ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਹੋਰ ਕੈਡਿਟਾਂ ਦੀ ਐੱਨ.ਡੀ.ਏ. ਲਈ ਚੋਣ

Thursday, Jul 18, 2024 - 06:27 PM (IST)

ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐੱਸ.ਏ.ਐੱਸ. ਨਗਰ ਦੇ ਅੱਠ ਹੋਰ ਸਾਬਕਾ ਕੈਡਿਟਾਂ ਦੀ ਇਸੇ ਮਹੀਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਅਤੇ ਹੋਰ ਸਰਵਿਸ ਸਿਖਲਾਈ ਅਕੈਡਮੀਆਂ ਲਈ ਚੋਣ ਹੋਈ ਹੈ। ਇਨ੍ਹਾਂ ਵਿੱਚੋਂ ਕੈਡਿਟ ਨਵਜੋਤ ਸਿੰਘ ਗਿੱਲ ਨੇ ਆਲ ਇੰਡੀਆ ਮੈਰਿਟ ਵਿਚ 11ਵਾਂ ਰੈਂਕ ਹਾਸਲ ਕੀਤਾ ਹੈ। ਇਨ੍ਹਾਂ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਕਮਿਸ਼ਨਡ ਅਫ਼ਸਰ ਬਣਨ ਲਈ ਐੱਨ.ਡੀ.ਏ. ਵਿਚ ਸ਼ਾਮਲ ਹੋਣ 'ਤੇ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ 8 ਕੈਡਿਟਾਂ- ਨਵਜੋਤ ਸਿੰਘ ਗਿੱਲ, ਵਿਵਾਨ ਸੂਦਨ, ਕਰਨਵੀਰ ਸਿੰਘ ਗਿੱਲ, ਪ੍ਰਤਿਊਸ਼ ਸਿੰਘ ਬੇਦੀ, ਮਨਕਰਨ ਸਿੰਘ ਢਿੱਲੋਂ, ਅਨਮੋਲ ਬਾਂਕਾ, ਪ੍ਰਣਵ ਠਾਕੁਰ ਅਤੇ ਅੱਕੀਰੇਡੀ ਸਾਈ ਵੇਦਾਂਸ਼, ਦੀ ਚੋਣ ਨਾਲ ਇਸ ਸੰਸਥਾ ਦੀ ਸਥਾਪਨਾ ਤੋਂ ਹੁਣ ਤੱਕ ਇਸ ਦੇ ਕੁੱਲ 237 ਕੈਡਿਟ ਵੱਖ-ਵੱਖ ਸਰਵਿਸਿਜ਼ ਸਿਖਲਾਈ ਅਕੈਡਮੀਆਂ ਵਿਚ ਸ਼ਾਮਲ ਹੋਏ ਹਨ। 

ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ 160 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿਚ ਅਫ਼ਸਰ ਵਜੋਂ ਨਿਯੁਕਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ 56.64 ਫ਼ੀਸਦੀ ਚੋਣ ਦਰ ਨਾਲ ਇਹ ਸੰਸਥਾ ਦੇਸ਼ ਵਿਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ। ਮਹਾਰਾਜਾ ਰਣਜੀਤ ਸਿੰਘ ਏ.ਐੱਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ (ਸੇਵਾਮੁਕਤ) ਨੇ ਇਨ੍ਹਾਂ ਕੈਡਿਟਾਂ ਨੂੰ ਦੇਸ਼ ਦੇ ਸੱਚੇ ਸਿਪਾਹੀਆਂ ਬਣਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਦਾ ਸਰਮਾਇਆ ਹਨ। ਉਨ੍ਹਾਂ ਦੱਸਿਆ ਕਿ ਕੋਰਸਾਂ ਲਈ ਐਸ.ਐਸ.ਬੀਜ਼ ਚੱਲ ਰਹੀ ਹੈ, ਜਿਸ ਵਿਚ ਇਸ ਸੰਸਥਾ ਦੇ ਕੈਡਿਟਾਂ ਦੀ ਚੋਣ ਕੀਤੀ ਜਾ ਰਹੀ ਹੈ। ਕੈਡਿਟਾਂ ਨੂੰ ਕਾਲ ਲੈਟਰ ਮਿਲਣ ਤੋਂ ਪਹਿਲਾਂ ਮੈਡੀਕਲ ਕਰਵਾਉਣਾ ਲਾਜ਼ਮੀ ਹੈ।


Gurminder Singh

Content Editor

Related News