ਹੁਣ ਜਗਰਾਓਂ ਤੋਂ ਟਿਕਟ ਕੱਟੇ ਜਾਣ ''ਤੇ ਭੜਕੇ ਸਾਬਕਾ ਮੰਤਰੀ ਮਲਕੀਤ ਦਾਖਾ, CM ਚੰਨੀ ਖ਼ਿਲਾਫ਼ ਕੱਢੀ ਭੜਾਸ

01/27/2022 10:15:20 AM

ਲੁਧਿਆਣਾ (ਨਰਿੰਦਰ) : ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਵਿਵਾਦ ਵੱਧਦਾ ਜਾ ਰਿਹਾ ਹੈ। ਜਿਨ੍ਹਾਂ ਕਾਂਗਰਸੀ ਉਮੀਦਵਾਰਾਂ ਦੀ ਟਿਕਟ ਕੱਟੀ ਗਈ ਹੈ, ਉਨ੍ਹਾਂ ਨੇ ਹੁਣ ਕਾਂਗਰਸ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਾਂ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ ਅਮਰੀਕ ਢਿੱਲੋਂ ਅਤੇ ਹੁਣ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਜਗਰਾਓਂ ਹਲਕੇ ਤੋਂ ਉਮੀਦਵਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 4 ਸਾਬਕਾ ਮੁੱਖ ਮੰਤਰੀਆਂ ਦੇ ਰਿਸ਼ਤੇਦਾਰ ਲੜ ਰਹੇ ਚੋਣਾਂ

ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਗਰਾਓਂ ਹਲਕੇ ਤੋਂ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਜੋ ਕੁੱਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਵਿਧਾਇਕੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਇਆ ਹੈ ਅਤੇ ਇੱਥੋਂ ਤੱਕ ਕਿ ਉਸ ਨੂੰ ਆਪਣੇ ਹਲਕੇ ਤੋਂ ਨਹੀਂ, ਸਗੋਂ ਜਗਰਾਓਂ ਤੋਂ ਸੀਟ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਪੁਰਾਣੇ ਟਕਸਾਲੀ ਕਾਂਗਰਸੀ ਹਨ ਅਤੇ ਉਨ੍ਹਾਂ ਦੀ ਟਿਕਟ ਇਸ ਤਰ੍ਹਾਂ ਕੱਟਣਾ ਬੇਹੱਦ ਦੁਖਦਾਈ ਹੈ। ਮਲਕੀਤ ਸਿੰਘ ਦਾਖਾ ਨੇ ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਂਗਰਸ ਨੇ 4 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ, 13 ਸੀਟਾਂ 'ਤੇ ਬਦਲੇ ਉਮੀਦਵਾਰ

ਉਨ੍ਹਾਂ ਕਿਹਾ ਕਿ ਜਗਰਾਓਂ ਹਲਕੇ ਦੀ ਸੀਟ ਬਾਰੇ ਕਾਂਗਰਸ ਨੂੰ ਮੁੜ ਤੋਂ ਵਿਚਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਗਤਾਰ ਜੱਗਾ ਨੂੰ ਟਿਕਟ ਦੇ ਕੇ ਸਹੀ ਨਹੀਂ ਕੀਤਾ ਕਿਉਂਕਿ ਉਹ ਜਗਰਾਓਂ ਸੀਟ ਤੋਂ ਜਿੱਤ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਉਹ ਦੋ ਵਾਰ ਮਿਲੇ ਸਨ ਅਤੇ ਜਿੱਤ ਦਾ ਭਰੋਸਾ ਦਿਵਾਇਆ ਸੀ ਪਰ ਸ਼ਾਇਦ ਨਵਜੋਤ ਸਿੱਧੂ ਦੀ ਵੀ ਨਹੀਂ ਸੁਣੀ ਗਈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News