ਦੋਸ਼ੀ ਆਇਆ ਪੁਲਸ ਦੇ ਅੜਿੱਕੇ
Wednesday, Jul 11, 2018 - 08:01 AM (IST)

ਬੱਧਨੀ ਕਲਾਂ (ਬੱਬੀ) - 9 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਫਰਾਰ ਵਿਅਕਤੀ ਨੂੰ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਸਬੰਧੀ ਪੀਡ਼ਤ ਲ਼ਡ਼ਕੀ ਦੀ ਮਾਤਾ ਦੇ ਬਿਆਨਾਂ ’ਤੇ ਥਾਣਾ ਬੱਧਨੀ ਕਲਾਂ ਵਿਖੇ ਬੀਤੇ ਕੱਲ ਮੁਕੱਦਮਾ ਦਰਜ ਕੀਤਾ ਗਿਆ ਸੀ। ਔਰਤ ਨੇ ਕਿਹਾ ਸੀ ਕਿ ਜਦੋਂ ਅਸੀਂ ਘਟਨਾ ਸਥਾਨ ’ਤੇ ਪਹੁੰਚੇ ਤਾਂ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਵਿਅਕਤੀ ਫਰਾਰ ਹੋ ਗਿਆ, ਉਸ ਵਿਅਕਤੀ ਨੂੰ ਕਾਬੂ ਕਰਨ ਲਈ ਮਹਿਲਾ ਸਹਾਇਕ ਥਾਣੇਦਾਰ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ’ਚ ਇਕ ਸਪੈਸ਼ਲ ਟੀਮ ਸਾਡੇ ਵੱਲੋਂ ਬਣਾਈ ਗਈ ਸੀ, ਇਹ ਟੀਮ ਅੱਜ ਜਦੋਂ ਉਕਤ ਵਿਅਕਤੀ ਦੀ ਤਲਾਸ਼ ਕਰਦਿਆਂ ਰਾਊਕੇ ਰੋਡ ਸਥਿਤ ਪੈਟਰੋਲ ਪੰਪ ਨਜ਼ਦੀਕ ਪਹੁੰਚੀ ਤਾਂ ਪੀਡ਼ਤ ਬੱਚੀ ਦੇ ਬਾਪ ਨੇ ਪੁਲਸ ਪਾਰਟੀ ਨੂੰ ਦੱਸਿਆ ਕਿ ਬਬਲੂ ਸਿੰਘ ਪੁੱਤਰ ਛੋਟੂ ਕੁਮਾਰ ਸਡ਼ਕ ਕਿਨਾਰੇ ਖ਼ਡ਼੍ਹਾ ਕਿਤੇ ਭੱਜਣ ਦੀ ਤਿਆਰੀ ਕਰ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਕਿਹਾ ਕਿ ਮਹਿਲਾ ਸਹਾਇਕ ਥਾਣੇਦਾਰ ਵੱਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਦੋਸ਼ੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।