ਭੋਗਪੁਰ ''ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀਆਂ ਗੋਲੀਆਂ
Saturday, Oct 10, 2020 - 06:17 PM (IST)
ਭੋਗਪੁਰ (ਰਾਜੇਸ਼ ਸੂਰੀ) : ਇੱਥੋਂ ਦੇ ਪਿੰਡ ਭਟਨੂਰਾ ਲੁਬਾਣਾ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਕ ਐਕਸ. ਯੂ. ਵੀ. ਗੱਡੀ 'ਚ ਸਵਾਰ ਤਿੰਨ ਨੌਜਵਾਨਾਂ ਵੱਲੋਂ ਆਪਣੇ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਹਮਲਾ ਕਰਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਬਚਾਅ 'ਚ ਆਏ ਨੌਜਵਾਨ ਦੇ ਤਾਏ ਵੱਲੋਂ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਨ 'ਤੇ ਦੋ ਗੋਲੀਆਂ ਮਾਰ ਦਿੱਤੇ ਜਾਣ ਦੀ ਖ਼ਬਰ ਹੈ। ਦੋਹਾਂ ਜ਼ਖ਼ਮੀਆਂ ਨੂੰ ਕਾਲਾ ਬੱਕਰਾ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਦਿੱਲੀ 'ਚ ਕੰਮ ਕਰਦਾ ਹੈ। ਅੱਜ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਇਸੇ ਦੌਰਾਨ ਇਕ ਐਸ. ਯੂ. ਵੀ. ਗੱਡੀ 'ਚ ਸਵਾਰ ਤਿੰਨ ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਸੰਦੀਪ ਸਿੰਘ ਦੇ ਗਲ 'ਚ ਪਾਈ ਹੋਈ ਸੋਨੇ ਦੀ ਚੈਨੀ ਝਪਟ ਲਈ, ਜਦੋਂ ਸੰਦੀਪ ਇਨ੍ਹਾਂ ਹਮਲਾਵਰਾਂ ਨਾਲ ਉਲਝ ਪਿਆ ਤਾਂ ਸੰਦੀਪ ਨੇ ਉਨ੍ਹਾਂ ਦਾ ਮੋਬਾਈਲ ਖੋਹ ਲਿਆ। ਜਦੋਂ ਹਮਲਾਵਰ ਭੱਜਣ ਲੱਗੇ ਤਾਂ ਸੰਦੀਪ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਹਮਲਾਵਰਾਂ ਨੇ ਸੰਦੀਪ ਨੂੰ ਗੋਲੀਆਂ ਮਾਰ ਦਿੱਤੀਆਂ।
ਇਹ ਵੀ ਪੜ੍ਹੋ : ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ
ਇਸੇ ਦਰਮਿਆਨ ਬਚਾਅ ਲਈ ਆਏ ਉਸ ਦੇ ਤਾਏ ਸੁਖਦੇਵ ਸਿੰਘ ਪੁੱਤਰ ਵੀਰ ਸਿੰਘੂ ਵਾਸੀ ਭਟਨੂਰਾ ਲੁਬਾਣਾ ਨੂੰ ਵੀ ਦੋ ਗੋਲੀਆਂ ਮਾਰੀਆਂ ਗਈਆਂ ਹਨ। ਦੋਹਾਂ ਜ਼ਖ਼ਮੀਆਂ ਦਾ ਇਲਾਜ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ। ਮੌਕੇ 'ਤੇ ਹੀ ਫੋਨ ਕਰਕੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਵਲੋਂ ਅਣਪਛਾਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਸੰਦੀਪ ਸਿੰਘ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਹਮਲਾਵਰਾਂ ਨੂੰ ਪਛਾਣ ਲਿਆ ਹੈ ਅਤੇ ਹਮਲਾਵਰ ਟਾਂਡੇ ਦੇ ਹੀ ਰਹਿਣ ਵਾਲੇ ਲੱਗਦੇ ਹਨ। ਉਸ ਨੇ ਕਿਹਾ ਹੈ ਕਿ ਉਹ ਠੀਕ ਹੋ ਕੇ ਪੂਰੀ ਵਾਰਦਾਤ ਬਾਰੇ ਬਿਆਨ ਕਰੇਗਾ ਅਤੇ ਉਸ ਨੇ ਅਣਪਛਾਤਿਆਂ ਵਿਅਕਤੀਆਂ ਨੂੰ ਪਛਾਣਿਆ ਹੈ ਅਤੇ ਹਮਲਾਵਰਾਂ ਦਾ ਮੋਬਾਇਲ ਵੀ ਉਸ ਕੋਲ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪੰਜਾਬ ਬੰਦ ਦੀ ਕਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ