ਸਾਈਨ ਬੋਰਡ ’ਚ ਕਰੰਟ ਆਉਣ ਕਾਰਨ ਵਾਪਰਿਆ ਵੱਡਾ ਹਾਦਸਾ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
Wednesday, Apr 12, 2023 - 02:07 AM (IST)
ਸਿਰਸਾ (ਲਲਿਤ)-ਡੱਬਵਾਲੀ ਦੇ ਚੌਟਾਲਾ ਰੋਡ ਸਥਿਤ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਸਾਈਨ ਬੋਰਡ ’ਚ ਕਰੰਟ ਆਉਣ ਕਾਰਨ ਉੱਥੇ ਰੰਗ ਦਾ ਕੰਮ ਕਰ ਰਹੇ 2 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੋਨੂੰ ਤੇ ਆਕਾਸ਼ ਵਾਸੀ ਕਿਲਿਆਂਵਾਲੀ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਇਸ ਹਾਦਸੇ ’ਚ 3 ਮਜ਼ਦੂਰਾਂ ਦੀ ਜਾਨ ਬਚ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?
ਜਾਣਕਾਰੀ ਮੁਤਾਬਕ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਕਈ ਦਿਨਾਂ ਤੋਂ ਰੰਗ ਕਰਵਾਉਣ ਦਾ ਕੰਮ ਚੱਲ ਰਿਹਾ ਸੀ। ਮੰਗਲਵਾਰ ਨੂੰ ਦੁਕਾਨ ’ਤੇ ਰੰਗ ਕਰਨ ਦੇ ਕੰਮ ’ਚ 5 ਮਜ਼ਦੂਰ ਲੱਗੇ ਹੋਏ ਸਨ। ਸੋਨੂੰ ਤੇ ਆਕਾਸ਼ ਵੀ ਰੰਗ ਦਾ ਕੰਮ ਕਰ ਰਹੇ ਸੀ। ਮ੍ਰਿਤਕਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਪੇਂਟਰਾਂ ਕੋਲੋਂ ਹੀ ਦੁਕਾਨ ਦੇ ਅੱਗੇ ਲੱਗਿਆ ਸਾਈਨ ਬੋਰਡ ਹਟਵਾਇਆ। ਸਾਈਨ ਬੋਰਡ ਹਟਾਉਂਦੇ ਸਮੇਂ ਉਹ ਬਿਜਲੀ ਦੀ ਤਾਰ ਨਾਲ ਉਲਝ ਗਿਆ, ਜਿਸ ਕਰ ਕੇ ਉਸ ’ਚ ਕਰੰਟ ਆ ਗਿਆ। ਕਰੰਟ ਦਾ ਝਟਕਾ ਲੱਗਣ ਕਰ ਕੇ ਸੋਨੂੰ ਤੇ ਆਕਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਇਸ ਜ਼ਿਲ੍ਹੇ ’ਚ 2 ਮਰੀਜ਼ਾਂ ਦੀ ਹੋਈ ਮੌਤ
ਇਸ ਮਾਮਲੇ ’ਚ ਜਾਂਚ ਅਧਿਕਾਰੀ ਰਾਮਚੰਦਰ ਨੇ ਦੱਸਿਆ ਕਿ ਮ੍ਰਿਤਕ ਆਕਾਸ਼ ਦੇ ਭਰਾ ਸੰਨੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸ਼ਰਮਾ ਸਟੀਵਸ ਦੇ ਸੰਚਾਲਕ ਰਾਕੇਸ਼ ਸ਼ਰਮਾ ਖਿਲਾਫ਼ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।