ਮਾਮਲਾ ਵਿਵਾਦਾਂ 'ਚ ਆਏ ਗੁਰਦੁਆਰਾ ਸਾਹਿਬ ਦਾ, ਦਾਦੂਵਾਲ ਨੇ ਲਿਆ ਸਥਿਤੀ ਦਾ ਜਾਇਜ਼ਾ

Thursday, Jul 11, 2019 - 12:25 PM (IST)

ਮਲੋਟ (ਜੁਨੇਜਾ) - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਲੜਕੀਆਂ-ਲੜਕਿਆ ਦੇ ਅਨੰਦ ਕਾਰਜ ਤੇ ਸਰਟੀਫਿਕੇਟ ਜਾਰੀ ਕਰਨ ਨੂੰ ਲੈ ਕੇ ਚਰਚਾ 'ਚ ਆਏ ਵਾਰਡ ਨੰਬਰ-27 ਦੇ ਗੁਰਦੁਆਰਾ ਸਾਹਿਬ ਦਾ ਵਿਵਾਦ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਇਸ ਸਬੰਧੀ ਪਿੰਡ ਹਾਕੂਵਾਲਾ ਦੇ ਬਲਵਿੰਦਰ ਸਿੰਘ ਆਦਿ ਵਲੋਂ ਸ਼ਿਕਾਇਤ ਕਰਨ 'ਤੇ ਅਕਾਲ ਤਖ਼ਤ ਦੇ ਹੁਕਮਾਂ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੀ ਟੀਮ ਨੇ ਇਸ ਗੁਰਦੁਆਰਾ ਸਾਹਿਬ 'ਚੋਂ ਗੁਰੂ ਗ੍ਰੰਥ ਸਾਹਿਬ ਦੇ 7 ਸਰੂਪ ਚੁੱਕ ਲਏ ਸਨ, ਜਿਸ ਤੋਂ ਬਾਅਦ ਇਥੋਂ ਦੇ ਗ੍ਰੰਥੀ ਤੇ ਮੁਹੱਲਾ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ। ਸ਼ਿਕਾਇਤਕਰਤਾ ਧਿਰ ਵਲੋਂ ਇਹ ਮਾਮਲਾ ਅਕਾਲ ਤਖ਼ਤ ਦੇ ਮੁਤਵਾਜੀ ਜਥੇ. ਸੰਤ ਬਲਜੀਤ ਸਿੰਘ ਦਾਦੂਵਾਲ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਨੇ ਇਥੇ ਪੁੱਜ ਕਿ ਸਥਿਤੀ ਦਾ ਜਾਇਜ਼ਾ ਲਿਆ। 

ਸ਼ਿਕਾਇਤਕਰਤਾ ਧਿਰ ਅਤੇ ਬਲਵਿੰਦਰ ਸਿੰਘ ਹਾਕੂਵਾਲਾ, ਬਚਿੱਤਰ ਸਿੰਘ ਸਰਪੰਚ ਹਾਕੂਵਾਲਾ ਤੇ ਮੁਹੱਲਾ ਦੇ ਸ਼ਮਸ਼ੇਰ ਸਿੰਘ ਸ਼ਮੀ ਨੇ ਕਿਹਾ ਕਿ ਉਕਤ ਗ੍ਰੰਥੀ ਦਾ ਇਹ ਗੁਰਦੁਆਰਾ ਸਾਹਿਬ ਨਿੱਜੀ ਹੈ ਅਤੇ ਇਥੇ ਘਰੋਂ ਭੱਜ ਕੇ ਆਏ ਲੜਕੇ ਲੜਕੀਆਂ ਦਾ ਬੇ ਟਾਇਮ ਅਨੰਦ ਕਾਰਜ ਕਰਾਕੇ ਵਿਆਹ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਸ ਸਬੰਧੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਗੁਰਦੁਆਰਾ  ਸਾਹਿਬ 'ਚੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਚੁੱਕ ਕੇ ਲਿਜਾਏ ਗਏ ਹਨ ਪਰ ਹੁਣ ਉਕਤ ਗ੍ਰੰਥੀ ਫਿਰ ਤੋਂ ਗੁਰਦੁਆਰਾ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖਤ ਸਾਹਿਬ ਵਲੋਂ ਭੇਜੇ ਸਿੰਘ ਸਾਹਿਬਾਨ ਵਲੋਂ ਇਸ ਗ੍ਰੰਥੀ ਪਾਸੋਂ ਇਕ ਅਜਿਹੀ ਪੋਥੀ ਹਾਸਲ ਕੀਤੀ ਸੀ ਜਿਸ ਦੀ ਜਿਲਦ ਅਤੇ ਕੁਝ ਪੰਨੇ ਸੜੇ ਅਤੇ ਫਟੇ ਹੋਏ ਸਨ। ਇਸ ਸਬੰਧ 'ਚ ਗ੍ਰੰਥੀ ਨੇ ਕਿਹਾ ਕਿ ਉਸ ਨੂੰ ਇਹ ਕੋਈ ਵਿਅਕਤੀ ਦੇ ਕੇ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਤੇ ਜਾਂਚ ਕੀਤੀ ਜਾਵੇ ਅਤੇ ਗ੍ਰੰਥੀ ਵਿਰੁੱਧ ਕੇਸ ਦਰਜ ਕੀਤਾ ਜਾਵੇ।

ਉਧਰ ਗ੍ਰੰਥੀ ਕਰਮ ਸਿੰਘ ਦਾ ਕਹਿਣਾ ਹੈ ਉਨ੍ਹਾਂ 'ਤੇ ਅਨੰਦ ਕਾਰਜ ਸਬੰਧੀ ਜੋ ਦੋਸ਼ ਲੱਗਾ ਸੀ ਉਸ ਦੀ ਉਹ ਤਖਤ ਦਮਦਮਾ ਸਾਹਿਬ ਜਾ ਕੇ ਮੁਆਫੀ ਮੰਗ ਆਏ ਹਨ ਅਤੇ ਇਹ ਮਾਮਲਾ ਖਤਮ ਹੋ ਗਿਆ ਹੈ। ਨਵੇਂ ਗੁਰਦਵਾਰਾ ਸਾਹਿਬ ਦੀ ਇਮਾਰਤ ਬਨਣ ਤੋਂ ਪਿੱਛੋਂ ਉਹ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲੈ ਕੇ ਗੁਰਦਵਾਰਾ ਸਾਹਿਬ ਸ਼ੁਰੂ ਕਰਨਗੇ। ਉਧਰ ਮੌਕੇ 'ਤੇ ਪੁੱਜੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਇਸ ਬਾਰੇ ਅਕਾਲ ਤਖਤ ਸਾਹਿਬ ਅਤੇ ਕਮੇਟੀ ਵੱਲੋਂ ਇਸ ਪੂਰੇ ਮਾਮਲੇ ਨੂੰ ਘੋਖਿਆ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News