ਆਪਣੀ ਸਰਕਾਰ ਦਾ ਨਾਂ ਬਦਲ ਕੇ ‘ਕਲੀਨ ਚਿੱਟ ਸਰਕਾਰ’ ਰੱਖਣ ਕੈਪਟਨ : ਗਰੇਵਾਲ

12/27/2019 10:27:16 AM

ਚੰਡੀਗੜ੍ਹ (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲੈਣ। ਜਾਰੀ ਕੀਤੇ ਇਕ ਬਿਆਨ 'ਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵਾਰ-ਵਾਰ ਕਲੀਨ ਚਿੱਟ ਦੇ ਕੇ ਆਪਣੇ ਮੰਤਰੀਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਪਿਛਲੇ 3 ਸਾਲਾਂ ਦੌਰਾਨ ਲੋਕਾਂ ਨੇ ਦੇਖਿਆ ਹੈ ਕਿ ਸਰਕਾਰ ਨੇ ਕਿਵੇਂ ਜੌੜਾ ਫਾਟਕ ਹਾਦਸੇ, ਬਟਾਲਾ ਬਲਾਸਟ ਮਾਮਲੇ ਤੇ ਹੋਰ ਸਾਰੇ ਮਾਮਲਿਆਂ, ਜਿਨ੍ਹਾਂ 'ਚ ਉਨ੍ਹਾਂ ਦੇ ਮੰਤਰੀ ਸਿੱਧੇ ਤੌਰ 'ਤੇ ਫਸੇ ਸਨ, 'ਚ ਕਲੀਨ ਚਿੱਟ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ 'ਚ ਸਿਰਫ਼ ਮੰਤਰੀ ਸੁਖਜਿੰਦਰ ਰੰਧਾਵਾ ਨਹੀਂ ਸਗੋਂ ਖਤਰਨਾਕ ਬਦਮਾਸ਼ ਜੱਗੂ ਭਗਵਾਨਪੁਰੀਆ ਨੂੰ ਵੀ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ। ਪੁਲਸ ਅਧਿਕਾਰੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਜਿਸ ਕਿਸੇ ਨੇ ਵੀ ਜੱਗੂ ਭਗਵਾਨਪੁਰੀਆ ਦਾ ਵਿਰੋਧ ਕੀਤਾ, ਉਸ ਦਾ ਹਸ਼ਰ ਵੀ ਡੀ. ਐੱਸ. ਪੀ. ਸੇਖੋਂ ਵਰਗਾ ਹੋਵੇਗਾ, ਜਿਸ ਨੇ ਮੰਤਰੀ ਆਸ਼ੂ ਦੇ ਪੋਲ ਖੋਲ੍ਹੇ ਸਨ।

ਗਰੇਵਾਲ ਨੇ ਕਿਹਾ ਕਿ ਲੋਕ ਇਹ ਵੇਖ ਕੇ ਹੈਰਾਨ ਹਨ ਕਿ ਸਬੰਧਤ ਜ਼ਿਲਿਆਂ ਦੇ ਐੱਸ. ਐੱਸ. ਪੀ. ਵਾਰ-ਵਾਰ ਇਹ ਚਿਤਾਵਨੀਆਂ ਦੇ ਰਹੇ ਹਨ ਕਿ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ 'ਚ ਗੈਰ-ਕਾਨੂੰਨੀ ਨਸ਼ਿਆਂ ਦਾ ਵਪਾਰ, ਕਾਂਟਰੈਕਟ ਹੱਤਿਆਵਾਂ ਤੇ ਕਬੱਡੀ ਦੀ ਗੈਰ-ਕਾਨੂੰਨੀ ਖੇਡ ਦਿਨ ਪ੍ਰਤੀ ਦਿਨ ਵਧ ਫੁੱਲ ਰਹੀ ਹੈ। ਜੱਗੂ ਸੂਬੇ 'ਚ ਵੱਧ ਤੋਂ ਵੱਧ ਬਦਮਾਸ਼ ਪੈਦਾ ਕਰਨ ਦੇ ਯਤਨ ਕਰ ਰਿਹਾ ਹੈ ਪਰ ਇਹ ਸਾਰੇ ਸਬੂਤ ਕੂੜੇਦਾਨ 'ਚ ਸੁੱਟ ਕੇ ਮਾਮਲੇ 'ਚ ਸੁੱਖੀ ਰੰਧਾਵਾ ਨੂੰ ਫਿਰ ਤੋਂ ਕਲੀਨ ਚਿੱਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਅਤੇ ਇਨ੍ਹਾਂ 'ਚ ਕਲੀਨ ਚਿੱਟ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਜੇਲ ਮੰਤਰੀ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਜਦਕਿ ਸੁੱਖੀ ਰੰਧਾਵਾ ਨੇ ਜੇਲਾਂ ਨੂੰ ਬਦਮਾਸ਼ਾਂ ਵਾਸਤੇ ਸਵਰਗ 'ਚ ਤਬਦੀਲ ਕਰ ਦਿੱਤਾ ਹੈ। 

ਅਕਾਲੀ ਆਗੂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸੁੱਖੀ-ਜੱਗੂ ਦੀ ਜੋੜੀ ਨੂੰ ਬਚਾਉਣ ਲਈ ਪੱਬਾਂ ਭਾਰ ਨਹੀਂ ਹੈ ਤਾਂ ਉਹ ਇਸ ਸਾਰੇ ਮਾਮਲੇ ਦੀ ਜਾਂਚ ਐੱਨ. ਆਈ. ਏ. ਜਾਂ ਸੀ. ਬੀ. ਆਈ. ਨੂੰ ਸੌਂਪ ਦੇਵੇ ਜਿਨ੍ਹਾਂ ਦੀ ਜਾਂਚ ਲੋਕਾਂ ਸਾਹਮਣੇ ਸੱਚ ਲਿਆ ਦੇਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵਾਰ-ਵਾਰ ਕਲੀਨ ਚਿੱਟ ਦੇ ਰਹੀ ਹੈ ਪਰ ਉਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸੂਬੇ 'ਚ ਹੋਣ ਵਾਲੀਆਂ ਆਮ ਚੋਣਾਂ ਵੇਲੇ ਲੋਕ ਕਾਂਗਰਸ ਸਰਕਾਰ ਨੂੰ ਕਲੀਨ ਚਿੱਟ ਨਹੀਂ ਦੇਣਗੇ ਬਲਕਿ ਇਸ ਨੂੰ ਇਨ੍ਹਾਂ ਸਾਰੇ ਕੀਤੇ ਗਲਤ ਕੰਮਾਂ ਦੀ ਲੋਕਤੰਤਰੀ ਢੰਗ ਨਾਲ ਸਜ਼ਾ ਮਿਲੇਗੀ।


rajwinder kaur

Content Editor

Related News