ਕਾਂਗਰਸ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ : ਪ੍ਰਕਾਸ਼ ਸਿੰਘ ਬਾਦਲ
Thursday, Sep 05, 2019 - 06:11 PM (IST)

ਮਲੋਟ (ਤਰਸੇਮ ਢੁੱਡੀ, ਜੱਜ, ਗੋਇਲ, ਜੁਨੇਜਾ) - ਕਾਂਗਰਸ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਲੋਕ ਫਤਵੇ ਦਾ ਸਨਮਾਨ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਮਲੋਟ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਦੇ ਘਰ ਅੱਧੀ ਰਾਤ ਨੂੰ ਸਿਵਲ ਵਰਦੀ 'ਚ ਮੁਲਾਜ਼ਮ ਭੇਜ ਕੇ ਡਰਾਉਣ-ਧਮਕਾਉਣ ਦੀਆਂ ਹਰਕਤਾਂ ਲੋਕਤੰਤਰ ਦੀ ਹੱਤਿਆ ਕਰਨ ਵਾਂਗ ਹੈ।ਸਾਡੇ ਮੈਂਬਰ ਅਕਾਲੀ ਦਲ ਦੇ ਜੁਝਾਰੂ ਵਰਕਰ ਹਨ, ਜੋ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ। ਇਸ ਮੌਕੇ ਮੌਜੂਦ ਸਾਬਕਾ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਕਿਹਾ ਕਿ ਬੀਤੀ ਰਾਤ ਪਿੰਡ ਝੋਰੜਾਂ ਵਿਖੇ ਬਲਾਕ ਸੰਮਤੀ ਮੈਂਬਰ ਕਾਲਾ ਰਾਮ ਦੇ ਘਰ 3 ਗੱਡੀਆਂ 'ਚ ਪੁੱਜੇ ਦਰਜਨ ਭਰ ਵਿਅਕਤੀ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਸਨ, ਨੇ ਉਸ ਦੇ ਲੜਕੇ ਦੀ ਕੁੱਟ-ਮਾਰ ਕਰਕੇ ਗੱਡੀ 'ਚ ਲਿਜਾਣ ਦੀ ਕੋਸ਼ਿਸ਼ ਕੀਤੀ ਸੀ।
ਪਰਿਵਾਰ ਵਲੋਂ ਰੌਲਾ ਪਾਉਣ 'ਤੇ ਪਿੰਡ ਵਾਸੀ ਜਾਗ ਗਏ ਅਤੇ ਇਨ੍ਹਾਂ ਨੂੰ ਘੇਰ ਲਿਆ। ਦੋ ਗੱਡੀਆਂ 'ਚ ਕੁਝ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਏ ਪਰ ਇਕ ਗੱਡੀ 'ਤੇ ਚਾਰ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ, ਜਿਨ੍ਹਾਂ ਨੂੰ ਥਾਣਾ ਸਦਰ ਮੁਖੀ ਛੁਡਾ ਕੇ ਲਿਆਏ। ਉਨ੍ਹਾਂ ਦੱਸਿਆ ਕਿ ਇਹ ਮੁਲਾਜ਼ਮ ਸਿਵਲ ਵਰਦੀ 'ਚ ਸਨ ਅਤੇ ਆਪਣੇ-ਆਪ ਨੂੰ ਸੀ. ਆਈ. ਸਟਾਫ ਦੱਸ ਰਹੇ ਸਨ। ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲ ਨਾ ਤਾਂ ਆਈ. ਡੀ. ਕਾਰਡ ਸੀ ਅਤੇ ਨਾ ਹੀ ਇਨ੍ਹਾਂ ਦੀਆਂ ਗੱਡੀਆਂ 'ਤੇ ਨੰਬਰ ਪਲੇਟ ਸਨ। ਇਸ ਤੋਂ ਇਲਾਵਾ ਪਿੰਡ ਜੰਡਵਾਲਾ ਦੀ ਮੈਂਬਰ ਪਰਮਜੀਤ ਕੌਰ ਅਤੇ ਦਾਨੇਵਾਲਾ ਦੇ ਮੈਂਬਰ ਮੰਗਾ ਸਿੰਘ ਦੇ ਘਰ ਵੀ ਪੁਲਸ ਨੇ ਜਾ ਕੇ ਡਰਾਉਣ ਅਤੇ ਪੈਸਿਆਂ ਦਾ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ।
ਉਧਰ ਪ੍ਰਸ਼ਾਸਨ ਨੇ ਅਕਾਲੀ ਦਲ ਦੀ ਹਲਚਲ ਵੇਖਦਿਆਂ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦੇ ਕੇ ਅੱਜ ਹੋਣ ਵਾਲੀ ਚੋਣ ਮੁੜ ਮੁਲਤਵੀ ਕਰ ਦਿੱਤੀ ਅਤੇ 7 ਸਤੰਬਰ ਨੂੰ ਅਗਲੀ ਤਾਰੀਖ ਮਿੱਥ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਮਾਰੇ ਗਏ ਵਿਅਕਤੀਆਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਅਮਰਜੀਤ ਸਿੰਘ ਜੰਡਵਾਲਾ, ਬਸੰਤ ਸਿੰਘ ਕੰਗ, ਸੁਖਪਾਲ ਸਿੰਘ ਸਰਪੰਚ, ਧੀਰ ਸਮਾਘ, ਪਰਮਿੰਦਰ ਕੋਲਿਆਂਵਾਲੀ, ਨਿੱਪੀ ਔਲਖ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਤਰਖਾਣਵਾਲਾ ਆਦਿ ਮੌਜੂਦ ਸੀ।