ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੇ ਮੌਜੂਦਾ ਹਾਲਾਤ ਤੇ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ..

Friday, Oct 02, 2020 - 03:17 PM (IST)

ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਇਕ ਪ੍ਰਮੁੱਖ ਆਗੂ ਸਨ। ਆਪ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਦੇ ਤੱਟੀ ਸ਼ਹਿਰ ਪੋਰਬੰਦਰ ਵਿਖੇ 2 ਅਕਤੂਬਰ 1869 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਕਰਮਚੰਦ ਗਾਂਧੀ ਹਿੰਦੂ ਮੱਧ ਵਰਗ 'ਚੋਂ ਸਨ ਅਤੇ ਰਿਆਸਤ ਪੋਰਬੰਦਰ ਦੇ ਦਿਵਾਨ ਸਨ। ਉਨ੍ਹਾਂ ਦੀ ਮਾਂ ਦਾ ਨਾਂ ਪੁਤਲੀ ਬਾਈ ਸੀ, ਜੋ ਹਿੰਦੂ ਪਰਿਨਾਮੀ ਵੈਸ਼ਨੂੰ ਫ਼ਿਰਕੇ ਨਾਲ ਸੰਬੰਧ ਰੱਖਦੇ ਸਨ।

13 ਸਾਲ ਦੀ ਉਮਰ 'ਚ ਹੋਇਆ ਸੀ ਬਾਪੂ ਗਾਂਧੀ ਦਾ ਵਿਆਹ
ਇਥੇ ਜ਼ਿਕਰਯੋਗ ਹੈ ਕਿ ਜਦੋਂ ਮਹਾਤਮਾ ਗਾਂਧੀ 13 ਸਾਲਾ ਦੇ ਹੋਏ ਤਾਂ ਉਨ੍ਹਾਂ ਦਾ ਵਿਆਹ 14 ਸਾਲ ਦੀ ਇਕ ਕੁੜੀ ਕਸਤੂਰਬਾ ਮਾਖਨਜੀ ਨਾਲ਼ ਕਰ ਦਿੱਤਾ ਗਿਆ। ਇਹ ਵਿਆਹ ਇਕ ਬਾਲ ਵਿਆਹ ਸੀ, ਜੋ ਉਸ ਸਮੇਂ ਉਸ ਇਲਾਕੇ 'ਚ ਇਹ ਆਮ ਰੀਤ ਸੀ ਪਰ ਨਾਲ ਹੀ ਉਥੇ ਇਹ ਰੀਤ ਵੀ ਸੀ ਕਿ ਨਾਬਾਲਗ ਦੁਲਹਨ ਨੂੰ ਪਤੀ ਤੋਂ ਵੱਖ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਸਮੇਂ ਤੱਕ ਰਹਿਣਾ ਪੈਂਦਾ ਸੀ। ਇਸ ਸਾਰੇ ਝੰਜਟ 'ਚ ਉਸ ਦਾ ਸਕੂਲ ਦਾ ਇਕ ਸਾਲ ਮਾਰਿਆ ਗਿਆ। 1885 'ਚ, ਜਦੋਂ ਗਾਂਧੀ ਜੀ 15 ਸਾਲ ਦੇ ਸਨ ਤਦ ਉਨ੍ਹਾਂ ਦੀ ਪਹਿਲੀ ਔਲਾਦ ਹੋਈ ਪਰ ਉਹ ਸਿਰਫ਼ ਕੁਝ ਦਿਨ ਹੀ ਜ਼ਿੰਦਾ ਰਹੀ। ਇਸੇ ਉਪਰੰਤ ਗਾਂਧੀ ਜੀ ਦੇ ਪਿਤਾ ਕਰਮਚੰਦ ਵੀ ਅਕਾਲ ਚਲਾਣਾ ਕਰ ਗਏ। ਜਦੋਂ ਕਿ ਬਾਅਦ 'ਚ ਮੋਹਨ ਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ, ਹਰੀ ਲਾਲ਼ 1888 'ਚ, ਮੁਨੀ ਲਾਲ਼ 1892 'ਚ, ਰਾਮ ਦਾਸ, 1897 'ਚ, ਅਤੇ ਦੇਵਦਾਸ 1900 'ਚ ਪੈਦਾ ਹੋਇਆ। ਪੋਰਬੰਦਰ ਦੇ ਮਿਡਲ ਸਕੂਲ ਅਤੇ ਰਾਜਕੋਟ ਦੇ ਹਾਈ ਸਕੂਲ ਦੋਹਾਂ 'ਚ ਹੀ ਪੜ੍ਹਾਈ ਪੱਖੋਂ ਗਾਂਧੀ ਜੀ ਇਕ ਔਸਤ ਦਰਜੇ ਵਿਦਿਆਰਥੀ ਰਹੇ। ਜਦੋਂ ਕਿ ਉਨ੍ਹਾਂ ਨੇ ਮੈਟ੍ਰਿਕ ਦਾ ਇਮਤਿਹਾਨ ਬਦਾਓਨਗਰ ਗੁਜਰਾਤ ਦੇ ਸਮਲ ਦਾਸ ਕਾਲਜ ਤੋਂ ਕੁਝ ਪ੍ਰੇਸ਼ਾਨੀਆਂ ਦੇ ਨਾਲ ਪਾਸ ਕੀਤਾ ਅਤੇ ਉਹ ਉਥੇ ਨਾਖ਼ੁਸ਼ ਹੀ ਰਹੇ ਕਿਉਂਕਿ ਪਰਿਵਾਰ ਉਨ੍ਹਾਂ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ।

PunjabKesari

ਲੰਡਨ ਤੋਂ ਕੀਤੀ ਕਾਨੂੰਨ ਦੀ ਪੜ੍ਹਾਈ, 1921 'ਚ ਬਣੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ
ਮਹਾਤਮਾ ਗਾਂਧੀ ਨੇ ਲੰਡਨ 'ਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ 'ਚ ਅਹਿੰਸਕ ਸਿਵਲ ਨਾਫਰਮਾਨੀ ਤਹਿਰੀਕ ਚਲਾਈ। 1915 'ਚ ਭਾਰਤ ਆਉਣ ਉਪਰੰਤ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲਏ ਜਾਂਦੇ ਭਾਰੀ ਲਗਾਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। 1921 'ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ਼ 'ਚ ਗਰੀਬੀ ਖ਼ਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖ਼ਤਮ ਕਰਨ ਲਈ, ਇਸ ਦੇ ਨਾਲ-ਨਾਲ ਸਵਰਾਜ (ਆਪਣਾ ਰਾਜ) ਲਈ ਬੇਮਿਸਾਲ ਅੰਦੋਲਨ ਚਲਾਇਆ ।

ਪਹਿਲੀ ਵਾਰ 1914 'ਚ ਦੱਖਣੀ ਅਫਰੀਕਾ 'ਚ ਮਿਲਿਆ ਮਹਾਤਮਾ ਦਾ ਖ਼ਿਤਾਬ
ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਮਹਾਤਮਾ (ਮਹਾਨ ਆਤਮਾ) ਦਾ ਖ਼ਿਤਾਬ 1914 'ਚ ਦੱਖਣੀ ਅਫਰੀਕਾ 'ਚ ਦਿੱਤਾ ਗਿਆ ਅਤੇ ਅੱਜ ਵੀ ਉਹ ਵਿਸ਼ਵ ਭਰ 'ਚ ਮਹਾਤਮਾ ਗਾਂਧੀ ਦੇ ਨਾਂ ਨਾਲ ਮਸ਼ਹੂਰ ਹਨ। ਜਦੋਂ ਕਿ ਸਾਡੇ ਦੇਸ਼ 'ਚ ਮਹਾਤਮਾ ਗਾਂਧੀ ਜੀ ਨੂੰ ਬਾਪੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਲੰਡਨ 'ਚ ਕਈ ਵਾਰ ਭੁੱਖੇ ਵੀ ਰਹੇ
ਆਪਣੀ ਸ਼ਾਦੀ ਦੀ 19ਵੀਂ ਸਾਲਗਿਰਾਹ ਤੋਂ ਕੁਝ ਮਹੀਨੇ ਪਹਿਲਾਂ, ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਅਤੇ ਬਰਿਸਟਰ ਬਣਨ ਦੇ ਇਰਾਦੇ ਨਾਲ, ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਲੰਦਨ ਚਲੇ ਗਏ। ਸ਼ਾਹੀ ਰਾਜਧਾਨੀ ਲੰਦਨ 'ਚ ਉਨ੍ਹਾਂ ਦਾ ਜੀਵਨ, ਭਾਰਤ ਛੱਡਦੇ ਵਕਤ ਆਪਣੀ ਮਾਂ ਨਾਲ ਜੈਨ ਭਿਕਸ਼ੂ ਦੇ ਸਾਹਮਣੇ ਕੀਤੇ ਵਾਅਦੇ ਦੇ ਪ੍ਰਭਾਵ ਤਹਿਤ ਗੋਸ਼ਤ, ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਅੰਗਰੇਜ਼ੀ ਰੀਤੀ ਰਿਵਾਜ਼ ਅਪਣਾਉਣ ਦਾ ਤਜ਼ਰਬਾ ਵੀ ਕੀਤਾ। ਮਿਸਾਲ ਦੇ ਤੌਰ 'ਤੇ 'ਰਕਸ ਦੀ ਕਲਾਸ 'ਚ ਜਾਣਾ' ਫਿਰ ਵੀ ਉਹ ਆਪਣੀ ਮਕਾਨ ਮਾਲਕਣ ਵੱਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰਦੇ ਸਨ ਸਗੋਂ ਉਹ ਅਕਸਰ ਭੁੱਖਿਆਂ ਰਹਿ ਲੈਂਦੇ ਸਨ। ਆਖਿਰ ਲੰਦਨ 'ਚ ਕੁਝ ਖ਼ਾਲਸ ਸ਼ਾਕਾਹਾਰੀ ਰੇਸਤਰਾਂ ਮਿਲ ਹੀ ਗਏ।
1891 'ਚ ਪੜ੍ਹਾਈ ਪੂਰੀ ਹੋਣ 'ਤੇ ਹਿੰਦੁਸਤਾਨ ਵਾਪਸ ਆ ਗਏ, ਜਿੱਥੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਮੌਤ ਦਾ ਇਲਮ ਹੋਇਆ। ਪਹਿਲਾਂ ਜਾਣ ਬੁਝ ਕੇ ਉਸ ਨੂੰ ਸੂਚਿਤ ਨਹੀਂ ਸੀ ਕੀਤਾ ਗਿਆ ਪਰ ਮੁੰਬਈ 'ਚ ਵਕਾਲਤ ਕਰਨ 'ਚ ਉਨ੍ਹਾਂ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਲਈ ਵਕਾਲਤ ਕਰਨਾ ਔਖਾ ਸੀ ਅਦਾਲਤ 'ਚ ਸ਼ਰਮਾਕਲ ਸੁਭਾਅ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੋਲਣਾ ਬੜਾ ਔਖਾ ਲੱਗਦਾ ਸੀ। ਫਿਰ ਇਕ ਹਾਈ ਸਕੂਲ ਉਸਤਾਦ ਦੇ ਤੌਰ 'ਤੇ ਜ਼ੁਜ਼ਵਕਤੀ ਕੰਮ ਲਈ ਰੱਦ ਕਰ ਦਿੱਤੇ ਜਾਣ ਅਤੇ ਉਨ੍ਹਾਂ ਨੇ ਦਾਅਵੇਦਾਰਾਂ ਦੇ ਮੁਕੱਦਮੇ ਲਿਖਣ ਲਈ ਰਾਜਕੋਟ ਨੂੰ ਹੀ ਆਪਣਾ ਮੁਕਾਮ ਬਣਾ ਲਿਆ ਪਰ ਇਕ ਅੰਗਰੇਜ਼ ਅਫ਼ਸਰ ਦੀ ਹਮਾਕਤ ਦੀ ਵਜ੍ਹਾ ਨਾਲ ਇਹ ਕਾਰੋਬਾਰ ਵੀ ਛੱਡਣਾ ਪਿਆ।

ਮਹਾਤਮਾ ਗਾਂਧੀ ਜੀ ਦੀ ਉਮਰ ਜਦੋਂ 24 ਸਾਲ ਸੀ ਤਾਂ ਦੱਖਣ ਅਫਰੀਕਾ 'ਚ ਪ੍ਰੀਟੋਰੀਆ ਸ਼ਹਿਰ 'ਚ ਵੱਸੇ ਭਾਰਤੀ ਮੁਸਲਮਾਨ ਵਪਾਰੀਆਂ ਦੀ ਕਾਨੂੰਨੀ ਪ੍ਰਤਿਨਿਧਤਾ ਕਰਨ ਲਈ ਪੁੱਜੇ। ਉਨ੍ਹਾਂ ਦੇ 21 ਸਾਲ ਦੱਖਣ ਅਫਰੀਕਾ 'ਚ ਹੀ ਲੱਗ ਗਏ। ਉਥੇ ਉਨ੍ਹਾਂ ਨੇ ਰਾਜਨੀਤੀ, ਨੈਤਿਕਤਾ ਅਤੇ ਰਾਜਨੀਤਿਕ ਰਹਿਨੁਮਾਈ ਦੀ ਕੌਸ਼ਲਤਾ ਦੇ ਪਾਠ ਪੜ੍ਹੇ। ਇਥੋਂ ਤਕ ਕਿ ਜਦੋਂ ਗਾਂਧੀ ਜੀ 1914 'ਚ ਭਾਰਤ ਪਰਤੇ ਤਾਂ ਆਪ ਇਕ ਜਨਤਕ ਬੁਲਾਰੇ ਵਜੋ, ਗੱਲਬਾਤ, ਮੀਡੀਆ ਪ੍ਰਬੰਧ ਦੇ ਅਤੇ ਆਤਮ-ਉਭਾਰ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਚੁੱਕੇ ਸਨ। ਦੱਖਣ ਅਫਰੀਕਾ 'ਚ ਗਾਂਧੀ ਨੂੰ ਭਾਰਤੀਆਂ ਨਾਲ ਹੋ ਰਹੇ, ਜਿਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਉਸ ਨੇ ਉਨ੍ਹਾਂ ਨੂੰ ਇਸ ਭੇਦਭਾਵ ਵਿਰੁੱਧ ਸੰਘਰਸ਼ ਲਈ ਤਿਆਰ ਕੀਤਾ।

ਜਦੋਂ ਪਗੜੀ ਉਤਾਰਨ ਤੋਂ ਗਾਂਧੀ ਜੀ ਨੇ ਕੀਤਾ ਇਨਕਾਰ 
ਸ਼ੁਰੂ-ਸ਼ੁਰੂ 'ਚ ਉਨ੍ਹਾਂ ਨੂੰ ਬਾਕਾਇਦਾ ਟਿਕਟ ਹੋਣ ਦੇ ਬਾਵਜੂਦ ਪਹਿਲੀ ਸ਼੍ਰੇਣੀ ਦੇ ਡੱਬੇ 'ਚ ਸਫ਼ਰ ਕਰਦਿਆਂ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇਕ ਯੂਰਪੀ ਮੁਸਾਫਰ ਦੇ ਅੰਦਰ ਆਉਣ ਲਈ ਉਸ ਨੂੰ ਮਾਰ ਕੁਟਾਈ ਵੀ ਝਲਣੀ ਪਈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਘਟਨਾਵਾਂ ਹਨ। ਇਕ ਵਾਰ ਅਦਾਲਤ ਦੇ ਜੱਜ ਨੇ ਗਾਂਧੀ ਜੀ ਨੂੰ ਪਗੜੀ ਉਤਾਰਨ ਲਈ ਆਦੇਸ਼ ਦਿੱਤਾ, ਜਿਸ ਨੂੰ ਗਾਂਧੀ ਜੀ ਨੇ ਨਹੀਂ ਮੰਨਿਆ। ਇਹ ਸਾਰੀਆਂ ਘਟਨਾਵਾਂ ਗਾਂਧੀ ਜੀ ਦੇ ਜੀਵਨ 'ਚ ਟਰਨਿੰਗ ਪੁਆਇੰਟ ਸਾਬਤ ਹੋਈਆਂ।

PunjabKesari

1909 'ਚ ਪ੍ਰਕਾਸ਼ਿਤ ਹੋਈ ਗਾਂਧੀ ਜੀ ਦੀ ਪਹਿਲੀ ਕਿਤਾਬ
ਮਹਾਤਮਾ ਗਾਂਧੀ ਜੀ ਦੀ ਸਭ ਤੋਂ ਪਹਿਲੀ ਕਿਤਾਬ ਗੁਜਰਾਤੀ 'ਚ “ਹਿੰਦ ਸਵਰਾਜ'' ਸਿਰਲੇਖ ਹੇਠ 1909 'ਚ ਪ੍ਰਕਾਸ਼ਿਤ ਹੋਈ । ਇਹ ਕਿਤਾਬ 1910 'ਚ ਅੰਗਰੇਜ਼ੀ 'ਚ ਛਪੀ ਅਤੇ ਇਸ 'ਤੇ ਲਿਖਿਆ ਸੀ “ਕੋਈ ਹੱਕ ਰਾਖਵੇਂ ਨਹੀਂ।'' ਇਸ ਦੇ ਕਈ ਦਹਾਕਿਆਂ ਤੱਕ ਉਨ੍ਹਾਂ ਕਈ ਅਖ਼ਬਾਰਾਂ ਦਾ ਸੰਪਾਦਨ ਵੀ ਕੀਤਾ। ਇਨ੍ਹਾਂ 'ਚ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ 'ਚ ਹਰੀਜਨ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਮੇਂ 'ਚ ਇੰਡੀਅਨ ਓਪੀਨੀਅਨ (ਅੰਗਰੇਜ਼ੀ) 'ਚ ਯੰਗ ਇੰਡੀਆ ਅਤੇ ਭਾਰਤ ਆਉਣ ਉਪਰੰਤ ਗੁਜਰਾਤੀ 'ਚ ਮਾਸਿਕ ਰਸਾਲਾ ਨਵਜੀਵਨ ਸ਼ਾਮਲ ਸਨ।

ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਦਾ ਸਿਧਾਂਤ ਸਿਆਸੀ ਅਤੇ ਸਮਾਜਿਕ ਤਬਦੀਲੀ ਦਾ ਇਕ ਤਾਕਤਵਰ ਔਜ਼ਾਰ ਸਾਬਤ ਹੋਇਆ । ਇਸ ਸੰਦਰਭ 'ਚ ਆਪ ਨੇ ਕਿਹਾ ਸੀ ਕਿ ''ਅਹਿੰਸਾ ਮਨੁੱਖਤਾ ਲਈ ਇਕ ਮਹਾਨ ਤਾਕਤ ਹੈ। ਇਹ ਮਨੁੱਖੀ ਚਲਾਕੀ ਨਾਲ ਬਣਾਏ ਗਏ ਤਬਾਹੀ ਦੇ ਸਭ ਤੋਂ ਤਾਕਤਵਰ ਹਥਿਆਰਾਂ ਨਾਲੋਂ ਵੀ ਤਾਕਤਵਰ ਹੈ।'' ਸਵਰਾਜ ਦੇ ਸੰਦਰਭ 'ਚ ਗਾਂਧੀ ਜੀ ਨੇ ਇਕ ਵਾਰ 'ਹਰੀਜਨ' ਰਸਾਲੇ 'ਚ ਲਿਖਿਆ ਸੀ ''ਸਵਰਾਜ ਬਾਰੇ ਮੇਰੀ ਕਲਪਨਾ ਨੂੰ ਲੈ ਕੇ ਕੋਈ ਗਲਤੀ ਨਾ ਹੋਵੇ....ਇਕ ਸਿਰੇ 'ਤੇ ਤੁਹਾਡੇ ਕੋਲ ਸਿਆਸੀ ਆਜ਼ਾਦੀ ਹੈ ਅਤੇ ਦੂਜੇ 'ਤੇ ਆਰਥਿਕ। ਇਸ ਦੇ ਦੋ ਹੋਰ ਸਿਰੇ ਹਨ, ਜਿਨ੍ਹਾਂ 'ਚੋਂ ਇਕ ਹੈ ਨੈਤਿਕਤਾ-ਸਮਾਜਿਕ ਅਤੇ ਉਸ ਤੋਂ ਬਾਅਦ ਦਾ ਸਿਰਾ ਹੈ ਸਰਵਉੱਚ ਮਾਇਨਿਆਂ 'ਚ ਧਰਮ। ਇਸ 'ਚ ਹਿੰਦੂਵਾਦ, ਇਸਲਾਮ, ਈਸਾਈਅਤ ਆਦਿ ਸ਼ਾਮਲ ਹੈ ਪਰ ਸਭ 'ਚੋਂ ਸਰਵਉੱਚ ਹੈ 'ਸਕੁਆਇਰ' (ਜਿਸ ਨੂੰ ਅਸੀਂ ਸਵਰਾਜ ਦਾ ਚੌਰਾਹਾ ਕਹਾਂਗੇ) ਅਤੇ ਇਨ੍ਹਾਂ 'ਚੋਂ ਜੇ ਕੋਈ ਵੀ ਕੋਣ ਅਸਲੀ ਨਾ ਹੋਇਆ ਤਾਂ ਇਸ ਦਾ ਆਕਾਰ ਵਿਗੜ ਜਾਵੇਗਾ।'' ਗਾਂਧੀ ਜੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਮੁੱਦਈ ਸਨ। ਇਸ ਸਬੰਧੀ ਉਨ੍ਹਾਂ ਕਿਹਾ ਸੀ ਕਿ ''ਆਜ਼ਾਦੀ ਬਿਲਕੁਲ ਹੇਠੋਂ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹਰੇਕ ਪਿੰਡ ਇਕ ਗਣਰਾਜ ਹੋਵੇਗਾ ਜਾਂ ਪੰਚਾਇਤ ਕੋਲ ਪੂਰੀਆਂ ਤਾਕਤਾਂ ਹੋਣਗੀਆਂ।''

ਮਹਾਤਮਾ ਗਾਂਧੀ ਵੱਲੋਂ 1922 'ਚ ਅਦਾਲਤ 'ਚ ਦਿੱਤਾ ਇਹ ਬਿਆਨ ਮੌਜਦਾ ਸਮੇਂ ਵੀ ਆਪਣੀ ਉਨੀਂ ਹੀ ਸਾਰਥਿਕਤਾ ਰੱਖਦਾ ਹੈ ਜਿੰਨ੍ਹੀ ਕਿ 98 ਸਾਲ ਪਹਿਲਾਂ ਰੱਖਦਾ ਸੀ। ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਸ਼ਹਿਰਾਂ 'ਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਅਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ 'ਚ ਲਹਿੰਦੇ ਜਾ ਰਹੇ ਹਨ।
ਸ਼ਹਿਰਾਂ 'ਚ ਵੱਸਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਵਿਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ 'ਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ 'ਚ ਉਨ੍ਹਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤੁਹਾਨੂੰ ਪ੍ਰਤੱਖ ਵੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ 'ਚ ਅਤੇ ਹਿੰਦ ਦੇ ਸ਼ਹਿਰਾਂ 'ਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖ਼ਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸ ਦੀ ਮਿਸਾਲ ਹਿੰਦ ਵਿੱਚ ਹੋਰ ਕੋਈ ਨਹੀਂ ਮਿਲਦੀ।”

PunjabKesari

ਸ਼ਾਂਤੀ ਤੇ ਮੇਲ ਮਿਲਾਪ 'ਚ ਵਿਸ਼ਵਾਸ਼ ਰੱਖਦੇ ਸਨ ਗਾਂਧੀ
ਗਾਂਧੀ ਜੀ ਸ਼ਾਂਤੀ ਅਤੇ ਮੇਲ-ਮਿਲਾਪ 'ਚ ਵਿਸ਼ਵਾਸ ਰੱਖਦੇ ਸਨ ਉਨ੍ਹਾਂ ਇਸਲਾਮ ਅਤੇ ਬੁੱਧ ਧਰਮ ਦੀਆਂ ਸਿਖਿਆਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਸੀ। ਗਾਂਧੀ ਨੇ ਇਕ ਵਾਰ ਕਿਹਾ ਸੀ ਕਿ “ਮੈਂ ਜੋ ਕੁਝ ਵੇਖਦਾ ਹਾਂ ਉਹ ਇਹ ਹੈ ਕਿ ਜਿੰਦਗੀ ਮੌਤ ਦੀ ਗਲਵਕੜੀ 'ਚ ਹੈ, ਸੱਚਾਈ ਝੂਠ ਦੇ ਵਿਚਕਾਰ ਅਤੇ ਰੌਸ਼ਨੀ ਹਨੇਰੇ ਦੇ ਵਿਚਕਾਰ ਆਪਣਾ ਵਜੂਦ ਰੱਖਦੀਆਂ ਹਨ। ਇਸ ਤੋਂ ਮੈਂ ਇਹ ਸਿੱਟਾ ਕੱਢਦਾ ਹਾਂ ਕਿ ਰੱਬ ਜ਼ਿੰਦਗੀ, ਸੱਚਾਈ ਅਤੇ ਚਾਨਣ ਹੈ ਅਤੇ ਉਹ ਪਿਆਰ ਅਤੇ ਸਰਵਉੱਤਮ ਹੈ। ”

ਇਕ ਥਾਂ ਗਾਂਧੀ ਜੀ ਮੁਹੰਮਦ (ਸ) ਦੇ ਜੀਵਨ ਅਤੇ ਇਸਲਾਮ ਦੀ ਸ਼ਲਾਘਾ ਕਰਦਿਆਂ ਆਖਦੇ ਹਨ ਕਿ ਮੈਨੂੰ ਪਹਿਲਾਂ ਨਾਲੋਂ ਵਧੇਰੇ ਯਕੀਨ ਹੈ ਕਿ ਇਸਲਾਮ ਨੇ ਤਲਵਾਰ ਨਾਲ ਆਪਣਾ ਸਥਾਨ ਸਥਾਪਤ ਨਹੀਂ ਕੀਤਾ ਸਗੋਂ ਇਸ ਦੀ ਵੱਡੀ ਵਜ੍ਹਾ ਪੈਗੰਬਰ ਮੁਹੰਮਦ (ਸ) ਦਾ ਆਪਣੇ ਆਪ ਨੂੰ ਜਾਤੀ ਤੌਰ 'ਤੇ ਪੂਰਨ ਰੂਪ 'ਚ ਫਨਾਹ ਕਰਨਾ ਅਤੇ ਅੰਤਾਂ ਦੀ ਸਾਦਗੀ, ਆਪਣੇ ਵਾਅਦਿਆਂ ਪ੍ਰਤੀ ਵਧੇਰੇ ਵਚਨਬੱਧਤਾ ਦਾ ਪਾਲਣ, ਆਪਣੇ ਦੋਸਤਾਂ ਪ੍ਰਤੀ ਅਤਿ ਸ਼ਰਧਾ, ਆਪਣੇ ਮਿਸ਼ਨ ਪ੍ਰਤੀ ਹਿੰਮਤ, ਨਿਡਰਤਾ ਅਤੇ ਪ੍ਰਮਾਤਮਾ 'ਚ ਦ੍ਰਿੜ ਵਿਸ਼ਵਾਸ ਦਾ ਹੋਣਾ ਹੈ । ”
ਇਸੇ ਤਰ੍ਹਾਂ ਇਕ ਵਾਰ ਜਮੀਂਦਰ ਅਖਬਾਰ 'ਚ ਮਹਾਤਮਾ ਗਾਂਧੀ ਦੇ ਸੰਦਰਭ ਵਿੱਚ ਇਹ ਖ਼ਬਰ ਆਈ ਸੀ ਕਿ ਗਾਂਧੀ ਜੀ ਇਸਲਾਮ ਦੇ ਪਹਿਲੇ ਖਲੀਫ਼ਾ ਹਜ਼ਰਤ ਅਬੂ ਬਕਰ ਸਿੱਦੀਕ ਅਤੇ ਹਜ਼ਰਤ ਉਮਰ ਦੇ ਰਾਜ ਪ੍ਰਬੰਧ ਤੋਂ ਬੇਹੱਦ ਪ੍ਰਭਾਵਿਤ ਸਨ ਅਤੇ ਉਹ ਆਪਣੇ ਭਾਰਤ ਦੇ ਸ਼ਾਸਕਾਂ ਨੂੰ ਵੀ ਇਹੋ ਮਸ਼ਵਰਾ ਦਿੰਦੇ ਸਨ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਅਹਿਲ-ਏ-ਵਤਨ ਦੇ ਨੇਤਾਵਾਂ ਨੂੰ ਉਪਰੋਕਤ ਖਲੀਫਾਵਾਂ ਤੋਂ ਰਾਜ ਪ੍ਰਬੰਧ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਸਿੱਖਿਆ ਲੈਣੀ ਚਾਹੀਦੀ ਹੈ।

PunjabKesari

ਜੇਕਰ ਦੇਸ਼ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ਯਕੀਨਨ ਅੱਜ ਦੇਸ਼ ਅਤੇ ਇਸ ਦੇ ਨਾਗਰਿਕਾਂ ਨੂੰ ਜਿਸ ਨਾਜ਼ੁਕ ਦੌਰ 'ਚੋਂ ਦੀ ਲੰਘਣਾ ਪੈ ਰਿਹਾ ਹੈ, ਉਸ ਦੀ ਉਦਾਹਰਣ ਨਹੀਂ ਮਿਲਦੀ। ਸਾਡੇ ਸਾਰਿਆਂ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਦੇਸ਼ 'ਚ ਵੱਧ ਰਹੀ ਬੇਰੁਜ਼ਗਾਰੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਜਦੋਂ ਕਿ ਡਿੱਗ ਰਹੀ ਜੀਡੀਪੀ 23.90 ਲੁੜ੍ਹਕ  (ਮਾਈਨਸ) ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਭ੍ਰਿਸ਼ਟਾਚਾਰ 'ਤੇ ਵੀ ਨਕੇਲ ਕੱਸਣ 'ਚ ਅਸੀਂ ਨਾਕਾਮ ਰਹੇ ਹਾਂ। ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਜੋ ਘੱਟ ਗਿਣਤੀਆਂ ਅਤੇ ਔਰਤਾਂ 'ਚ ਅਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਹੈ, ਉਸ ਦੀ ਇਸ ਪਹਿਲਾਂ ਆਜ਼ਾਦ ਭਾਰਤ ਕੋਈ ਉਦਾਹਰਣ ਨਹੀਂ ਮਿਲਦੀ।
ਹਾਥਰਸ ਅਤੇ ਬਲਰਾਮਪੁਰ 'ਚ ਵਾਪਰੀਆਂ ਤਾਜਾ ਤਾਜ਼ਾ ਘਟਨਾਵਾਂ ਇਸ ਦਾ ਮੂੰਹ ਬੋਲਦਾ ਸਬੂਤ ਹਨ। ਯਕੀਨਨ ਅੱਜ ਰਾਸ਼ਟਰ ਪਿਤਾ ਦੀ ਆਤਮਾ ਜਿੱਥੇ ਕਿਤੇ ਵੀ ਹੋਵੇਗੀ। ਉਹ ਦੇਸ਼ ਦੀ ਉਪਰੋਕਤ ਸਥਿਤੀ ਨੂੰ ਲੈ ਕੇ ਬੇਹੱਦ ਦੁਖੀ ਅਤੇ ਚਿੰਤਤ ਹੋਵੇਗੀ।

ਅੱਜ ਮਹਾਤਮਾ ਗਾਂਧੀ ਜੀ ਦੇ ਜਨਮਦਿਨ ਦੇ ਮੌਕੇ ਸਾਡੇ ਦੇਸ਼ ਦੇ ਸ਼ਾਸਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਖਾਲੀ ਲੱਫਾਜ਼ੀ ਭਰੀ ਸ਼ਰਧਾਂਜਲੀ ਭੇਂਟ ਕਰਨ ਦੀ ਬਜਾਏ, ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਯਕੀਨੀ ਬਣਾਉਣ। ਮੈਂ ਸਮਝਦਾ ਹਾਂ ਕਿ ਜੇਕਰ ਅੱਜ ਸਾਡੇ ਸਾਸ਼ਕ ਉਨ੍ਹਾਂ ਦੇ ਜੀਵਨ ਅਤੇ ਦੇਸ਼ ਦੀ ਭਲਾਈ ਲਈ ਦੱਸੇ ਰਾਹਾਂ 'ਤੇ ਚਲਣ ਦੀ ਸੱਚੇ ਦਿਲੋਂ ਪ੍ਰਣ ਕਰਨ ਅਤੇ ਲੋਕਾਂ ਦੇ ਜੀਵਨ 'ਚ ਵਧੇਰੇ ਮੁਸ਼ਕਲਾਂ ਪੈਦਾ ਕਰਨ ਦੀ ਥਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ । ਜੇਕਰ ਸਾਡੇ ਆਗੂ ਅੱਜ ਸੱਚਾਈ ਅਤੇ ਆਹਿੰਸਾ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਕਰਦੇ ਹਨ ਤਾਂ ਗਾਂਧੀ ਜਯੰਤੀ ਮੌਕੇ ਉਕਤ ਆਗੂਆਂ ਵੱਲੋਂ ਬਾਪੂ ਨੂੰ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਅਤੇ ਸੱਚੀ ਸ਼ਰਧਾਂਜਲੀ ਹੋਵੇਗੀ..!
ਅੱਬਾਸ ਧਾਲੀਵਾਲ,
ਮਲੇਰਕੋਟਲਾ ।
ਸੰਪਰਕ ਨੰਬਰ :9855259650


shivani attri

Content Editor

Related News