ਵਿਦੇਸ਼ ਤੋਂ ਪਰਤੇ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ

02/11/2018 7:30:53 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਅੱਜ ਬਾਅਦ ਦੁਪਹਿਰ ਸਥਾਨਕ ਨੂਰਪੁਰ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਪੁਰਤਗਾਲ ਤੋਂ ਪਰਤੇ ਵਿਅਕਤੀ ਜਰਨੈਲ ਸਿੰਘ (48) ਵਾਸੀ ਪਿੰਡ ਨੂਰਪੁਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਕੁਝ ਦਿਨ ਪਹਿਲਾਂ ਹੀ ਪੁਰਤਗਾਲ ਤੋਂ ਆਪਣੇ ਘਰ ਆਇਆ ਸੀ ਤੇ ਅੱਜ ਉਹ ਪਿੰਡ ਦੇ ਮੰਦਰ ਵਿਚ ਲਾਏ ਲੰਗਰ ਦੀ ਸੇਵਾ ਕਰਨ ਉਪਰੰਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਛੀਵਾੜਾ ਵੱਲ ਨੂੰ ਆ ਰਿਹਾ ਸੀ ਕਿ ਸਾਹਮਣਿਓਂ ਆ ਰਹੇ ਇਕ ਹੋਰ ਮੋਟਰਸਾਈਕਲ ਸਵਾਰ ਨਾਲ ਉਸਦੀ ਟੱਕਰ ਹੋ ਗਈ। ਜਰਨੈਲ ਸਿੰਘ ਸਿਰ ਦੇ ਭਾਰ ਸੜਕ 'ਤੇ ਜਾ ਡਿੱਗਾ ਤੇ ਜਦੋਂ ਉਸਨੂੰ ਮਾਛੀਵਾੜਾ ਦੇ ਹਸਪਤਾਲ 'ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਸਰਾ ਮੋਟਰਸਾਈਕਲ ਸਵਾਰ, ਜੋ ਕਿ ਪਿੰਡ ਸ਼ੇਰਪੁਰ ਦਾ ਦੱਸਿਆ ਜਾ ਰਿਹਾ ਹੈ, ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਜਰਨੈਲ ਸਿੰਘ ਨੇ 8 ਮਾਰਚ ਨੂੰ ਪੁਰਤਗਾਲ ਵਾਪਸ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਹੋਣੀ ਵਾਪਰ ਗਈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਦੂਸਰੇ ਮੋਟਰਸਾਈਕਲ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News