ਸਿਹਤ ਵਿਭਾਗ ਦੇ ਡਰੱਗ ਵਿੰਗ ਦੀ ਵੱਡੀ ਕਾਰਵਾਈ, 14.80 ਲੱਖ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ

Thursday, Oct 17, 2024 - 03:42 AM (IST)

ਅੰਮ੍ਰਿਤਸਰ (ਦਲਜੀਤ) - ਸਿਹਤ ਵਿਭਾਗ ਦੇ ਡਰੱਗ ਵਿੰਗ ਵੱਲੋਂ ਨਿਯਮਾਂ ਤੋਂ ਉਲਟ ਕੰਮ ਕਰਨ ਵਾਲੇ ਦੁਕਾਨਦਾਰ ਅਤੇ ਵੱਡੇ ਅਦਾਰਿਆਂ ਖਿਲਾਫ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਵਿਭਾਗ ਦੀ ਟੀਮ ਵੱਲੋਂ ਦਵਾਈਆਂ ਦੀ ਮਾਰਕੀਟ ਕਟੜਾ ਸ਼ੇਰ ਸਿੰਘ ਵਿਖੇ  ਮਾਤਾ ਚਿੰਤਪੁਰਨੀ ਫਾਰਮਾਸੈਟੀਕਲਜ਼ ਵਿਚ 6 ਕਿਸਮ ਦੀਆਂ ਨਸ਼ੀਲੀਆਂ ਦਵਾਈਆਂ (4400 ਕੈਪਸੂਲ ਪ੍ਰੀਗਾਬਾਲਿਨ 150 ਅਤੇ 300 ਮਿਲੀਗ੍ਰਾਮ+42200 ਕੈਪਸੂਲ ਗੈਬਾਪੇਂਟੀਨ) ਜ਼ਬਤ ਕੀਤੀਆਂ ਗਈਆਂ। ਬਾਜ਼ਾਰ  ਵਿਚ ਜ਼ਬਤ ਕੀਤੇ ਗਏ ਪਦਾਰਥਾਂ ਦੀ ਕੀਮਤ 14. 80 ਲੱਖ ਦੇ ਕਰੀਬ ਹੈ। ਸਬੰਧਤ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਲਈ ਸਿਹਤ ਵਿਭਾਗ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਦਿਸ਼ਾਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। 

ਸਿਹਤ ਵਿਭਾਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਵੱਲੋਂ  ਉਕਤ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਡਰੱਗ ਇੰਸਪੈਕਟਰ  ਬਬਲੀਨ ਕੌਰ ਵੀ ਮੌਜੂਦ ਸਨ। ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਦੁਕਾਨ ’ਤੇ ਚੈਕਿੰਗ ਕੀਤੀ ਗਈ ਤਾਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ। 

ਇਸ ਦੌਰਾਨ ਦੁਕਾਨ ਦਾ ਇੰਚਾਰਜ ਰਾਜਨ ਤ੍ਰੇਹਨ ਇਨ੍ਹਾਂ ਦਵਾਈਆਂ ਦਾ ਖਰੀਦ ਰਿਕਾਰਡ ਪੇਸ਼ ਕਰਨ ਵਿਚ ਅਸਫਲ ਰਿਹਾ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਦਵਾਈਆਂ ਨਸ਼ੇ ਦੇ ਤੌਰ ’ਤੇ ਵੀ ਵਰਤੀਆਂ ਜਾਂਦੀਆਂ ਹਨ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦਵਾਈਆਂ ’ਤੇ ਪਾਬੰਦੀ ਲਗਾਈ ਗਈ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਲਗਭਗ  14.80 ਲੱਖ ਰੁਪਏ ਹੈ। ਜ਼ਿਲਾ ਮੈਜਿਸਟ੍ਰੇਟ ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਐੱਫ. ਆਈ. ਆਰ ਦਰਜ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਦੂਸਰੇ ਪਾਸੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੇ ਕਿਹਾ ਕਿ ਡਰੱਗ ਐਂਡ ਕਾਸਮੈਟਿਕ ਐਕਟ ਨੂੰ ਲੈ ਕੇ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਅਚਨਚੇਤ ਚੈਕਿੰਗ ਆ ਕੀਤੀਆਂ ਜਾ ਰਹੀਆਂ ਹਨ, ਜਿੱਥੇ ਵੀ ਕੋਈ ਉਣਤਾਈ ਪਾਈ ਜਾਂਦੀ ਹੈ, ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਅਚਨਚੇਤ ਚੈਕਿੰਗ ਜਾਰੀ ਰਹੇਗੀ।


Inder Prajapati

Content Editor

Related News