ਫਰੀਦਕੋਟ ਦੀ 20,000 ਕਰੋੜੀ ਸ਼ਾਹੀ ਜਾਇਦਾਦ ਦਾ ਕੌਣ ਹੋਵੇਗਾ ਕਾਨੂੰਨੀ ਵਾਰਸ

Tuesday, Nov 13, 2018 - 12:43 PM (IST)

ਫਰੀਦਕੋਟ ਦੀ 20,000 ਕਰੋੜੀ ਸ਼ਾਹੀ ਜਾਇਦਾਦ ਦਾ ਕੌਣ ਹੋਵੇਗਾ ਕਾਨੂੰਨੀ ਵਾਰਸ

ਚੰਡੀਗੜ੍ਹ/ਫਰੀਦਕੋਟ - ਫਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਛੋਟੀ ਧੀ ਦੀਪਇੰਦਰ ਕੌਰ ਮਹਿਤਾਬ (82) ਦਾ ਐਤਵਾਰ ਦੁਪਹਿਰ ਦੇ ਸਮੇਂ ਦੇਹਾਂਤ ਹੋ ਗਿਆ ਸੀ।ਪੱਛਮੀ ਬੰਗਾਲ ਦੇ ਵਰਧਮਾਨ ਦੇ ਸ਼ਾਹੀ ਘਰਾਣੇ 'ਚ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਇਨ੍ਹੀਂ ਦਿਨੀਂ ਉਹ ਫ਼ਰੀਦਕੋਟ ਆਏ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਸ ਸਮੇਂ ਆਪਣੀ ਸਕੀ ਭੈਣ ਅੰਮ੍ਰਿਤ ਕੌਰ ਤੇ ਚਚੇਰੇ ਭਰਾ ਅਮਰਿੰਦਰ ਸਿੰਘ ਬਰਾੜ ਨਾਲ 20,000 ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ। ਇਹ ਸਾਰੀ ਜਾਇਦਾਦ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਹੈ ਪਰ ਉਨ੍ਹਾਂ ਦੀ ਔਲਾਦ ਨੂੰ ਇਹ ਪੂਰੀ ਤਰ੍ਹਾਂ ਨਸੀਬ ਨਹੀਂ ਹੋ ਸਕੀ। ਇਹ ਸਾਰੀ ਜਾਇਦਾਦ ਫ਼ਰੀਦਕੋਟ ਰਿਆਸਤ ਦੇ ਨਾਂ 'ਤੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ 'ਚ ਸਥਿਤ ਹੈ।ਇਸ ਸਾਰੀ ਜਾਇਦਾਦ ਦੀ ਦੇਖਭਾਲ ਲਈ ਮਹਾਰਾਵਲ ਖੀਵਾਜੀ ਟਰੱਸਟ ਬਣਾਇਆ ਗਿਆ ਸੀ, ਜਿਸ ਦੀ ਚੇਅਰਪਰਸਨ ਖ਼ੁਦ ਦੀਪਇੰਦਰ ਕੌਰ ਮਹਿਤਾਬ ਸਨ ਪਰ ਇਸ ਸਮੇਂ ਇਹ ਟਰੱਸਟ ਸਰਗਰਮ ਨਹੀਂ ਸੀ। 

ਦੱਸ ਦੇਈਏ ਕਿ ਸ਼ਹਿਜ਼ਾਦੀ ਦੀਪਇੰਦਰ ਕੌਰ ਹਰ ਸਾਲ ਸਤੰਬਰ ਮਹੀਨੇ ਹੋਣ ਵਾਲੇ ਬਾਬਾ ਫ਼ਰੀਦ ਮੇਲੇ 'ਚ ਭਾਗ ਲੈਣ ਲਈ ਆਉਂਦੇ ਸਨ ਪਰ ਇਸ ਵਾਰ ਉਹ ਮੇਲੇ 'ਚ ਨਹੀਂ ਆ ਸਕੇ। ਬੀਤੀ 17 ਅਕਤੂਬਰ ਨੂੰ ਉਹ ਆਪਣੇ ਪਿਤਾ ਦੇ ਬਰਸੀ ਸਮਾਰੋਹ 'ਚ ਭਾਗ ਲੈਣ ਲਈ 11 ਅਕਤੂਬਰ ਨੂੰ ਫ਼ਰੀਦਕੋਟ ਆਏ ਹੋਏ ਸਨ। ਫਰੀਦਕੋਟ ਆ ਕੇ ਅਚਾਨਕ ਬੀਮਾਰ ਹੋ ਜਾਣ ਕਾਰਨ ਉਨ੍ਹਾਂ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਹੁਣ ਆਮ ਲੋਕਾਂ ਦੀ ਦਿਲਚਸਪੀ ਇਸ ਗੱਲ 'ਚ ਜ਼ਿਆਦਾ ਵਧ ਰਹੀ ਹੈ ਕਿ 20,000 ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਕਾਨੂੰਨੀ ਵਾਰਸ ਹੁਣ ਕੌਣ ਹੋਵੇਗਾ। ਪਤਾ ਲੱਗਾ ਹੈ ਕਿ ਵੱਡੀ ਭੈਣ ਅੰਮ੍ਰਿਤ ਕੌਰ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਬੇਦਖ਼ਲ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਸ਼ਾਹੀ ਖ਼ਾਨਦਾਨ 'ਚ ਆਪਣਾ ਵਿਆਹ ਰਚਾਇਆ ਸੀ।


author

rajwinder kaur

Content Editor

Related News