ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਰਾਹਗੀਰਾਂ ਦੀ ਲੁੱਟ-ਖੋਹ ਕਰਨ ਵਾਲਾ ਕਾਬੂ
Wednesday, Jan 03, 2024 - 02:48 PM (IST)
ਲੁਧਿਆਣਾ (ਰਾਜ) : ਤੇਜ਼ਧਾਰ ਹਥਿਆਰ ਦੀ ਨੋਕ ’ਤੇ ਰਾਹਗੀਰਾਂ ਦੀ ਲੁੱਟ-ਖੋਹ ਕਰਨ ਵਾਲੇ ਇਕ ਮੁਲਜ਼ਮ ਨੂੰ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਜੱਸੀਆਂ ਰੋਡ ਦਾ ਰਹਿਣ ਵਾਲਾ ਚਰਨਜੀਤ ਸਿੰਘ ਉਰਫ਼ ਗਗਨ ਹੈ। ਉਸ ਦੇ ਕਬਜ਼ੇ ’ਚੋਂ 3 ਮੋਬਾਈਲ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ।
ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗਗਨ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰਦਾ ਹੈ। ਮੁਲਜ਼ਮ ਨੇ ਕਈ ਇਲਾਕਿਆਂ ’ਚ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਹਨ। ਇਸ ਤੋਂ ਬਾਅਦ ਨਾਕਾਬੰਦੀ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਫੜ੍ਹ ਲਿਆ। ਉਸ ਦੀ ਤਲਾਸ਼ੀ ਦੌਰਾਨ ਲੁੱਟ ਦੇ 3 ਮੋਬਾਈਲ ਮਿਲੇ। ਪੁਲਸ ਨੂੰ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਾ ਪੂਰਾ ਕਰਨ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ।
ਲੁੱਟੇ ਹੋਏ ਮੋਬਾਈਲਾਂ ਨੂੰ ਉਹ ਪਰਵਾਸੀ ਮਜ਼ਦੂਰਾਂ ਨੂੰ ਹੀ ਸਸਤੇ ਮੁੱਲ ਵੇਚ ਦਿੰਦੇ ਸਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ’ਚ ਜੁੱਟੀ ਹੈ ਕਿ ਉਹ ਲੁੱਟੇ ਹੋਏ ਮੋਬਾਈਲ ਕਿਸ ਨੂੰ ਵੇਚਦਾ ਸੀ ਅਤੇ ਨਸ਼ਾ ਕਿੱਥੋਂ ਖ਼ਰੀਦਦਾ ਸੀ।