ਥਾਣੇ ਤੋਂ ਸਿਰਫ 3 ਕਿਲੋਮੀਟਰ ਦੂਰੀ ’ਤੇ ਚੱਲ ਰਹੀ ਹੈ ਨਾਜਾਇਜ਼ ਮਾਈਨਿੰਗ, ਪੁਲਸ ਬੇਖਬਰ

Tuesday, Mar 10, 2020 - 12:33 PM (IST)

ਥਾਣੇ ਤੋਂ ਸਿਰਫ 3 ਕਿਲੋਮੀਟਰ ਦੂਰੀ ’ਤੇ ਚੱਲ ਰਹੀ ਹੈ ਨਾਜਾਇਜ਼ ਮਾਈਨਿੰਗ, ਪੁਲਸ ਬੇਖਬਰ

ਮਮਦੋਟ (ਸ਼ਰਮਾ, ਜਸਵੰਤ) - ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਪਿੰਡ ਚੱਕ ਘੁਬਾਈ ਉਰਫ ਤਰਾਂ ਵਾਲਾ ਦੇ ਨੇੜੇ ਚੱਲ ਰਹੇ ਰੇਤਾ ਦੇ ਨਾਜਾਇਜ਼ ਖੱਡੇ ਕਾਰਣ ਰੇਤ ਮਾਫੀਏ ਵਲੋਂ ਲਗਾਤਾਰ ਰੇਤਾ ਦੀ ਨਿਕਾਸੀ ਕਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਰੇਤਾ ਦੇ ਚੱਲ ਰਹੇ ਇਸ ਨਾਜਾਇਜ਼ ਖੱਡੇ ’ਤੇ ਰਾਤ ਸਮੇਂ ਟਰਾਲੇ ਭਰੇ ਜਾਂਦੇ ਸਨ ਪਰ ਅੱਜ ਦਿਨ ਦੇ ਸਮੇਂ ਭਿਣਕ ਪੈਣ ’ਤੇ ਕਸਬਾ ਮਮਦੋਟ ਦੇ ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਕਰੀਬ 2 ਏਕਡ਼ ਜ਼ਮੀਨ ਵਿਚ ਬਣੇ ਅਤੇ 15-20 ਫੁੱਟ ਡੂੰਘੇ ਇਸ ਰੇਤਾ ਦੇ ਖੱਡੇ ’ਚ ਮੌਕੇ ’ਤੇ ਵੱਡੀ ਗਿਣਤੀ ’ਚ ਭਰੀਆਂ ਅਤੇ ਕੁਝ ਖਾਲੀ ਟਰਾਲੇ ਅਤੇ ਟਰਾਲੀਆਂ ਖੜ੍ਹੀਆਂ ਸਨ ਅਤੇ ਜੇ. ਸੀ. ਬੀ. ਨਾਲ ਟਰਾਲੇ ਭਰਨ ਦਾ ਕੰਮ ਚਿੱਟੇ ਦਿਨ ਹੀ ਜਾਰੀ ਸੀ। ਪੱਤਰਕਾਰਾਂ ਦੀ ਟੀਮ ਨੂੰ ਦੇਖਦੇ ਜੇ. ਸੀ. ਬੀ. ਦਾ ਡਰਾਈਵਰ ਤੁਰੰਤ ਕੰਮ ਬੰਦ ਕਰ ਮਸ਼ੀਨ ਨੂੰ ਛੱਡ ਕੇ ਦੌੜ ਗਿਆ ਅਤੇ ਖੱਡੇ ਵਿਚ ਖੜ੍ਹੇ ਸੱਤ ਅੱਠ ਟਰਾਲੇ ਵੀ ਉਨ੍ਹਾਂ ਦੇ ਡਰਾਈਵਰਾਂ ਵਲੋਂ ਖਾਲੀ ਹੀ ਭਜਾ ਲੈ ਗਏ, ਜਦਕਿ ਅੱਧੀ ਦਰਜਨ ਭਰੀਆਂ ਟਰਾਲੇ ਅਤੇ ਟਰਾਲੀਆਂ ਕਾਫੀ ਦੇਰ ਸੜਕ ’ਤੇ ਖੜ੍ਹੀਆਂ ਰਹੀਆਂ । 

ਮੌਕੇ ’ਤੇ ਹਾਜ਼ਰ ਵਿਅਕਤੀਆਂ ਵਲੋਂ ਮਾਈਨਿੰਗ ਦੀ ਮਨਜ਼ੂਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਮੰਨਿਆ ਕਿ ਇਸ ਸਬੰਧੀ ਉਨ੍ਹਾਂ ਪਾਸ ਕਿਸੇ ਵੀ ਵਿਭਾਗ ਦੀ ਕੋਈ ਮਨਜ਼ੂਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰਾਂ ਵਲੋਂ ਰੇਤਾ ਦੇ ਇਸ ਖੱਡੇ ਸਬੰਧੀ ਕਵਰੇਜ ਕਰਨ ਸਮੇਂ ਸੀਨੀਅਰ ਪੁਲਸ ਕਪਤਾਨ ਫਿਰੋਜ਼ਪੁਰ ਭੁਪਿੰਦਰ ਸਿੰਘ ਗਿੱਲ ਦੇ ਨੋਟਿਸ ’ਚ ਲਿਆਂਦਾ ਗਿਆ ਸੀ ਪਰ ਕਵਰੇਜ ਕਰਨ ਤੋਂ ਬਾਅਦ ਇਕ ਘੰਟੇ ਤੱਕ ਵੀ ਕਿਸੇ ਪੁਲਸ ਮੁਲਾਜ਼ਮ ਦਾ ਖੱਡੇ ਤੱਕ ਨਾ ਪਹੁੰਚਣਾ ਕਈ ਤਰ੍ਹਾ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ, ਜਦਕਿ ਰੇਤਾ ਦੇ ਇਸ ਨਾਜਾਇਜ਼ ਚੱਲ ਰਹੇ ਖੱਡੇ ਤੋਂ ਪੁਲਸ ਥਾਣਾ ਮਮਦੋਟ ਦੀ ਦੂਰੀ ਸਿਰਫ ਤਿੰਨ ਕਿਲੋਮੀਟਰ ’ਤੇ ਹੈ ।

ਪੜ੍ਹੋਂ ਇਹ ਵੀ ਖਬਰ -  ਸਵਾਂ ਨਦੀ ’ਚ ਨਾਜਾਇਜ਼ ਮਾਈਨਿੰਗ ਖਿਲਾਫ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ

ਕੀ ਕਹਿੰਦੇ ਹਨ ਸੀਨੀਅਰ ਪੁਲਸ ਕਪਤਾਨ ਫਿਰੋਜ਼ਪੁਰ
ਇਲਾਕੇ ਵਿਚ ਵੱਡੀ ਪੱਧਰ ’ਤੇ ਰੇਤਾ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਸਬੰਧੀ ਜਦੋਂ ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਗਿੱਲ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਬੰਧਤ ਥਾਣਾ ਮੁਖੀ ਅਤੇ ਮਾਇਨਿੰਗ ਅਫਸਰ ਨੂੰ ਮੌਕੇ ’ਤੇ ਜਾ ਕੇ ਕਾਰਵਾਈ ਕਰਨ ਬਾਰੇ ਕਹਿ ਦਿੱਤਾ ਗਿਆ ਹੈ। ਰੇਤਾ ਦਾ ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

PunjabKesari

ਕੀ ਕਹਿਣੈ ਡਿਪਟੀ ਕਮਿਸ਼ਨਰ ਦਾ
ਪੁਲਸ ਥਾਣਾ ਮਮਦੋਟ ਤੋਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਚੱਲ ਰਹੇ ਰੇਤਾ ਦੇ ਨਾਜਾਇਜ਼ ਕਾਰੋਬਾਰ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਆਈ. ਏ. ਐੱਸ. ਨੇ ਦੱਸਿਆ ਕਿ ਇਹ ਮਾਮਲਾ ਹੁਣ ਮੇਰੇ ਨੋਟਿਸ ਵਿਚ ਆਇਆ ਹੈ। ਉਨ੍ਹਾਂ ਵਲੋਂ ਮਾਈਨਿੰਗ ਅਫਸਰ ਫਿਰੋਜ਼ਪੁਰ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਕਿਤੇ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ।

PunjabKesari

ਕੀ ਕਹਿੰਦੇ ਹਨ ਵਿਰੋਧੀ ਧਿਰ ਦੇ ਨੇਤਾ
ਪੰਜਾਬ ’ਚ ਖਾਲੀ ਖਜ਼ਾਨੇ ਦਾ ਰੋਣਾ ਰੋਂਦੀ ਸਰਕਾਰ ਅਤੇ ਸਰਹੱਦੀ ਖੇਤਰ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਣ ਕਰੋਡ਼ਾਂ ਰੁਪਏ ਦੇ ਹੋ ਰਹੇ ਮਾਲੀਏ ਦੇ ਨੁਕਸਾਨ ਬਾਰੇ ਪੁੱਛੇ ਜਾਣ ’ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੋਪੜ ਤੋਂ ਬਾਅਦ ਹੁਣ ਹਲਕਾ ਫਿਰੋਜ਼ਪੁਰ ਦਿਹਾਤੀ ’ਚ ਰੇਤ ਮਾਫੀਆ ਪੁਲਸ ਦਾ ਸਿਆਸੀਕਰਨ ਕਰ ਜਿਥੇ ਲੱਖਾਂ ਰੁਪਏ ਦਾ ਕਾਰੋਬਾਰ ਕਰ ਰਿਹਾ, ਉਥੇ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿੱਟੇ ਦਿਨ ਚੱਲ ਰਿਹਾ ਇਹ ਕਾਰੋਬਾਰ ਸਿਆਸੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ।


author

rajwinder kaur

Content Editor

Related News