ਸ਼ਰਾਬ ਕਾਰੋਬਾਰੀ ਖ਼ਿਲਾਫ਼ ਵੱਡੀ ਕਾਰਵਾਈ : 66 ਠੇਕਿਆਂ ਨੂੰ ਕੀਤਾ ਸੀਜ਼, ਜਾਣੋ ਕੀ ਹੈ ਪੂਰਾ ਮਾਮਲਾ
Friday, Jan 20, 2023 - 11:46 PM (IST)
ਲੁਧਿਆਣਾ (ਸੇਠੀ) : ਪੰਜਾਬ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਵੱਲੋਂ ਸ਼ੁੱਕਰਵਾਰ ਨੂੰ ਮਹਾਨਗਰ ਵਿੱਚ ਏ. ਐੱਸ. ਐਂਡ ਕੰਪਨੀ ਦੇ ਡਰੱਗ ਸਮੱਗਲਿੰਗ ਤੋਂ ਕਮਾਏ ਪੈਸਿਆਂ ਨਾਲ ਚੱਲ ਰਹੇ ਕਰੀਬ 66 ਠੇਕੇ ਸੀਲ ਕਰ ਦਿੱਤੇ। ਐੱਨ. ਸੀ. ਬੀ. ਨੇ ਇਨਵੈਸਟੀਗੇਸ਼ਨ ਦੌਰਾਨ 34.466 ਕਿਲੋ ਹੈਰੋਇਨ, 5.470 ਕਿਲੋ ਮਾਰਫਿਨ, 557 ਗ੍ਰਾਮ ਅਫੀਮ ਅਤੇ 23.645 ਕਿਲੋ ਸ਼ੱਕੀ ਨਸ਼ੀਲਾ ਪਦਾਰਥ ਪਾਊਡਰ ਜ਼ਬਤ ਕੀਤਾ ਅਤੇ 16 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਦਿੱਲੀ ਪੁਲਸ ਦਾ ਸਾਂਝਾ ਆਪਰੇਸ਼ਨ, ਖ਼ਤਰਨਾਕ ਗੈਂਗਸਟਰ ਦੇ 2 ਸਾਥੀ ਗ੍ਰਿਫ਼ਤਾਰ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਕਸ਼ੇ ਛਾਬੜਾ ਨੇ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਤੋਂ ਇਕੱਠੀ ਕੀਤੀ ਲੁਧਿਆਣਾ ’ਚ ਸ਼ਰਾਬ ਦੇ ਠੇਕਿਆਂ ’ਚ ਕਰੋੜਾਂ ਦੀ ਡਰੱਗ ਮਨੀ ਨਿਵੇਸ਼ ਕੀਤੀ ਹੈ। ਲੁਧਿਆਣਾ ਦੇ 3 ਸ਼ਰਾਬ ਗਰੁੱਪਾਂ ’ਚ ਅਕਸ਼ੇ ਛਾਬੜਾ ਦੇ ਸ਼ੇਅਰ ਸਨ, ਜਿਸ ’ਚ ਮੌਜੂਦਾ ਐਕਸਾਈਜ਼ ਵਿੱਤੀ ਸਾਲ 2022-23 ਵਿੱਚ ਫੋਰਟਿਸ ਗਰੁੱਪ, ਢੇਲੇਵਾਲ ਗਰੁੱਪ ਅਤੇ ਗਿੱਲ ਚੌਕ ਗਰੁੱਪ ਸ਼ਾਮਲ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਾਬ ਦੇ ਸਟਾਕ, ਸਕਿਓਰਿਟੀ ਅਤੇ ਲਾਇਸੈਂਸ ਫੀਸ ’ਚ ਡਰੱਗ ਮਨੀ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਠੇਕਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕੁੱਲ 53 ਸ਼ਰਾਬ ਦੇ ਠੇਕੇ ਅਤੇ 13 ਸਬ ਠੇਕੇ ਸ਼ਾਮਲ ਹਨ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ’ਚ ਭਾਜਪਾ ਵਿਧਾਇਕ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
ਸੂਤਰਾਂ ਮੁਤਾਬਕ ਹੁਣ ਡਰੱਗ ਮਾਮਲੇ ਵਿੱਚ ਮਨੀ ਟ੍ਰੇਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਪੰਜਾਬ ਐਕਸਾਈਜ਼ ਵਿਭਾਗ ਤੋਂ ਛਾਬੜਾ ਵੱਲੋਂ ਸ਼ਰਾਬ ਦੇ ਧੰਦੇ ’ਚ ਲਗਾਏ ਪੈਸਿਆਂ ਦਾ ਬਿਓਰਾ ਮੰਗਿਆ ਹੈ। ਅਪਰਾਧ ਦੀ ਆਮਦਨ ਹੋਣ ਕਾਰਨ ਬਿਊਰੋ ਚਾਹੁੰਦਾ ਹੈ ਕਿ ਛਾਬੜਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਨਿਵੇਸ਼ ਕੀਤਾ ਗਿਆ ਪੈਸਾ ਵਿਭਾਗ ਨੂੰ ਵਾਪਸ ਕੀਤਾ ਜਾਵੇ। ਹਾਲਾਂਕਿ ਪੈਸਾ ਸੂਬਾ ਸਰਕਾਰ ਦੇ ਖਜ਼ਾਨੇ ਵਿਚ ਜਮ੍ਹਾ ਕੀਤਾ ਗਿਆ ਸੀ।
ਕਿਵੇਂ ਅਕਸ਼ੇ ਛਾਬੜਾ ਦਾ ਨਾਂ ਆਇਆ ਸਾਹਮਣੇ
ਇਸ ਕੰਪਨੀ ਦਾ ਡਰੱਗ ਪੈਡਲਿੰਗ ਸਰਗਣਾ ਅਕਸ਼ੇ ਛਾਬੜਾ ਦੇ ਕਾਰੋਬਾਰ ’ਚ 25 ਫੀਸਦੀ ਦਾ ਸ਼ੇਅਰ ਸੀ। ਅਕਸ਼ੇ ਛਾਬੜਾ ਨੂੰ ਐੱਨ. ਸੀ. ਬੀ. ਅਧਿਕਾਰੀਆਂ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਸਮੇਂ ਗ੍ਰਿਫ਼ਤਾਰ ਕੀਤਾ ਸੀ। ਅਕਸ਼ੇ ਛਾਬੜਾ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਨਿਤਿਸ਼ ਵਿਹਾਰ, ਲੁਧਿਆਣਾ ਦੇ ਰਹਿਣ ਵਾਲੇ ਹਨ। ਡਰੱਗ ਸਮੱਗਲਰ ਅਕਸ਼ੇ ਛਾਬੜਾ ਦੇ ਘਰ ਦੇ ਨਾਲ ਹੀ ਉਸ ਨੇ ਕਈ ਪਲਾਟ ਵੀ ਖ਼ਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਇਕ ਵੱਡਾ ਫਾਰਮ ਹਾਊਸ ਬਣਾਇਆ ਹੈ। ਡਰੱਗ ਦੇ ਪੈਸੇ ਨਾਲ ਛਾਬੜਾ ਨੇ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹੋਈਆਂ ਹਨ। ਲੁਧਿਆਣਾ ਵਿੱਚ 15 ਨਵੰਬਰ 2022 ਨੂੰ ਐੱਨ. ਸੀ. ਬੀ. (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ ਦੀਪੂ ਵੱਡੇ ਪੱਧਰ ’ਤੇ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ। ਮੁਲਜ਼ਮ ਨੂੰ ਛਾਪੇਮਾਰੀ ਕਰ ਕੇ ਟੀਮ ਨੇ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਤੋਂ ਟੀਮ ਨੂੰ ਨਸ਼ੀਲੇ ਪਾਊਡਰ ਸਮੇਤ ਵਿਦੇਸ਼ੀ ਡਰੱਗ ਮਨੀ ਅਤੇ ਹੋਰ ਸਾਮਾਨ ਮਿਲਿਆ ਸੀ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਘਰ ’ਚ ਜਾ ਵੜੀ ਬੱਸ, 3 ਦੀ ਮੌਤ
ਸੰਦੀਪ ਨੇ ਪੁੱਛਗਿੱਛ ’ਚ ਸ਼ਰਾਬ ਕਾਰੋਬਾਰੀ ਅਕਸ਼ੇ ਛਾਬੜਾ ਦਾ ਨਾਂ ਉਗਲਿਆ ਸੀ। ਅਕਸ਼ੇ ਛਾਬੜਾ ਅਤੇ ਉਸ ਦਾ ਸਾਥੀ ਗੌਰਵ ਗੋਰਾ ਉਰਫ ਅਜੇ ਦੋਵਾਂ ਨੂੰ ਟੀਮ ਨੇ ਜੈਪੁਰ ਏਅਰਪੋਰਟ ਤੋਂ 24 ਨਵੰਬਰ 2022 ਨੂੰ ਗ੍ਰਿਫਤਾਰ ਕਰ ਲਿਆ ਸੀ। ਦੋਵੇਂ ਮੁਲਜ਼ਮ ਸ਼ਾਰਜਾਹ ਭੱਜਣ ਦੀ ਤਿਆਰੀ ਵਿਚ ਸਨ। ਮੁਲਜ਼ਮਾਂ ਨੇ 3 ਪ੍ਰਾਇਮਰੀ ਰੂਟਸ ਦੇ ਤਹਿਤ 1400 ਕਿਲੋ ਹੈਰੋਇਨ ਸਪਲਾਈ ਕਰਨੀ ਸੀ, ਜਿਸ ਵਿਚ ਮੁਦਰਾ ਪੋਰਟ ਗੁਜਰਾਤ, ਆਈ. ਸੀ. ਪੀ. ਅਟਾਰੀ ਪੰਜਾਬ ਅਤੇ 250 ਕਿਲੋ ਹੈਰੋਇਨ ਜੰਮੂ ਕਸ਼ਮੀਰ ਭੇਜਣੀ ਸੀ। ਇਸ ਕਾਰਵਾਈ ਤੋਂ ਬਾਅਦ ਬਾਕੀ ਸ਼ਰਾਬ ਕਾਰੋਬਾਰੀਆਂ ਵਿਚ ਵੀ ਹਫੜਾ-ਦਫੜੀ ਮਚ ਗਈ ਹੈ।