ਚੋਰੀ ਦੇ ਮੋਟਰਸਾਈਕਲ ਨੂੰ ਵੇਚਣ ਜਾ ਰਿਹਾ ਮੁਲਜ਼ਮ ਗ੍ਰਿਫ਼ਤਾਰ
03/01/2023 1:49:29 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬੀਤੀ ਰਾਤ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਥਾਣਾ ਮੁਖੀ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਇਕ ਨੌਜਵਾਨ ਬਹਾਦਰਕੇ ਰੋਡ ਦਾਣਾ ਮੰਡੀ ਵੱਲੋਂ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਲਈ ਜਾ ਰਿਹਾ ਹੈ।
ਇਸ ’ਤੇ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਥਾਣੇਦਾਰ ਚਰਨ ਸਿੰਘ ਦੀ ਟੀਮ ਨੂੰ ਭੇਜਿਆ, ਜਿੱਥੇ ਪੁਲਸ ਨੇ ਸਪੈਸ਼ਲ ਨਾਕਾਬੰਦੀ ਕੀਤੀ ਅਤੇ ਉਸੇ ਸਮੇਂ ਇਕ ਨੌਜਵਾਨ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ। ਜਦੋਂ ਉਕਤ ਨੌਜਵਾਨ ਨੇ ਸਾਹਮਣੇ ਪੁਲਸ ਟੀਮ ਦੇਖੀ ਤਾਂ ਇਕਦਮ ਮੋਟਰਸਾਈਕਲ ਰੋਕ ਕੇ ਪਿੱਛੇ ਮੁੜ ਕੇ ਭੱਜਣ ਲੱਗਾ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਉਸ ਨੂੰ ਕਾਬੂ ਕੀਤਾ ਗਿਆ।
ਜਦੋਂ ਪੁਲਸ ਨੇ ਮੋਟਰਸਾਈਕਲ ਦੇ ਕਾਗਜ਼ ਦਿਖਾਉਣ ਨੂੰ ਕਿਹਾ ਤਾਂ ਉਸ ਕੋਲ ਕੋਈ ਵੀ ਜਵਾਬ ਨਹੀਂ ਮਿਲਿਆ, ਜਿਸ ’ਤੇ ਪੁਲਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸ ਨੇ ਚੋਰੀ ਕੀਤਾ ਸੀ, ਜਿਸ ਨੂੰ ਬਾਜ਼ਾਰ ਵਿਚ ਵੇਚਣ ਜਾ ਰਿਹਾ ਸੀ। ਪੁਲਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਪਛਾਣ ਅਜੇ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਵਰਿੰਦਰ ਨਗਰ ਭੌਰਾ ਪਿੰਡ ਵਜੋਂ ਕੀਤੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਸਲੇਮ ਟਾਬਰੀ ਵਿਚ ਕੇਸ ਦਰਜ ਕਰ ਲਿਆ ਹੈ।