27 ਅਗਸਤ ਦੇ ਮਹਾਂਬੰਦ ਦੌਰਾਨ ''ਸਮੂਹਿਕ ਛੁੱਟੀ'' ਦਾ ਐਲਾਨ

Monday, Aug 24, 2026 - 07:20 PM (IST)

27 ਅਗਸਤ ਦੇ ਮਹਾਂਬੰਦ ਦੌਰਾਨ ''ਸਮੂਹਿਕ ਛੁੱਟੀ'' ਦਾ ਐਲਾਨ

ਬੱਧਨੀ ਕਲਾਂ (ਮਨੋਜ ਭੱਲਾ) : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਲੀਡਰਸ਼ਿਪ ਤੋਂ ਇਲਾਵਾ ਵੱਖ-ਵੱਖ ਵਿਭਾਗੀ ਜਥੇਬੰਦੀਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਜ਼ਿਲ੍ਹਾ ਪੱਧਰੀ ਆਗੂ ਸ਼ਾਮਲ ਹੋਏ। ਇਸ ਦੌਰਾਨ 17 ਅਗਸਤ ਤੋਂ ਚੱਲ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦੀ ਸਮੀਖਿਆ ਕਰਦਿਆਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਤੋਂ ਚੱਲ ਰਹੀ ਹੜਤਾਲ ਨੂੰ ਮੁਲਾਜ਼ਮਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੁੱਪ ਧਾਰਨ ਕਾਰਨ ਉਨ੍ਹਾਂ ਵਿਚ ਰੋਸ ਵਧ ਰਿਹਾ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ। ਸੂਬਾ ਆਗੂਆਂ ਨੇ ਐਲਾਨ ਕੀਤਾ ਕਿ 27 ਅਗਸਤ ਨੂੰ ਪੰਜਾਬ ਮਹਾਂਬੰਦ ਦੌਰਾਨ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਮਿਨਿਸਟੀਰੀਅਲ ਕਾਮੇ ਸਮੂਹਿਕ ਛੁੱਟੀ ਲੈ ਕੇ ਦਫ਼ਤਰ ਬੰਦ ਰੱਖਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ

ਇਸ ਤੋਂ ਪਹਿਲਾਂ 24 ਅਗਸਤ ਨੂੰ ਜ਼ਿਲਾ ਲੀਡਰਸ਼ਿਪ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਮੁਲਾਜ਼ਮਾਂ ਨੂੰ ਮਹਾਂਬੰਦ ਨੂੰ ਸਫਲ ਬਣਾਉਣ ਲਈ ਲਾਮਬੰਦ ਕੀਤਾ ਜਾਵੇਗਾ। 25 ਅਗਸਤ ਨੂੰ ਜ਼ਿਲਾ ਹੈੱਡਕੁਆਰਟਰਾਂ ’ਤੇ ਰੋਸ ਰੈਲੀਆਂ ਕਰਨ ਅਤੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਅਨੁਸਾਰ ਇਸ ਦੌਰਾਨ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੁਤਲੇ ਫੂਕੇ ਜਾਣਗੇ। 26 ਅਗਸਤ ਨੂੰ ਕਲਮ ਛੋੜ ਹੜਤਾਲ ਕਰਦਿਆਂ ਦਫ਼ਤਰੀ ਕੰਮ ਦਾ ਬਾਈਕਾਟ ਕਰ ਕੇ ਮੁਲਾਜ਼ਮ ਆਪਣੀਆਂ ਸੀਟਾਂ ਛੱਡ ਕੇ ਧਰਨੇ ਦੇਣਗੇ। ਯੂਨੀਅਨ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਸੋਸ਼ਲ ਮੀਡੀਆ ਰਾਹੀਂ ਫੈਲਾਏ ਜਾ ਰਹੇ ਕਥਿਤ ਭਰਮ-ਭੁਲੇਖਿਆਂ ਦਾ ਜਵਾਬ ਦੇਣ ਲਈ ਪੈਂਫਲਟ, ਪੋਸਟਰ ਅਤੇ ਹੋਰਡਿੰਗ ਲਾਏ ਜਾਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਮੁਹਿੰਮ ਨੂੰ ਹੋਰ ਸਰਗਰਮ ਕਰਨ ਦਾ ਫੈਸਲਾ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਚ ਹੁਣ 'ਮਹਾ ਬੰਦ' ਦਾ ਐਲਾਨ, ਨੋਟ ਕਰ ਲਓ ਇਹ ਤਾਰੀਖ਼

ਮੀਟਿੰਗ ਦੌਰਾਨ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁਲਾਜ਼ਮਾਂ ਨਾਲ ਸਬੰਧਤ ਫੈਸਲਿਆਂ ਅਤੇ ਅਦਾਲਤ ਦੀ ਕਾਰਜਪ੍ਰਣਾਲੀ ਬਾਰੇ ਕੀਤੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਇਸ ਸਬੰਧੀ ਅਦਾਲਤ ਨੂੰ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ। ਜਥੇਬੰਦੀ ਨੇ ਦਾਅਵਾ ਕੀਤਾ ਕਿ ਕਲਾਸ ਚਾਰ ਤੋਂ ਲੈ ਕੇ ਡਰਾਈਵਰਾਂ ਅਤੇ ਕਲਾਸ ਵਨ ਤੱਕ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਕੁਝ ਜਥੇਬੰਦੀਆਂ ਨੇ ਵੀ ਮਹਾਂਬੰਦ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ 27 ਅਗਸਤ ਦੇ ਮਹਾਂਬੰਦ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਦੇ ਦਫ਼ਤਰੀ ਕਾਮੇ ਇਕਜੁੱਟ ਹੋ ਕੇ ਸੰਘਰਸ਼ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : 'ਵਾਰਿਸ ਪੰਜਾਬ ਦੇ' ਵੱਲੋਂ ਮਜੀਠਾ ਤੋਂ ਉਮੀਦਵਾਰ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News