ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

Sunday, Mar 01, 2020 - 07:02 PM (IST)

ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

ਜਲੰਧਰ (ਵਰੁਣ)— ਟਰਾਂਸਪੋਰਟ ਨਗਰ ਚੌਕ ਤੋਂ ਕੁਝ ਦੂਰੀ 'ਤੇ ਇਕ ਟਿੰਬਰ ਐਂਡ ਸਟੀਲ ਸਟੋਰ ਨਜ਼ਦੀਕ ਮਿਲੀ ਸਿਰ ਕੱਟੀ ਲਾਸ਼ ਨੂੰ ਹਤਿਆਰਿਆਂ ਨੇ ਸਾਈਕਲ ਸਮੇਤ ਹੀ ਸੁੱਟਿਆ ਸੀ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਹਤਿਆਰੇ ਕਿਸੇ ਵੱਡੀ ਗੱਡੀ 'ਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਸੁੰਨਸਾਨ ਜਗ੍ਹਾ ਵੇਖ ਕੇ ਬੋਰੀ 'ਚ ਬੱਝੀ ਲਾਸ਼ ਨੂੰ ਸਾਈਕਲ ਸਣੇ ਹੀ ਗੱਡੀ 'ਚੋਂ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਹਾਲਾਂਕਿ ਪਹਿਲਾਂ ਚਰਚਾ ਸੀ ਕਿ ਲਾਸ਼ ਨੂੰ ਸਾਈਕਲ ਉੱਤੇ ਲਿਆ ਕੇ ਉੱਥੇ ਸੁੱਟਿਆ ਗਿਆ ਪਰ ਪੁਲਸ ਦਾ ਦਾਅਵਾ ਹੈ ਕਿ ਉਕਤ ਸਾਈਕਲ ਵੀ ਮ੍ਰਿਤਕ ਵਿਅਕਤੀ ਦਾ ਹੀ ਹੈ।

ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ
ਲਾਸ਼ ਮਿਲਣ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੰਜਾਬ ਭਰ 'ਚੋਂ ਕਿਤੇ ਵੀ ਕੱਟੇ ਹੋਏ ਸਿਰ ਦੇ ਮਿਲਣ ਦੀ ਵੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਜਿਸ ਬੋਰੀ 'ਚ ਲਾਸ਼ ਨੂੰ ਬੰਦ ਕਰਕੇ ਸੁੱਟਿਆ ਗਿਆ ਸੀ, ਉਹ ਫਗਵਾੜਾ 'ਚ ਗੋਰਾਇਆ ਰੋਡ ਉੱਤੇ ਸਥਿਤ ਸੰਪੂਰਣ ਫੀਡ 'ਚ ਤਿਆਰ ਹੋਈ ਸੀ। ਪੁਲਸ ਨੇ ਫਗਵਾੜਾ ਜਾ ਕੇ ਬੋਰੀਆਂ ਬਣਾਉਣ ਵਾਲੇ ਕਾਰਖਾਨੇ 'ਚ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਬੋਰੀਆਂ ਉਨ੍ਹਾਂ ਨੇ ਭੁਲੱਥ ਦੇ ਪੋਲਟਰੀ ਫਾਰਮ ਦੇ ਮਾਲਕ ਜੋਗਿੰਦਰ ਸਿੰਘ ਨੂੰ ਵੇਚੀਆਂ ਸਨ ਪਰ ਅਜਿਹੀਆਂ ਬੋਰੀਆਂ ਅਗਸਤ 2019 ਤੋਂ ਉਨ੍ਹਾਂ ਨੇ ਬਣਾਉਣੀਆਂ ਬੰਦ ਕਰ ਦਿੱਤੀਆਂ ਸਨ। 

PunjabKesari

ਪੁਲਸ ਟੀਮ ਭੁਲੱਥ ਦੇ ਉਕਤ ਪੋਲਟਰੀ ਫਾਰਮ ਮਾਲਕ ਕੋਲ ਪਹੁੰਚੀ ਤਾਂ ਪੁੱਛਗਿੱਛ 'ਚ ਪਤਾ ਲੱਗਾ ਕਿ ਨਵੰਬਰ 2019 'ਚ ਉਨ੍ਹਾਂ ਸਾਰਾ ਮਾਲ ਵੇਚ ਦਿੱਤਾ ਸੀ, ਜੋ ਭੁਲੱਥ ਦੇ ਕਬਾੜੀਏ ਸਤਨਾਮ ਨੂੰ ਵੇਚਿਆ ਸੀ। ਸਤਨਾਮ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਸ ਨੇ ਬੋਰੀਆਂ ਭੁਲੱਥ ਦੇ ਸ਼ੈਲਰ ਮਾਲਕ ਚਮਨ ਲਾਲ ਨੂੰ ਵੇਚੀਆਂ ਸਨ ਅਤੇ ਚਮਨ ਲਾਲ ਨੇ ਕਪੂਰਥਲਾ ਦੇ ਕ੍ਰਿਸ਼ਨਾ ਰਾਈਸ ਮਿੱਲ ਨੂੰ ਇਹ ਬੋਰੀਆਂ ਵੇਚੀਆਂ ਸਨ। ਪੁਲਸ ਹੁਣ ਕਪੂਰਥਲਾ ਦੇ ਰਾਈਸ ਮਿੱਲ ਕੋਲੋਂ ਪੁੱਛਗਿੱਛ ਕਰੇਗੀ ਕਿ ਉਨ੍ਹਾਂ ਇਹ ਬੋਰੀਆਂ ਜਲੰਧਰ ਜਾਂ ਕਿਸੇ ਹੋਰ ਥਾਂ ਵੇਚੀਆਂ ਸਨ, ਜਿਸ ਤੋਂ ਬਾਅਦ ਪੁਲਸ ਦੀ ਜਾਂਚ ਅੱਗੇ ਵਧੇਗੀ। 

ਸ਼ਨੀਵਾਰ ਨੂੰ ਪੁਲਸ ਨੇ ਮੌਕੇ 'ਤੇ ਸਥਿਤ ਸਰਵਿਸ ਲੇਨ 'ਤੇ ਫੋਕਸ ਕਰਦੇ 2 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਪਰ ਦੋਵਾਂ ਸਾਈਕਲਾਂ ਵਿਚੋਂ ਅਜਿਹਾ ਕੋਈ ਵੀ ਸਾਈਕਲ ਨਹੀਂ ਮਿਲਿਆ, ਜਿਸ ਪਿੱਛੇ ਕੋਈ ਬੋਰੀ ਬੰਨ੍ਹੀ ਹੋਵੇ। ਸਾਰੀ ਜਾਂਚ ਤੋਂ ਬਾਅਦ ਪੁਲਸ ਦਾ ਮੰਨਣਾ ਹੈ ਕਿ ਸਾਈਕਲ ਮ੍ਰਿਤਕ ਦਾ ਹੀ ਹੈ, ਜਿਸ ਨੂੰ ਕਿਸੇ ਵੱਡੀ ਗੱਡੀ ਵਿਚ ਲਿਆ ਕੇ ਇਥੇ ਬੋਰੀ ਸਣੇ ਸੁੱਟਿਆ ਗਿਆ, ਜਿਸ ਬੋਰੀ ਵਿਚ ਲਾਸ਼ ਮਿਲੀ ਸੀ, ਉਸ 'ਤੇ ਤਰਨਤਾਰਨ ਅਤੇ ਗੋਇੰਦਵਾਲ ਦੀ ਬਿਲਟੀ ਪਾਈ ਗਈ ਸੀ। ਕਮਿਸ਼ਨਰੇਟ ਪੁਲਸ ਦੀ ਇਕ ਟੀਮ ਨੇ ਦੋਵਾਂ ਥਾਵਾਂ 'ਤੇ ਪੁੱਛਗਿੱਛ ਕੀਤੀ ਪਰ ਉਥੇ ਹੀ ਬੋਰੀਆਂ ਦਾ ਕੋਈ ਰਿਕਾਰਡ ਨਹੀਂ ਮਿਲਿਆ। ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸੀ. ਆਈ. ਏ. ਸਟਾਫ ਅਤੇ ਥਾਣਾ 8 ਦੀ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਫਿਲਹਾਲ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।

PunjabKesari

ਦੱਸਣਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਟਰਾਂਸਪੋਰਟ ਨਗਰ ਚੌਕ ਕੋਲ ਲਾਵਾਰਿਸ ਹਾਲਤ 'ਚ ਬੋਰੀ ਮਿਲੀ ਸੀ। ਉਸ ਦੇ ਕੋਲ ਹੀ ਇਕ ਸਾਈਕਲ ਡਿੱਗਿਆ ਮਿਲਿਆ। ਕੋਲ ਹੀ ਸਥਿਤ ਟਿੰਬਰ ਐਂਡ ਸਟੀਲ ਸਟੋਰ ਦੇ ਕਰਿੰਦੇ ਨੇ ਬੋਰੀ ਨੂੰ ਵੇਖ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਬੋਰੀ ਖੋਲ੍ਹ ਕੇ ਵੇਖੀ ਤਾਂ ਬੋਰੀ 'ਚ ਸਿਰ ਕੱਟੀ ਲਾਸ਼ ਮਿਲੀ ਸੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਮ੍ਰਿਤਕ ਦੇ ਸਰੀਰ 'ਤੇ ਅੰਡਰਵੀਅਰ ਅਤੇ ਬੁਨੈਣ ਹੀ ਸੀ। ਪੁਲਸ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਹੱਤਿਆ ਕਿਤੇ ਹੋਰ ਕਰਕੇ ਲਾਸ਼ ਨੂੰ ਇਥੇ ਸੁੱਟਿਆ ਗਿਆ ਹੈ ਅਤੇ ਪਛਾਣ ਲੁਕਾਉਣ ਲਈ ਉਸਦਾ ਸਿਰ ਅਤੇ ਕੱਪੜੇ ਕਿਤੇ ਹੋਰ ਸੁੱਟੇ ਗਏ ਹੋ ਸਕਦੇ ਹਨ। ਥਾਣਾ ਨੰਬਰ 8 ਦੀ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਅਣਪਛਾਤੇ ਲੋਕਾਂ 'ਤੇ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਮੀਟ ਸ਼ਾਪ 'ਚ ਵਰਤਿਆ ਜਾਣ ਵਾਲਾ ਤੇਜ਼ਧਾਰ ਹਥਿਆਰ ਵਰਤੇ ਜਾਣ ਦਾ ਸ਼ੱਕ
ਪੁਲਸ ਨੂੰ ਸ਼ੱਕ ਹੈ ਕਿ ਜਿਸ ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਸਿਰ ਧੜ ਤੋਂ ਵੱਖਰਾ ਕੀਤਾ ਗਿਆ ਉਹ ਹਥਿਆਰ ਮੀਟ ਸ਼ਾਪ ਵਿਚ ਬੱਕਰਾ ਜਾਂ ਸੂਰ ਕੱਟਣ ਲਈ ਵਰਤਿਆ ਜਾਂਦਾ ਹੈ।
ਭਾਵੇਂ ਕਿ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਹਥਿਆਰ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੋਈ ਸੁਰਾਗ ਮਿਲਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਦੀ ਹੱਤਿਆ ਕਿਸ ਹਥਿਆਰ ਨਾਲ ਕੀਤੀ ਗਈ।

ਜਿਸ ਰੱਸੀ ਨਾਲ ਬੰਨ੍ਹ ਕੇ ਸੁਭਾਨਾ ਫਾਟਕ ਕੋਲ ਸੁੱਟੀ ਗਈ ਲਾਸ਼ ਉਹ ਰੱਸੀ ਦੋਬਾਰਾ ਵੀ ਵਰਤੀ ਗਈ
10 ਫਰਵਰੀ ਨੂੰ ਸੁਭਾਨਾ ਫਾਟਕ ਕੋਲ ਮਿਲੀ ਲਾਸ਼ ਨੂੰ ਜਿਸ ਰੱਸੀ ਨਾਲ ਬੰਨ੍ਹਿਆ ਗਿਆ ਸੀ ਉਸੇ ਤਰ੍ਹਾਂ ਦੀ ਰੱਸੀ ਨਾਲ ਇਸ ਵਿਅਕਤੀ ਨੂੰ ਵੀ ਬੰਨ੍ਹਿਆ ਗਿਆ ਸੀ। ਇਹ ਰੱਸੀ ਜ਼ਿਆਦਾਤਰ ਡੱਬੇ ਪੈਕ ਕਰਨ ਲਈ ਵਰਤੀ ਜਾਂਦੀ ਹੈ ਜਦੋਂਕਿ ਜਿਨ੍ਹਾਂ ਪੈਕੇਟਾਂ 'ਚ ਮੱਛੀਆਂ ਸਪਲਾਈ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਡੱਬਿਆਂ 'ਤੇ ਵੀ ਇਹ ਪਲਾਸਟਿਕ ਦੀਆਂ ਰੱਸੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਨ੍ਹਾਂ ਦੋਵਾਂ ਹੱਤਿਆਵਾਂ ਦਾ ਮੀਟ ਸ਼ਾਪ 'ਤੇ ਕੰਮ ਕਰਨ ਵਾਲੇ ਲੋਕਾਂ ਨਾਲ ਕੋਈ ਲਿੰਕ ਨਿਕਲ ਸਕਦਾ ਹੈ। ਉਧਰ ਏ. ਡੀ. ਸੀ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੇ ਤੱਥਾਂ ਦੀ ਪੁਸ਼ਟੀ ਕੇਸ ਟ੍ਰੇਸ ਕਰ ਕੇ ਹੀ ਕੀਤੀ ਜਾ ਸਕਦੀ ਹੈ।


author

shivani attri

Content Editor

Related News