ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ
Thursday, Sep 26, 2019 - 07:28 PM (IST)

ਮਹਿਲਕਲਾਂ,(ਵਿਵੇਕ ਸਿੰਧਵਾਨੀ,ਰਵੀ) : ਬਲਾਕ ਮਹਿਲ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਦੇ ਇੱਕ ਪੰਜਾਬੀ ਨੌਜਵਾਨ ਦੀ ਮਲੇਸ਼ੀਆ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸਾਬਕਾ ਸਰਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੋਤਰਾ ਗੁਰਜੀਤ ਸਿੰਘ ਵਿਰਕ ਪੁੱਤਰ ਸੁਰਜੀਤ ਸਿੰਘ ਪਿਛਲੇ ਦਿਨੀਂ ਮਲੇਸ਼ੀਆ ਵਿਖੇ ਗਿਆ ਸੀ। ਜਿੱਥੇ ਉਹ ਅਚਾਨਕ ਬਿਮਾਰ ਹੋ ਗਿਆ ਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ,ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਗੁਰਜੀਤ ਦੀ ਮੌਤ ਵਾਲੀ ਖਬਰ ਉਨ੍ਹਾਂ ਦੇ ਸਾਥੀਆਂ ਵੱਲੋਂ ਹੀ ਸਾਡੇ ਪਰਿਵਾਰ ਨੂੰ ਦਿੱਤੀ ਗਈ ।
ਉਕਤ ਨੌਜਵਾਨ ਦੀ ਮੌਤ ਨਾਲ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਕਾਰਜਕਾਰੀ ਸਰਪੰਚ ਗੋਬਿੰਦ ਸਿੰਘ, ਸੁਰਜੀਤ ਸਿੰਘ ਵਿਰਕ, ਜਥੇਦਾਰ ਜੋਰਾ ਸਿੰਘ ਵਜੀਦਕੇ, ਹਰਜਿੰਦਰ ਸਿੰਘ, ਬੇਅੰਤ ਸਿੰਘ ਸਰਾਂ, ਪੰਚ ਜਸਵੀਰ ਸਿੰਘ, ਪੰਚ ਨਛੱਤਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।