ਜਲੰਧਰ ਦੇ ਹੋਟਲ 'ਚ ਐੱਨ.ਆਰ.ਆਈ. ਦੀ ਲਾਸ਼ ਬਰਾਮਦ

Thursday, Feb 01, 2018 - 10:17 AM (IST)

ਜਲੰਧਰ ਦੇ ਹੋਟਲ 'ਚ ਐੱਨ.ਆਰ.ਆਈ. ਦੀ ਲਾਸ਼ ਬਰਾਮਦ

ਜਲੰਧਰ(ਰਾਜੇਸ਼)— ਇਥੋਂ ਦੇ ਥਾਣਾ ਨਿਊ ਬਾਰਾਦਰੀ ਦੇ ਅਧੀਨ ਆਉਂਦੇ ਹੋਟਲ ਨਿਊ ਕੋਰਟ ਪ੍ਰੈਜ਼ੀਡੈਂਟ ਦੇ ਕਮਰਾ ਨੰਬਰ-202 'ਚ ਇਕ ਐੱਨ.ਆਰ.ਆਈ. ਦੀ ਲਾਸ਼ ਬਰਾਮਦ ਕੀਤੀ ਗਈ। ਮਾਰੇ ਗਏ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਹਾਲ ਵਾਸੀ ਬੈਲੇ, ਇੰਗਲੈਂਡ ਅਤੇ ਮੂਲ ਰੂਪ 'ਚ ਵਾਸੀ ਹਾਜਰਾ ਜਲੰਧਰ ਦੇ ਤੌਰ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ 26 ਤਰੀਕ ਨੂੰ ਹੋਟਲ ਵਿਖੇ ਰੁਕੇ ਐੱਨ. ਆਰ. ਆਈ. ਬਿਲਕੁਲ ਠੀਕ ਸਨ ਪਰ ਅਚਾਨਕ ਹੋਈ ਉਨ੍ਹਾਂ ਦੀ ਮੌਤ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਐੱਨ. ਆਰ. ਆਈ. ਦੀ ਮੌਤ ਦੀ ਖਬਰ ਤੋਂ ਬਾਅਦ ਹੋਟਲ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਰਾਂਦਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਲਈ। ਪੁਲਸ ਨੂੰ ਮ੍ਰਿਤਕ ਦੀ ਲਾਸ਼ ਕੋਲੋਂ ਸ਼ਰਾਬ ਦੀ ਬੋਤਲ, ਕੀਮਤੀ ਸਾਮਾਨ, ਸੋਨੇ ਦੇ ਗਹਿਣੇ ਬਰਾਮਦ ਹੋਏ। 
ਹੋਟਲ ਨਿਉੂ ਕੋਰਟ ਪ੍ਰੈਜ਼ੀਡੈਂਟ ਦੇ ਮੈਨੇਜਰ ਅਦਿਤਿਆ ਅਰੋੜਾ ਨੇ ਦੱਸਿਆ ਕਿ ਕੁਲਦੀਪ ਸਿੰਘ 26 ਤਰੀਕ ਨੂੰ ਇੰਗਲੈਂਡ ਤੋਂ ਆ ਕੇ ਉਨ੍ਹਾਂ ਦੇ ਕੋਲ ਹੋਟਲ ਦੇ ਕਮਰਾ ਨੰਬਰ 202 'ਚ ਰੁਕਿਆ ਸੀ ਜੋ ਬੀਤੇ ਦਿਨ ਸਵੇਰੇ ਕਮਰੇ ਤੋਂ ਕਿਸੇ ਕੰਮ ਨੂੰ ਨਿਕਲ ਕੇ ਕਿਤੇ ਗਏ ਸਨ ਕਿ ਸ਼ਾਮ ਕਰੀਬ 6 ਵਜੇ ਹੋਟਲ 'ਚ ਵਾਪਸ ਆਏ। 

PunjabKesariਰਾਤ ਨੂੰ ਵੇਟਰ ਉਨ੍ਹਾਂ ਦੇ ਕਮਰੇ 'ਚ ਖਾਣਾ ਦੇਣ ਗਿਆ ਤਾਂ ਕੁਲਦੀਪ ਸਿੰਘ ਨੇ ਉਸ ਨੂੰ ਖਾਣਾ ਰੱਖ ਕੇ ਜਾਣ ਨੂੰ ਕਿਹਾ। ਜਿਸ ਤੋਂ ਬਾਅਦ ਰਾਤ ਕਰੀਬ 11 ਵਜੇ ਵੇਟਰ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਤੋਂ ਬਾਅਦ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਅੰਦਰ ਕੁਲਦੀਪ ਸਿੰਘ ਬੈੱਡ 'ਤੇ ਉਲਟੇ ਡਿਗੇ ਪਏ ਸਨ, ਜਿਸ ਦਾ ਸਿਰ ਕੁਰਸੀ 'ਤੇ ਸੀ। ਕੁਲਦੀਪ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਸੀ। ਜਿਸ 'ਤੇ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। 
ਕੁਲਦੀਪ ਦੀ ਮੌਤ ਤੋਂ ਬਾਅਦ ਹੋਟਲ ਵਾਲਿਆਂ ਨੇ ਤੁਰੰਤ ਉਸ ਦੇ ਰਿਸ਼ਤੇਦਾਰਾਂ ਨੂੰ ਫੋਨ 'ਤੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਕੁਲਦੀਪ ਸਿੰਘ ਦੇ ਰਿਸ਼ਤੇਦਾਰ ਸੁਮਿੱਤਰ ਸਿੰਘ ਨੇ ਦੱਸਿਆ ਕਿ ਕੁਲਦੀਪ ਅਕਸਰ ਇੰਗਲੈਂਡ ਤੋਂ ਜਲੰਧਰ ਆ ਕੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਕੁਲਦੀਪ ਸ਼ੂਗਰ ਦੇ ਮਰੀਜ਼ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ। ਦੇਰ ਰਾਤ ਜਦੋਂ ਕੁਲਦੀਪ ਦੀ ਮੌਤ ਹੋਈ ਤਦ ਵੀ ਉਨ੍ਹਾਂ ਦੇ ਕੋਲੋਂ ਸ਼ਰਾਬ ਦੀ ਬੋਤਲ ਬਰਾਮਦ ਹੋਈ। ਪੁਲਸ ਨੂੰ ਕੁਲਦੀਪ ਦੀ ਲਾਸ਼ ਤੋਂ ਕੀਮਤੀ ਗਹਿਣੇ ਬਰਾਮਦ ਹੋਏ ਹਨ ਜੋ ਉਨ੍ਹਾਂ ਨੇ ਕਬਜ਼ੇ 'ਚ ਲੈ ਲਏ ਹਨ।
ਥਾਣਾ ਬਾਰਾਂਦਰੀ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿਤੀ ਹੈ। ਫਿਲਹਾਲ ਪੁਲਸ ਨੇ ਕੁਲਦੀਪ ਸਿੰਘ ਦੀ ਮੌਤ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਬੇਟਾ ਬਲਜੀਤ ਸਿੰਘ ਜੋ ਕਿ ਇੰਗਲੈਂਡ ਵਿਚ ਰਹਿੰਦਾ ਹੈ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਦੇ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੁਲਦੀਪ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਕਮਰੇ 'ਚ ਕੌਣ-ਕੌਣ ਗਿਆ ਸੀ।


Related News