ਮੋਗਾ ਪੁਲਸ ਵੱਲੋਂ 29 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਣੇ ਇਕ ਕਾਬੂ

Thursday, Dec 30, 2021 - 10:27 AM (IST)

ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਕ ਵਿਅਕਤੀ ਨੂੰ 29 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਹਿਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਬਾਘਾ ਪੁਰਾਣਾ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਤਰਸੇਮ ਸਿੰਘ ਪੁਲਸ ਪਾਰਟੀ ਸਹਿਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਾ ਰਹੇ ਸੀ, ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬੁੱਟਰ ਕਲਾਂ ਪੁਲ ਦੇ ਹੇਠਾਂ ਮਨਜਿੰਦਰ ਸਿੰਘ ਉਰਫ਼ ਮਨੀ ਨਿਵਾਸੀ ਐੱਮ.ਪੀ. ਬਸਤੀ ਲੰਡੇਕੇ ਹਾਲ ਆਬਾਦ ਡਾਲਾ (ਜਗਰਾਓ) ਜਾਅਲੀ ਕਰੰਸੀ ਦਾ ਧੰਦਾ ਕਰਦਾ ਹੈ ਅਤੇ ਬੈਠਾ ਹੈ।

ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਸ ਕੋਲੋਂ ਭਾਰੀ ਮਾਤਰਾ ਵਿਚ ਜਾਅਲੀ ਕਰੰਸੀ ਬਰਾਮਦ ਹੋ ਸਕਦੀ ਹੈ, ਜਿਸ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਉਸਨੂੰ ਜਾ ਦਬੋਚਿਆ ਅਤੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੇ ਕੋਲੋਂ 29 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮਨੀ ਨੇ ਦੱਸਿਆ ਕਿ ਉਹ 2 ਹਜ਼ਰ ਅਤੇ 500 ਦੇ ਨੋਟ ਜੋ ਜਾਅਲੀ ਕਰੰਸੀ ਦੇ ਹੁੰਦੇ ਸਨ, ਲੈ ਕੇ ਬਾਜ਼ਾਰ ਵਿਚ ਜਾਂਦਾ ਸੀ ਅਤੇ ਦੁਕਾਨਦਾਰ ਕੋਲੋਂ ਕੁੱਝ ਸਮਾਨ ਖਰੀਦ ਕੇ ਉਸ ਕੋਲੋਂ ਬਾਕੀ ਪੈਸੇ ਵਾਪਸ ਲੈ ਲੈਂਦਾ ਸੀ। ਇਸੇ ਤਰ੍ਹਾਂ ਉਹ ਵਿਆਹ-ਸ਼ਾਦੀਆਂ ਵਿਚ ਜਾ ਕੇ ਵਿਆਹ ਵਾਲੀ ਜੋੜੀ ਨੂੰ ਸ਼ਗਨ ਪਾਉਣ ਦੇ ਬਹਾਨੇ 2 ਹਜ਼ਾਰ ਦਾ ਨੋਟ ਤੁੜਵਾ ਲੈਂਦਾ ਅਤੇ ਸ਼ਗਨ ਪਾ ਕੇ ਬਾਕੀ ਪੈਸੇ ਕੋਲ ਰੱਖ ਲੈਂਦਾ।

ਇਸੇ ਤਰ੍ਹਾਂ ਉਹ ਜਾਅਲੀ ਕਰੰਸੀ ਬਾਜ਼ਾਰ ਵਿਚ ਚਲਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਬਾਅਦ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਜਾਅਲੀ ਕਰੰਸੀ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਵਿਚ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ ਅਤੇ ਇਹ ਗਿਰੋਹ ਕਿੱਥੇ ਬੈਠ ਕੇ ਕੰਮ ਕਰਦਾ ਹੈ ਅਤੇ ਉਹ ਜਾਅਲੀ ਕਰੰਸੀ ਕਿਸ ਤਰ੍ਹਾਂ ਛਾਪਦੇ ਹਨ ਜਲਦੀ ਹੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
 


Babita

Content Editor

Related News