ਸ੍ਰੀ ਮੁਕਤਸਰ ਸਾਹਿਬ ਨੂੰ ਮਾਡਲ ਬਣਾਉਣਾ ਮੇਰੀ ਜ਼ਿੰਮੇਵਾਰੀ ਪਰ ਮੈਨੂੰ ਸਾਫ ਰੱਖਣਾ ਲੋਕਾਂ ਦੇ ਹੱਥ : ਕਾਕਾ ਬਰਾੜ
Thursday, Apr 14, 2022 - 10:01 AM (IST)
ਸ੍ਰੀ ਮੁਕਤਸਰ ਸਾਹਿਬ (ਰਮਨਦੀਪ ਸੋਢੀ): ਆਮ ਆਦਮੀ ਪਾਰਟੀ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਬੇਸ਼ੱਕ ਅੱਜ ਸਿਆਸੀ ਪਾਰੀ ਖੇਡ ਰਹੇ ਹਨ ਪਰ ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਉਨ੍ਹਾਂ ਨੂੰ ਅੱਜ ਵੀ ਖੇਤੀ ਦਾ ਸ਼ੌਕ ਹੈ ਅਤੇ ਉਹ ਪਰਿਵਾਰ ਦੀ 150 ਏਕੜ ਜ਼ਮੀਨ ’ਤੇ ਖੇਤੀ ਕਰਦੇ ਹਨ। ਦਫ਼ਤਰ ਨਾਲੋਂ ਖੇਤ ’ਚ ਟਾਹਲੀ ਹੇਠ ਮੰਜਾ ਡਾਹ ਕੇ ਬੈਠਣਾ ਪਸੰਦ ਕਰਦੇ ਹਨ। ਬਚਪਨ ਤੋਂ ਖੁੱਲ੍ਹੇ ਪੈਸੇ ’ਚ ਪਲੇ ਹਨ। ਦੱਸਦੇ ਹਨ ਕਿ ਘਰ ’ਚ ਪੈਸਿਆਂ ਵਾਲੀ ਅਲਮਾਰੀ ਨੂੰ ਕਦੇ ਜਿੰਦਾ ਨਹੀਂ ਸੀ ਲੱਗਿਆ। ਪੇਸ਼ ਹਨ ਕਾਕਾ ਬਰਾੜ ਵੱਲੋਂ ‘ਜਗ ਬਾਣੀ’ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੇ ਕੁਝ ਅੰਸ਼
ਵੱਟਾਂ ’ਤੇ ਤੁਰਨ ਵਾਲਾ ਬੰਦਾ ਸਿਆਸਤ ਦੇ ਰਾਹ ਕਿਵੇਂ ਪਿਆ?
ਕੁਝ ਦੋਸਤ ਇਕੱਠੇ ਹੋ ਕੇ ਮੇਰੇ ਕੋਲ ਆਏ ਅਤੇ ਨਗਰ ਨਿਗਮ ਚੋਣਾਂ ਲੜਨ ਦੀ ਅਪੀਲ ਕੀਤੀ। ਇਥੋਂ ਹੀ ਸਿਆਸੀ ਸਫ਼ਰ ਸ਼ੁਰੂ ਹੋਇਆ। ਮੈਂ ਪਹਿਲੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਅਤੇ ਮੈਨੂੰ 10 ਸਾਲ ਨਗਰ ਨਿਗਮ ਦਾ ਮੈਂਬਰ ਰਹਿਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ
ਆਮ ਆਦਮੀ ਪਾਰਟੀ ’ਚ ਐਂਟਰੀ ਦਾ ਸਬੱਬ ਕਿਵੇਂ ਬਣਿਆ?
ਰਵਾਇਤੀ ਪਾਰਟੀਆਂ ਅਕਾਲੀ-ਕਾਂਗਰਸ ਦੀਆਂ ਨੀਤੀਆਂ ਤੋਂ ਮੈਂ ਅਸੰਤੁਸ਼ਟ ਸੀ ਕਿਉਂਕਿ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਲੋਕ ਮਾਰੂ ਸਨ। ਕੁਝ ਦੋਸਤਾਂ ਨੇ ਅਤੇ ਖ਼ਾਸ ਕਰ ਮੇਰੀ ਭੈਣ ਤੇ ਜੀਜਾ ਜੀ ਨੇ ਮੈਨੂੰ ਆਮ ਆਦਮੀ ਪਾਰਟੀ ’ਚ ਜਾਣ ਦੀ ਸਲਾਹ ਦਿੱਤੀ। ਜੀਜਾ ਜੀ ਇੰਗਲੈਂਡ ਵਿਚ ਰਹਿੰਦੇ ਹਨ ਅਤੇ ਉਥੋਂ ਦੇ ਸਾਫ਼-ਸੁਥਰੇ ਸਿਸਟਮ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੇ ਅੰਨਾ ਹਜ਼ਾਰੇ ਦੀ ਲਹਿਰ ਵਿਚ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਦੇ ਕਹਿਣ ’ਤੇ ਹੀ ‘ਆਪ’ ਵਿਚ ਸ਼ਾਮਲ ਹੋਣ ਦਾ ਸਬੱਬ ਬਣਿਆ। ਜਦੋਂ ਲੁਧਿਆਣਾ ’ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਦਫ਼ਤਰ ਖੋਲ੍ਹਿਆ ਸੀ ਤਾਂ ਮੇਰੀ ਭੈਣ-ਜੀਜਾ ਜੀ ਦੇ ਫਾਰਮ ਹਾਊਸ ’ਚ ਹੀ ਖੋਲ੍ਹਿਆ ਗਿਆ ਸੀ। ਉਥੋਂ ਹੀ ਆਮ ਆਦਮੀ ਪਾਰਟੀ ਨਾਲ ਆਉਣਾ-ਜਾਣਾ ਸ਼ੁਰੂ ਹੋ ਗਿਆ।
ਮਾਪਿਆਂ ਨੂੰ ਯਾਦ ਕਰਕੇ ਰੋਣ ਲੱਗੇ ਬਰਾੜ
ਮਾਂ-ਬਾਪ ਨੂੰ ਯਾਦ ਕਰਕੇ ਵਿਧਾਇਕ ਸਾਬ ਭਾਵੁਕ ਹੋ ਗਏ। ਦੱਸਦੇ ਨੇ ਕਿ ਮਾਂ-ਪਿਓ ਦੀ ਮੌਤ ਮੇਰੇ ਹੱਥਾਂ ਵਿਚ ਹੋਈ ਸੀ। ਪਿਤਾ ਜੀ ਕੈਂਸਰ ਤੋਂ ਪੀੜਤ ਸਨ ਅਤੇ ਮਾਤਾ ਜੀ ਮਲੇਰੀਆ-ਡੇਂਗੂ ਦੇ ਸ਼ਿਕਾਰ ਹੋ ਗਏ ਸਨ। ਬੇਸ਼ੱਕ ਇਲਾਜ ਕਰਵਾਉਣ ਮਗਰੋਂ ਪਿਤਾ ਜੀ ਦੀ ਰਿਪੋਰਟ ਠੀਕ ਆਈ ਸੀ ਪਰ ਉਹ ਸਾਨੂੰ ਛੱਡ ਗਏ। ਬਦਕਿਸਮਤੀ ਇਹ ਵੀ ਸੀ ਕਿ ਮਾਤਾ ਜੀ ਦੀ ਮੌਤ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ ਸੀ। ਇਕ ਨਿੱਜੀ ਹਸਪਤਾਲ ਨੇ ਗ਼ਲਤ ਖ਼ੂਨ ਚੜ੍ਹਾ ਦਿੱਤਾ ਸੀ, ਜਿਸ ਕਾਰਨ ਮਾਂ ਰੱਬ ਨੂੰ ਪਿਆਰੇ ਹੋ ਗਏ ਸਨ। ਕੋਈ ਰਾਜਾ ਵੀ ਆਪਣੇ ਬੱਚਿਆਂ ਨੂੰ ਇਵੇਂ ਨਹੀਂ ਰੱਖਦਾ ਜਿਵੇਂ ਮੈਨੂੰ ਮੇਰੇ ਮਾਪਿਆਂ ਨੇ ਰੱਖਿਆ।
ਖੁਦ 10 ਜਮਾਤਾਂ ਪਾਸ ਪਰ ਬੱਚੇ ਕਰ ਰਹੇ ਨੇ ਉਚੇਰੀ ਪੜ੍ਹਾਈ
ਮੇਰੇ ਪਿਤਾ ਜੀ ਦੀ ਪੜ੍ਹਾਈ ’ਚ ਰੁਚੀ ਸੀ। ਮੇਰੇ ਮਾਤਾ ਜੀ ਨੇ ਵੀ ਕਾਲਜ ਦੀ ਪੜ੍ਹਾਈ ਕੀਤੀ ਸੀ। ਤਾਇਆ ਜੀ ਨੇ ਗ੍ਰੈਜੂਏਸ਼ਨ ਅਤੇ ਭੂਆ ਜੀ ਨੇ ਐੱਮ. ਏ. ਕੀਤੀ ਸੀ। ਮੇਰੇ ਪਿਤਾ ਨੇ ਮੇਰੀ ਭੈਣ ਨੂੰ ਸ਼ਿਮਲੇ ਪੜ੍ਹਨ ਭੇਜਿਆ ਸੀ। ਤਾਏ ਦੇ ਪੁੱਤਰ ਵੀ ਪੜ੍ਹੇ-ਲਿਖੇ ਹਨ। ਜਦੋਂ ਮੇਰੇ ਬੱਚੇ ਹੋਏ ਤਾਂ ਵੱਡੀ ਧੀ ਅਤੇ ਪੁੱਤਰ ਨੂੰ ਪਿਤਾ ਜੀ ਨੇ ਮੈਨੂੰ ਪੁੱਛੇ ਬਿਨਾਂ ਹੀ ਦੇਹਰਾਦੂਨ ਦਾਖਲ ਕਰਵਾ ਦਿੱਤਾ ਸੀ। ਛੋਟੀ ਧੀ ਦੇ ਦਿਮਾਗ ’ਚ ਇਹ ਨਾ ਆਵੇ ਕਿ ਕੁੜੀ ਕਾਰਨ ਜਾਂ ਛੋਟੀ ਹੋਣ ਕਾਰਨ ਮੈਨੂੰ ਪੜ੍ਹਨ ਲਈ ਨਹੀਂ ਭੇਜਿਆ ਇਸ ਲਈ ਮੈਂ ਉਸਨੂੰ ਗਵਾਲੀਅਰ ਸਕੂਲ ’ਚ ਦਾਖਲ ਕਰਵਾ ਦਿੱਤਾ। ਬੱਚਿਆਂ ਤੋਂ ਦੂਰ ਰਹਿਣਾ ਔਖਾ ਤਾਂ ਲੱਗਦਾ ਹੈ ਪਰ ਉਨ੍ਹਾਂ ਦੀ ਭਲਾਈ ਲਈ ਇਹ ਫ਼ੈਸਲਾ ਲੈਣਾ ਪਿਆ। ਮੈਂ 10 ਜਮਾਤਾਂ ਹੀ ਪੜ੍ਹ ਸਕਿਆ ਹਾਂ ਕਿਉਂਕਿ ਪਰਿਵਾਰ ਦੀ ਵੰਡ ਮਗਰੋਂ ਕਬੀਲਦਾਰੀ ਮੇਰੇ ਸਿਰ ਪੈ ਗਈ ਅਤੇ ਖੇਤੀ ਦਾ ਸਾਰਾ ਕੰਮਕਾਰ ਮੈਨੂੰ ਸੰਭਾਲਣਾ ਪਿਆ ਸੀ।
ਰਾਜ ਸਭਾ ’ਚ ਭੇਜੇ ਗਏ ਮੈਂਬਰਾਂ ਨੂੰ ਲੈ ਕੇ ਵਿਰੋਧੀ ਸਵਾਲ ਚੁੱਕ ਰਹੇ ਹਨ?
ਆਮ ਆਦਮੀ ਪਾਰਟੀ ਨੇ ਦੇਸ਼ ਪੱਧਰ ’ਤੇ ਕਾਮਯਾਬ ਹੋਣਾ ਹੈ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਪਾਰਟੀ ਵੱਲੋਂ ਸੋਚ-ਸਮਝ ਕੇ ਹੀ ਰਾਜ ਸਭਾ ਮੈਂਬਰ ਚੁਣੇ ਗਏ ਹਨ।
ਲੋਕ ਮਨਾਂ ’ਚ ਮੁਫ਼ਤ ਬਿਜਲੀ ਅਤੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਖਦਸ਼ਾ ਹੈ?
ਮੇੇਰੀ ਜਾਣਕਾਰੀ ਅਨੁਸਾਰ ਕੋਈ ਵੀ ਸਰਕਾਰ ਬਿਜਲੀ ਬਿੱਲ ਮੁਆਫ਼ ਕਰਦੀ ਹੈ ਤਾਂ ਮੁਆਫ਼ ਕੀਤੀ ਬਿਜਲੀ ਦਾ ਭੁਗਤਾਨ ਕਾਨੂੰਨ ਦੇ ਤਹਿਤ ਉਹ ਬਿਜਲੀ ਬੋਰਡ ਨੂੰ ਅਦਾ ਕਰਦੀ ਹੈ। ਜੇਕਰ ਚਿੱਪ ਵਾਲੇ ਮੀਟਰ ਵੀ ਲੱਗਦੇ ਹਨ ਤਾਂ ਇਹ ਮੁਫ਼ਤ ਬਿਜਲੀ ਦੇਣ ਵਿਚ ਰੁਕਾਵਟ ਨਹੀਂ ਹੋ ਸਕਦੇ ਕਿਉਂਕਿ ਸਰਕਾਰ ਖੁਦ ਬਿਜਲੀ ਬੋਰਡ ਨੂੰ ਮੁਆਫ਼ ਕੀਤੀ ਬਿਜਲੀ ਦੇ ਪੈਸੇ ਅਦਾ ਕਰੇਗੀ।
ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ
ਕਹਿੰਦੇ ‘ਆਪ’ ਦੇ ਨਵੇਂ ਵਿਧਾਇਕਾਂ ਨੂੰ ਸਿਸਟਮ ਸਮਝ ਨਹੀਂ ਆ ਰਿਹਾ ਅਜੇ?
ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਅਕਲ ਮੁੱਲ ਵਿਕਦੀ ਐ, ਜਦੋਂ ਮੈਂ ਇਸ ਗੱਲ ਦਾ ਅਰਥ ਪੁੱਛਿਆ ਤਾਂ ਕਹਿੰਦੇ ਜਦੋਂ ਤੁਸੀਂ ਕਿਸੇ ਚੀਜ਼ ’ਚ ਠੱਗੀ ਖਾ ਕੇ ਆਏ ਤਾਂ ਅਕਲ ਆਉਂਦੀ ਹੈ। ਇਸਦਾ ਭਾਵ ਕਿ ਬਹੁਤੀਆਂ ਗੱਲਾਂ ਤਜਰਬੇ ਤੋਂ ਪਤਾ ਲੱਗਦੀਆਂ ਹਨ। ਵਿਧਾਇਕ ਬਣ ਕੇ ਸਾਰੇ ਦਿਨ ਦਾ ਕੰਮਕਾਜ ਔਖਾ ਤਾਂ ਲੱਗਦਾ ਪਰ ਹੌਲੀ-ਹੌਲੀ ਬੰਦਾ ਉਸੇ ਤਰ੍ਹਾਂ ਦਾ ਹੋ ਜਾਂਦਾ।
ਕੀ ਤੁਹਾਡੇ ਕੋਲ ਸਿਆਸੀ ਲਾਹਾ ਲੈਣ ਲਈ ਵੀ ਬੰਦੇ ਆਉਂਦੇ ਨੇ?
ਰੋਜ਼ ਆਉਂਦੇ ਨੇ ਪਰ ਇਥੋਂ ਦੇ ਹਾਲਾਤ ਵੇਖ ਕੇ ਮੁੜ ਜਾਂਦੇ ਹਨ। ਮੈਂ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਕਿਸੇ ਗਲਤ ਰਾਹ ’ਤੇ ਚੱਲਣ ਤੋਂ ਰੋਕੀਂ। ਭ੍ਰਿਸ਼ਟ ਲੋਕਾਂ ਨੂੰ ਇਸ ਵਾਰ ਵੋਟਰਾਂ ਨੇ ਕਿਸੇ ਗਿਣਤੀ ਵਿਚ ਨਹੀਂ ਰੱਖਿਆ। ਜੇਕਰ ਮੈਂ ਕੁਝ ਗਲਤ ਕੀਤਾ ਤਾਂ ਲੋਕ ਮੈਨੂੰ ਵੀ ਪਾਸੇ ਕਰ ਦੇਣਗੇ। ਮੈਂ ਤਾਂ ਆਪਣੇ ਲੋਕਾਂ ਨੂੰ ਕਹਿੰਦਾ ਹਾਂ ਕਿ ਸਾਨੂੰ ਸਾਫ਼-ਸੁਥਰਾ ਤੁਸੀਂ ਰੱਖਣਾ ਹੈ। ਜੇਕਰ ਅਸੀਂ ਮਾੜਾ ਕੰਮ ਕਰਦੇ ਹਾਂ ਤਾਂ ਤੁਸੀਂ ਪਿੰਡ ਵਿਚਕਾਰ ਖੜ੍ਹੇ ਹੋ ਕੇ ਕਹਿ ਦੇਣਾ ਕਿ ਅਸੀਂ ਮਾੜਾ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ?
ਸ੍ਰੀ ਮੁਕਤਸਰ ਸਾਹਿਬ ’ਚ ਬਹੁਤ ਦੇਰ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤੇ ਇਹ ਬਹੁਤ ਵੱਡੀ ਸਮੱਸਿਆ ਹੈ। ਸੀਵਰ ਸਿਸਟਮ ਤੇ ਵਾਟਰ ਸਪਲਾਈ ਨੂੰ ਸੁਧਾਰਨ ਲਈ ਵੱਡੇ ਫੰਡ ਦੀ ਲੋੜ ਹੈ। ਸਾਰੇ ਸ਼ਹਿਰ ਦਾ ਸੱਤਿਆਨਾਸ਼ ਕਰਨ ਵਿਚ ਇਕ ਹੀ ਠੇਕੇਦਾਰ ਦਾ ਰੋਲ ਹੈ, ਜਿਸ ਨੇ ਇਹ ਸਭ ਕੁਝ ਲੀਡਰਾਂ ਤੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਕੀਤਾ। ਸਾਰੇ ਮੁਕਤਸਰ ਸਾਹਿਬ ਦਾ ਬਹੁਤ ਬੁਰਾ ਹਾਲ ਹੈ। ਮੈਂ ਸ਼ਹਿਰ ਦਾ ਸੁਧਾਰ ਕਰਨ ਵਿਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੈਂ ਉਮੀਦ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਾਸਨ ਤੋਂ ਕਿ ਉਹ ਸਾਥ ਦੇਣ ਕਿ ਸ਼ਹਿਰ ਦੀ ਕਾਇਆਕਲਪ ਹੋ ਸਕੇ। ਜੇ ਅਸੀਂ ਇਥੇ ਅੰਮ੍ਰਿਤ ਯੋਜਨਾ ਵਾਲਾ ਪ੍ਰਾਜੈਕਟ ਪਾਸ ਕਰਵਾ ਕੇ ਲੈ ਆਉਂਦੇ ਹਾਂ ਤਾਂ ਤੇਜ਼ੀ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ। ਫਿਲਹਾਲ ਇਸ ਸਬੰਧੀ ਸਾਡੀ ਮਹਿਕਮੇ ਨਾਲ ਗੱਲਬਾਤ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ