ਮਮਤਾ ਬੈਨਰਜੀ ਵਾਂਗ ਅਕਾਲੀ ਦਲ ਵੀ ਤਿੰਨ ਤਾਕਤਾਂ ਨੂੰ ਕਰੇਗਾ ਢਹਿ-ਢੇਰੀ: ਸੁਖਬੀਰ
Thursday, Dec 16, 2021 - 09:59 PM (IST)
ਸੁਜਾਨਪੁਰ(ਜੋਤੀ, ਬਖ਼ਸੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਜੋ ਪੰਜਾਬੀਆਂ ਦੀ ਇਕਲੌਤੀ ਪਾਰਟੀ ਹੈ, ਉਹ ਹੀ ਤਿੰਨਾਂ ਸਰਕਾਰਾਂ ਨੂੰ ਹਰਾ ਸਕਦੀ ਹੈ, ਜਿਨ੍ਹਾਂ ਖਿਲਾਫ ਉਹ ਡਟੀ ਹੈ ਭਾਵੇਂ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇ, ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਜਾਂ ਫਿਰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਕਿਉਂ ਨਾ ਹੋਵੇ। ਇਥੇ ਸੁਜਾਨਪੁਰ ਵਿਚ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਜ ਕੁਮਾਰ ਗੁਪਤਾ ਦੀ ਹਮਾਇਤ ’ਚ ਹਿੰਦੂ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਦਲ ਨੇ ਕਿਹਾ ਕਿ ਪੰਜਾਬੀ ਕਦੇ ਵੀ ਬਾਹਰਲਿਆਂ ਨੂੰ ਉਨ੍ਹਾਂ ’ਤੇ ਰਾਜ ਕਰਨ ਨਹੀਂ ਦੇਣਗੇ ਅਤੇ ਉਹ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਉਣਗੇ ਕਿ ਅਕਾਲੀ ਦਲ ਹੀ ਖੇਤਰੀ ਆਸਾਂ ’ਤੇ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਸਫਲ ਹੋਏ ਹਨ, ਅਸੀਂ ਵੀ ਸਾਡੇ ਖਿਲਾਫ ਡਟੀਆਂ ਤਿੰਨਾਂ ਤਾਕਤਾਂ ਨੂੰ ਮਾਤ ਦਿਆਂਗੇ ਅਤੇ 2022 ਵਿਚ ਜੇਤੂ ਹੋ ਕੇ ਨਿੱਤਰਾਂਗੇ।
ਇਸ ਤੋਂ ਪਹਿਲਾਂ ਹਜ਼ਾਰਾਂ ਸ਼ਹਿਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਸੁਜਾਨਪੁਰ ਦੇ ਪ੍ਰਵੇਸ਼ ਦੁਆਰ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸੇ ਲਈ ਉਹ ਨਮੋਸ਼ੀ ਵਿਚ ਹੈ, ਜਿਸ ਕਾਰਨ ਪਾਰਟੀ ਵਿਚ ਖਾਨਾਜੰਗੀ ਛਿੜੀ ਹੋਈ ਹੈ। ਇਸ ਕਾਰਨ ਆਉਂਦੇ ਦਿਨਾਂ ਵਿਚ ਕਾਂਗਰਸ ਪਾਰਟੀ ਦਾ ਆਪ ਹੀ ਭੋਗ ਪੈ ਜਾਵੇਗਾ।
ਬਾਦਲ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ’ਚ ਹਲਫੀਆ ਬਿਆਨ ਕਿਉਂ ਦਾਇਰ ਕੀਤਾ ਸੀ। ਇਸੇ ਤਰੀਕੇ ‘ਆਪ’ ਸਰਕਾਰ ਨੇ ਹਲਫੀਆ ਬਿਆਨ ਦਾਇਰ ਕਰ ਕੇ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਵੀ ਹਮਾਇਤ ਕੀਤੀ ਸੀ। ਇਸ ਵੇਲੇ ਕੇਜਰੀਵਾਲ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਡਰਾਮਾ ਕਰ ਰਿਹਾ ਹੈ ਅਤੇ ਪੰਜਾਬ ਵਿਚ ਇਹ ਪੱਤਾ ਨਹੀਂ ਚੱਲੇਗਾ। ਪੰਜਾਬੀ ਕੇਜਰੀਵਾਲ ਤੋਂ ਪੁੱਛ ਰਹੇ ਹਨ ਕਿ ਦਿੱਲੀ ਵਿਚ ਕਿਸੇ ਵੀ ਔਰਤ ਨੂੰ ਹੁਣ ਤੱਕ 1000 ਰੁਪਏ ਕਿਉਂ ਨਹੀਂ ਮਿਲੇ। ਇਸੇ ਤਰੀਕੇ ਕੇਜਰੀਵਾਲ ਪੰਜਾਬ ਦੇ ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਦੀ ਆਪਣੀ ਸਰਕਾਰ ਨੇ ਦਿੱਲੀ ਵਿਚ ਹੁਣ ਤੱਕ ਕਈ ਸਾਲਾਂ ਤੋਂ 10 ਹਜ਼ਾਰ ਮੁਲਾਜ਼ਮ ਪੱਕੇ ਨਹੀਂ ਕੀਤੇ।
ਬਾਦਲ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਅਕਾਲੀ ਦਲ ’ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਇਸਨੇ ਲੋਕਾਂ ਨਾਲ ਜੋ ਵਾਅਦੇ ਕੀਤੇ, ਉਹ ਹਮੇਸ਼ਾ ਨਿਭਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੀ. ਪੀ. ਐੱਲ. ਪਰਿਵਾਰਾਂ ਵਿਚੋਂ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਉਸੇ ਤਰੀਕੇ ਦ੍ਰਿੜ੍ਹ ਸੰਕਲਪ ਹਨ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 5 ਵਾਰ ਮੁੱਖ ਮੰਤਰੀ ਹੁੰਦਿਆਂ ਸੂਬੇ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪਾਰਟੀ ਨੇ ਸਮਾਜ ਵਿਚ ਵੰਡੀਆਂ ਪਾ ਦਿੱਤੀਆਂ, ਜਿਸ ਨਾਲ ਸਮਾਜਿਕ ਤਾਣਾ ਬਾਣਾ ਲੀਰੋ-ਲੀਰ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਗੈਂਗਸਟਰਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਤੋਂ ਫਿਰੌਤੀਆਂ ਮੰਗ ਕਰ ਕੇ ਉਨ੍ਹਾਂ ’ਚ ਦਹਿਸ਼ਤ ਪੈਦਾ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਪਠਾਨਕੋਟ ਤੋਂ ਸੁਜਾਨਪੁਰ ਤੱਕ ਮੋਟਰਸਾਈਕਲ ਰੈਲੀ ਵਿਚ ਵੀ ਸ਼ਮੂਲੀਅਤ ਕੀਤੀ। ਇਸ ਰੈਲੀ ’ਚ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਭਾਗ ਲਿਆ।