ਡਰੱਗ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਚੁੱਕਣ ਜਾ ਰਹੀ ਹੈ ਇਹ ਕਦਮ

03/01/2023 6:31:03 PM

ਕਪੂਰਥਲਾ (ਭੂਸ਼ਣ, ਮਹਾਜਨ)- ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਪਿਛਲੇ ਇਕ ਸਾਲ ਦੌਰਾਨ ਕਪੂਰਥਲਾ ਪੁਲਸ ਨੇ ਜ਼ਿਲ੍ਹੇ ਭਰ ’ਚ ਡਰੱਗ ਮਾਫ਼ੀਆ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡਰੱਗ ਮਾਫ਼ੀਆ ਨਾਲ ਸੰਬੰਧਤ ਨਸ਼ਾ ਸਮੱਗਲਰਾਂ ਦੀ ਕਰੀਬ 50 ਕਰੋੜ ਰੁਪਏ ਮੁੱਲ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ। ਉੱਥੇ ਹੀ ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਡਰੱਗ ਦੀ ਕਮਰਸ਼ੀਅਲ ਬਰਾਮਦਗੀ ’ਚ 10 ਸਾਲ ਜਾਂ 10 ਸਾਲ ਤੋਂ ਉੱਪਰ ਦੀ ਸਜ਼ਾ ਪਾਉਣ ਵਾਲੇ ਡਰੱਗ ਸਮੱਗਲਰਾਂ ਦੀ ਜਾਇਦਾਦ ਨੂੰ ਪੂਰੀ ਤਰ੍ਹਾਂ ਨਾਲ ਜ਼ਬਤ ਕਰਕੇ ਸਰਕਾਰੀ ਤੌਰ ’ਤੇ ਨਿਲਾਮੀ ਦੀ ਪ੍ਰਕਿਰਿਆ ਦੇ ਤਹਿਤ ਲਿਆਂਦਾ ਜਾਵੇਗਾ।

ਉਕਤ ਪ੍ਰਗਟਾਵਾ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੇ ਕੀਤਾ। ਆਪਣੀ ਸਖ਼ਤ ਕਾਰਜਪ੍ਰਣਾਲੀ ਲਈ ਜਾਣੇ ਜਾਂਦੇ ਐੱਸ. ਐੱਸ. ਪੀ. ਕਪੂਰਥਲਾ ਡਰੱਗ ਮਾਫ਼ੀਆ ਖ਼ਿਲਾਫ਼ ਕਪੂਰਥਲਾ ਪੁਲਸ ਵੱਲੋਂ ਜ਼ਿਲ੍ਹੇ ’ਚ ਬਣਾਈ ਜਾ ਰਹੀ ਅਗਲੀ ਰਣਨੀਤੀ ਦੇ ਸੰਬੰਧ ’ਚ ਵਿਸ਼ੇਸ਼ ਜਾਣਕਾਰੀ ਦੇ ਰਹੇ ਸੀ। ਡਰੱਗ ਮਾਮਲਿਆਂ ’ਚ 10 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਸਜ਼ਾ ਪਾਉਣ ਵਾਲੇ ਸਮੱਗਲਰਾਂ ਦੀ ਜਾਇਦਾਦ ਸੀਲ ਹੋਵੇਗੀ।  ਉਨ੍ਹਾਂ ਕਿਹਾ ਕਿ ਡਰੱਗ ਮਾਫ਼ੀਆ ਦੇਸ਼ ਅਤੇ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਸ ਦੀ ਮਾਰ ’ਚ ਫਸ ਕੇ ਪਿਛਲੇ 20-25 ਸਾਲ ਦੌਰਾਨ ਹਜ਼ਾਰਾਂ ਪਰਿਵਾਰ ਤਬਾਹ ਹੋ ਗਏ ਹਨ ਅਤੇ ਕਈ ਮਾਸੂਮ ਨੌਜਵਾਨ ਮੌਤ ਦੇ ਮੂੰਹ ’ਚ ਚਲੇ ਗਏ ਹਨ, ਜਿਸ ਨੂੰ ਲੈ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਨੇ ਡਰੱਗ ਮਾਫ਼ੀਆ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਪ੍ਰਣ ਲਿਆ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ : 2 ਰੁਪਏ ਕਿਲੋ ਕਣਕ ਲੈਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ, ਈ-ਪਾਸ ਮਸ਼ੀਨਾਂ ਬਣੀਆਂ ਸਿਰਦਰਦ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਭਰ ’ਚ ਪਿਛਲੇ ਇਕ ਸਾਲ ਦੌਰਾਨ ਡਰੱਗ ਮਾਫ਼ੀਆ ਨਾਲ ਸੰਬੰਧਤ ਅਰਬਾਂ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ, ਉੱਥੇ ਹੀ ਜ਼ਿਲ੍ਹਾ ਕਪੂਰਥਲਾ ’ਚ ਵੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਕੇ ਸੈਂਕੜਿਆਂ ਦੀ ਗਿਣਤੀ ’ਚ ਡਰੱਗ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ। ਹੁਣ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਲ 2023 ਦੇ ਦੌਰਾਨ ਡਰੱਗ ਮਾਫ਼ੀਆ ਨਾਲ ਸਬੰਧਤ ਸਾਰੇ ਪ੍ਰਮੁੱਖ ਪਿੰਡਾਂ ਜਿਵੇਂ ਕਿ ਲਾਟੀਆਂਵਾਲ, ਤੋਤੀ, ਸੇਚਾਂ, ਬੂਟਾਂ ਅਤੇ ਕਪੂਰਥਲਾ ਦੇ ਮਹਿਤਾਬਗੜ੍ਹ ਖੇਤਰ ਨੂੰ ਡਰੱਗ ਮਾਫ਼ੀਆ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਕਰਵਾ ਲਿਆ ਜਾਵੇ। ਜਿਸ ਲਈ ਇਨ੍ਹਾਂ ਸਾਰੇ ਖ਼ੇਤਰਾਂ ’ਚ ਪੁਲਸ ਦੀਆਂ ਲਗਾਤਾਰ ਗਸ਼ਤ ਚਲਾਈ ਜਾਵੇਗੀ ਤੇ ਡਰੱਗ ਦੇ ਧੰਦਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਪੂਰੀ ਮੁਹਿੰਮ ਦੌਰਾਨ ਆਮ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2023 ਦੌਰਾਨ ਉਨ੍ਹਾਂ ਦੀ ਇਹ ਕੋਸ਼ਿਸ਼ ਹੋਵੇਗੀ ਕਿ ਡਰੱਗ ਦੇ ਕਾਲੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਬਣਾਈ ਜਾਇਦਾਦ ਨੂੰ ਕੰਪੀਟੈਂਟ ਅਥਾਰਿਟੀ ਦੀ ਮਦਦ ਨਾਲ ਸਰਕਾਰੀ ਤੌਰ ‘ਤੇ ਅਟੈਚ ਕੀਤਾ ਜਾਵੇ। ਉੱਥੇ ਹੀ ਡਰੱਗ ਮਾਫ਼ੀਆ ਵੱਲੋਂ ਜਿਹੜੀਆਂ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਜਮੀਨਾਂ ਨੂੰ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਖ਼ਾਲੀ ਕਰਵਾਇਆ ਜਾਵੇਗਾ, ਜਿਸ ਦੇ ਮਕਸਦ ਨਾਲ ਜਲਦੀ ਹੀ ਵੱਡੀ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਨਸ਼ਾ ਮਾਫ਼ੀਆ ਦੇ ਖ਼ਾਤਮੇ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ਅਪਰਾਧਾਂ ਨੂੰ ਖ਼ਤਮ ਨਹੀ ਕੀਤਾ ਜਾ ਸਕਦਾ ਅਤੇ ਨਸ਼ਾ ਮਾਫ਼ੀਆ ਦੇ ਸੰਬੰਧ ’ਚ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾ ਨਾਲ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : 5 ਦਰਿਆਵਾਂ ਦੀ ਧਰਤੀ ਅੱਜ ਬੇਆਬਾਦ ਹੋਣ ਦੇ ਕੰਢੇ, ਮੁਫ਼ਤ ਬਿਜਲੀ ਦੀ ਸਹੂਲਤ ਧਰਤੀ ਹੇਠਲੇ ਪਾਣੀ ਨੂੰ ਲਾਵੇਗੀ ਖੋਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News