪਛਾਣ ਜਗਦੀਪ ਸਿੰਘ ਉਰਫ਼ ਦੀਪਾ (40) ਪੁੱਤਰ ਬਲਦੇਵ ਸਿੰਘ ਅਤੇ ਕਾਰ ਸਵਾਰ ਮ੍ਰਿਤਕ ਦੀ ਪਛਾਣ ਰਾਮ ਪਾਲ ਉਰਫ਼ ਰਾਮਾ ਪੁੱਤਰ ਪਿਆਰਾ ਵਾਸੀਆਨ (ਦੋਵੇਂ) ਪਿੰਡ ਪੰਡੋਰੀ ਖ਼ਾਸ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੋਟਰਸਾਈਕਲ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਬਾਈਕ ਸਵਾਰ ਭੈਣ ਦੀ ਮੌਕੇ 'ਤੇ ਹੋਈ ਮੌਤ, ਭਰਾ ਗੰਭੀਰ ਜ਼ਖ਼ਮੀ
ਥਾਣਾ ਸਿਟੀ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕ ਮੋਟਰਸਾਇਕਲ ਸਵਾਰ ਜਗਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੰਡੋਰੀ ਖਾਸ ਨਕੋਦਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਜਦੋਂ ਉਹ ਆਪਣੇ ਭਤੀਜੇ ਹਰਪ੍ਰੀਤ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪੰਡੋਰੀ ਖਾਸ ਨਾਲ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਏ ਸੀ ਤਾਂ ਜਦੋਂ ਉਹ ਗੁਰਮੁੱਖ ਸਿੰਘ ਦੇ ਖੂਹ ਕੋਲ ਤਲਵੰਡੀ ਸੰਘੇੜੇ ਰੋਡ 'ਤੇ ਪੁੱਜੇ ਤਾਂ ਉਸ ਦਾ ਭਰਾ ਜਗਦੀਪ ਸਿੰਘ ਆਪਣੇ ਮੋਟਰਸਾਈਕਲ 'ਤੇ ਅੱਗੇ-ਅੱਗੇ ਜਾ ਰਿਹਾ ਸੀ।
ਇਸ ਦੌਰਾਨ ਉਨ੍ਹਾਂ ਦੇ ਪਿੱਛੋਂ ਇਕ ਕਾਰ ਬੜੀ ਤੇਜ਼ ਰਫ਼ਤਾਰ ਨਾਲ ਆਈ, ਜਿਸ ਤੋਂ ਉਨ੍ਹਾਂ ਨੇ ਛਾਲ ਮਾਰ ਕੇ ਪਾਸੇ ਹੋ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਦੇਖਿਆ ਕਿ ਇਸ ਕਾਰ ਨੂੰ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮੋਹਣ ਸਿੰਘ ਵਾਸੀ ਪੰਡੋਰੀ ਖਾਸ ਚਲਾ ਰਿਹਾ ਸੀ। ਉਸ ਦੇ ਨਾਲ ਕਾਰ ਵਿੱਚ ਨਾਲ ਦੀ ਸੀਟ 'ਤੇ ਉਨ੍ਹਾਂ ਦੇ ਹੀ ਪਿੰਡ ਦਾ ਰਾਮ ਪਾਲ ਉਰਫ ਰਾਮਾ ਪੁੱਤਰ ਪਿਆਰਾ ਲਾਲ ਬੈਠਾ ਸੀ। ਰਣਜੀਤ ਸਿੰਘ ਨੇ ਜਾਣ ਬੁੱਝ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਭਰਾ ਜਗਦੀਪ ਸਿੰਘ ਨੂੰ ਆਪਣੀ ਕਾਰ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
ਇਸ ਤੋਂ ਬਾਅਦ ਉਸ ਨੇ ਮੌਕੇ ਤੋਂ ਫਰਾਰ ਹੋਣ ਸਮੇਂ ਕਾਰ ਅੱਗੇ ਜਾ ਰਹੀ ਅਲਟੋ ਕਾਰ ਵਿੱਚ ਜਾ ਮਾਰੀ ਜੋ ਖੇਤ ਵਿਚ ਜਾ ਡਿੱਗੀ। ਇਸ ਟੱਕਰ ਕਾਰਨ ਰਣਜੀਤ ਸਿੰਘ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦਰੱਖਤ ਨਾਲ ਜਾ ਟਕਰਾਈ। ਜਦੋਂ ਜਗਦੀਪ ਦਾ ਭਰਾ ਉਸ ਕੋਲ ਪਹੁੰਚਿਆ ਤਾਂ ਉਸ ਦੀ ਮੌਕੇ 'ਤੇ ਹੀ ਮੋਤ ਹੋ ਚੁੱਕੀ ਸੀ।
ਰਣਜੀਤ ਸਿੰਘ ਦੇ ਪਰਿਵਾਰ ਨਾਲ ਸਾਡਾ ਕਾਫ਼ੀ ਸਮੇਂ ਤੋਂ ਸੀ ਤਕਰਾਰ- ਸੁਖਦੀਪ ਸਿੰਘ
ਮ੍ਰਿਤਕ ਜਗਦੀਪ ਸਿਘ ਦੇ ਭਰਾ ਸੁਖਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਉਨ੍ਹਾਂ ਦਾ ਕਾਫੀ ਸਮੇਂ ਤੋਂ ਤਕਰਾਰ ਚਲਦਾ ਆ ਰਿਹਾ ਸੀ, ਜਿਸ ਸਬੰਧੀ ਸਿਟੀ ਪੁਲਸ ਨੁੰ ਸ਼ਿਕਾਇਤ ਵੀ ਦਿੱਤੀ ਗਈ ਸੀ। ਰਣਜੀਤ ਸਿੰਘ ਉਰਫ ਰਾਣਾ ਨੇ ਪੁਰਾਣੀ ਰੰਜਿਸ਼ ਕਾਰਨ ਜਾਣ ਬੁੱਝ ਕੇ ਆਪਣੀ ਕਾਰ ਹੇਠਾਂ ਉਸ ਦੇ ਭਰਾ ਜਗਦੀਪ ਸਿਘ ਨੂੰ ਕੁਚਲ ਕੇ ਉਸ ਦਾ ਕਤਲ ਕੀਤਾ ਹੈ।
ਕਾਰ ਚਾਲਕ ਰਣਜੀਤ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ: ਥਾਣਾ ਮੁਖੀ ਕਲਿਆਣ
ਉਕਤ ਮਾਮਲੇ ਸਬੰਧੀ ਸਿਟੀ ਥਾਣਾ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਵਾਸੀ ਪਿੰਡ ਪੰਡੋਰੀ ਖਾਸ ਨਕੋਦਰ ਦੇ ਬਿਆਨਾਂ 'ਤੇ ਕਾਰ ਚਾਲਕ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮੋਹਣ ਸਿੰਘ ਵਾਸੀ ਪੰਡੋਰੀ ਖਾਸ ਦੇ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਕਤਲ ਦੀ ਧਾਰਾ 302, 427 ਆਈ. ਪੀ .ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਮ੍ਰਿਤਕ ਰਾਮ ਪਾਲ ਦੇ ਪਰਿਵਾਰ ਦੇ ਬਿਆਨ 'ਤੇ ਧਾਰਾ 304 ਏ ਦਾ ਕੀਤਾ ਵਾਧਾ
ਥਾਣਾ ਸਿਟੀ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਕਾਰ ਚਾਲਕ ਰਣਜੀਤ ਸਿੰਘ ਉਰਫ ਰਾਣਾ ਜੋ ਹਾਦਸੇ ਵਿਚ ਗੰਭੀਰ ਜਖ਼ਮੀ ਹੋ ਗਿਆ ਸੀ ਤੇ ਜਲੰਧਰ ਦੇ ਹਸਪਤਾਲ ਵਿਚ ਦਾਖਲ ਹੈ, ਉਸ ਨਾਲ ਕਾਰ ਵਿੱਚ ਸਵਾਰ ਰਾਮ ਪਾਲ ਉਰਫ ਰਾਮਾ ਪੁੱਤਰ ਪਿਆਰਾ ਲਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਧਰ ਮ੍ਰਿਤਕ ਰਾਮ ਪਾਲ ਦੀ ਪਤਨੀ ਮਧੂ ਵਾਸੀ ਪਿੰਡ ਪੰਡੋਰੀ ਨੇ ਬਿਆਨ ਦਿੱਤੇ ਕਿ ਰਣਜੀਤ ਸਿੰਘ ਉਰਫ ਰਾਣਾ ਮੇਰੇ ਪਤੀ ਰਾਮ ਪਾਲ ਨੂੰ ਸਵੇਰੇ ਲੈ ਕੇ ਗਿਆ ਸੀ, ਜਿਸ ਦੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਮੇਰੇ ਪਤੀ ਰਾਮ ਪਾਲ ਦੀ ਮੌਤ ਹੋਈ ਹੈ। ਜਿਸ ਦੇ ਬਿਆਨਾਂ 'ਤੇ ਦਰਜ ਉਕਤ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਣਾ ਦੇ ਖਿਲਾਫ ਧਾਰਾ 304 ਏ ਦਾ ਵਾਧਾ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e