ਏਮਜ਼ ''ਚ ਮਾਲਵਾ ਵਾਸੀਆਂ ਨੂੰ ਮਿਲਣਗੀਆਂ ਆਧੁਨਿਕ ਸਿਹਤ ਸੇਵਾਵਾਂ : ਹਰਸਿਮਰਤ ਬਾਦਲ

Sunday, Dec 22, 2019 - 09:08 PM (IST)

ਏਮਜ਼ ''ਚ ਮਾਲਵਾ ਵਾਸੀਆਂ ਨੂੰ ਮਿਲਣਗੀਆਂ ਆਧੁਨਿਕ ਸਿਹਤ ਸੇਵਾਵਾਂ : ਹਰਸਿਮਰਤ ਬਾਦਲ

ਬਠਿੰਡਾ, (ਪਰਮਿੰਦਰ)— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਬਠਿੰਡਾ 'ਚ ਸਥਾਪਤ ਕੀਤੇ ਗਏ ਏਮਜ਼ ਦੀ ਇਸ ਸ਼ੁਰੂਆਤ ਨਾਲ ਮਾਲਵੇ ਦੇ ਲੋਕਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਧੁਨਿਕ ਸਿਹਤ ਸੇਵਾਵਾਂ ਮਿਲ ਸਕਣਗੀਆਂ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਸੰਸਥਾਨ 'ਚ ਪ੍ਰਤੀਦਿਨ 1000 ਮਰੀਜ਼ਾਂ ਦੀ ਜਾਂਚ ਹੋਵੇਗੀ, ਜੋ ਬਹੁਤ ਜਲਦ 5 ਹਜ਼ਾਰ ਮਰੀਜ਼ ਪ੍ਰਤੀਦਿਨ ਤੱਕ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਸਤ 2020 ਤੱਕ ਉਕਤ ਸੰਸਥਾਨ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ 750 ਬੈੱਡਾਂ ਦਾ ਹਸਪਤਾਲ ਵੀ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾਨ 'ਚ ਆਧੁਨਿਕ ਉਪਕਰਣਾਂ ਅਤੇ ਮਸ਼ੀਨਾਂ ਨਾਲ ਮਰੀਜ਼ਾਂ ਦੀ ਜਾਂਚ-ਪੜਤਾਲ ਅਤੇ ਟੈਸਟ ਆਦਿ ਵਾਜਿਬ ਕੀਮਤਾਂ 'ਤੇ ਕੀਤੇ ਜਾਣਗੇ। 45 ਬੈੱਡਾਂ ਦਾ ਟਰੌਮਾ ਸੈਂਟਰ ਵੀ ਅਗਲੇ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਮੈਡੀਕਲ ਕਾਲਜ ਦੀਆਂ ਕਲਾਸਾਂ ਪਹਿਲਾਂ ਹੀ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਜਲਦ ਹੀ ਬਠਿੰਡਾ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਲੋਕਾਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਇਸ ਸੰਸਥਾਨ ਨੂੰ ਬਠਿੰਡਾ 'ਚ ਸਥਾਪਤ ਕਰਵਾਇਆ ਗਿਆ ਹੈ, ਜਿਸ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ।


author

KamalJeet Singh

Content Editor

Related News