ਬਿਨਾਂ ਡਾਕਟਰਾਂ ਦੇ ਕਿਹੜੀ ਸਿਹਤ ਕ੍ਰਾਂਤੀ? ਮਜੀਠੀਆ ਨੇ ਪੰਜਾਬ ਦੇ ਸਿਹਤ ਮਾਡਲ ਨੂੰ ਦੱਸਿਆ 'ਗੁਮਰਾਹਕੁੰਨ ਪ੍ਰਚਾਰ'
Friday, Feb 20, 2026 - 08:49 PM (IST)
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ 'ਸਿਹਤ ਮਾਡਲ' ਅਤੇ 'ਸਿਹਤ ਕ੍ਰਾਂਤੀ' ਦੇ ਦਾਅਵਿਆਂ 'ਤੇ ਤਿੱਖੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਫੋਕੇ ਕਰਾਰ ਦਿੱਤਾ ਹੈ। ਮਜੀਠੀਆ ਨੇ ਇੱਕ ਟਵੀਟ ਰਾਹੀਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ 56 ਫੀਸਦੀ ਸਪੈਸ਼ਲਿਸਟ ਡਾਕਟਰਾਂ ਦੀ ਭਾਰੀ ਘਾਟ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਰਹੀ ਹੈ।
ਬਿਨਾਂ ਸਪੈਸ਼ਲਿਸਟ ਡਾਕਟਰਾਂ ਦੇ ਕਿਹੜੀ ਸਿਹਤ ਕ੍ਰਾਂਤੀ?
ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬੜੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ 'ਹੈਲਥ ਮਾਡਲ' ਦੁਨੀਆ ਵਿੱਚ ਸਰਵੋਤਮ ਹੈ ਅਤੇ ਲੋਕ ਇਸ ਨੂੰ ਫਾਲੋ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਸਵਾਲ ਕੀਤਾ ਕਿ ਸਪੈਸ਼ਲਿਸਟ ਡਾਕਟਰਾਂ ਤੋਂ ਬਿਨਾਂ ਆਖਿਰ ਸਰਕਾਰ ਕਿਹੜੀ ਸਿਹਤ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕਰ ਰਹੀ ਹੈ? ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਮੁਹੱਲਾ ਕਲੀਨਿਕਾਂ ਦੇ ਨਾਂ 'ਤੇ ਸਿਰਫ਼ ਗੁਮਰਾਹਕੁੰਨ ਪ੍ਰਚਾਰ ਹੀ ਕੀਤਾ ਗਿਆ ਹੈ।
ਹਸਪਤਾਲਾਂ 'ਚ ਨਾ ਡਾਕਟਰ, ਨਾ ਦਵਾਈਆਂ
ਸਰਕਾਰ ਦੀ ਨਿਖੇਧੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਹਸਪਤਾਲਾਂ ਦੀ ਜ਼ਮੀਨੀ ਸੱਚਾਈ ਇਹ ਹੈ ਕਿ ਉੱਥੇ ਨਾ ਤਾਂ ਲੋੜੀਂਦੇ ਡਾਕਟਰ ਹਨ, ਨਾ ਦਵਾਈਆਂ ਅਤੇ ਨਾ ਹੀ ਮੈਡੀਕਲ ਸਟਾਫ਼ ਉਪਲਬਧ ਹੈ। ਉਨ੍ਹਾਂ ਕਿਹਾ ਕਿ ਲੋਕ ਬੁਨਿਆਦੀ ਸਿਹਤ ਸਹੂਲਤਾਂ ਲਈ ਤਰਸ ਰਹੇ ਹਨ, ਜਦਕਿ ਸਰਕਾਰ ਆਪਣੀ ਵਾਹ-ਵਾਹੀ ਲੁੱਟਣ ਵਿੱਚ ਰੁੱਝੀ ਹੋਈ ਹੈ।
👉ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 56% ਸਪੈਸ਼ਲਿਸਟ ਡਾਕਟਰਾਂ ਦੀ ਘਾਟ ਪੰਜਾਬ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਪੋਲ੍ਹ ਖੋਲਦੀ ਹੈ।
— Bikram Singh Majithia (@bsmajithia) February 20, 2026
👉ਆਮ ਆਦਮੀ ਪਾਰਟੀ ਵੱਲੋਂ ਬੜੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ HEALTH MODEL ਸਰਵੋਤਮ ਹੈ ਅਤੇ ਦੁਨੀਆ ਉਹਨਾਂ ਦੇ ਇਸ ਮਾਡਲ ਨੂੰ FOLLOW ਕਰਨਾ ਚਾਹੁੰਦੀ ਹੈ।… pic.twitter.com/OH1w7GWLrG
ਮਜੀਠੀਆ ਨੇ ਸਿਹਤ ਮੰਤਰੀ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਿਹਤ ਕ੍ਰਾਂਤੀ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਇਸ਼ਤਿਆਰ ਦੇਣ ਨਾਲੋਂ ਬਿਹਤਰ ਹੈ ਕਿ ਸਰਕਾਰ ਤੁਰੰਤ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡਾਕਟਰਾਂ ਦੀ ਭਰਤੀ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਮਿਲਣਾ ਅਸੰਭਵ ਹੈ ਅਤੇ ਸਰਕਾਰ ਦੇ ਸਾਰੇ ਦਾਅਵੇ ਸਿਰਫ਼ ਇਸ਼ਤਿਆਰਾਂ ਤੱਕ ਹੀ ਸੀਮਤ ਰਹਿ ਜਾਣਗੇ।
