ਮੈਜਿਸਟਰੇਟ ਦੇ ਜਾਅਲੀ ਹਸਤਾਖਰ ਕਰਨ ਸੰਬੰਧੀ ਘਪਲੇ ਦਾ ਪਰਦਾਫਾਸ਼

Thursday, Mar 01, 2018 - 06:16 AM (IST)

ਮੈਜਿਸਟਰੇਟ ਦੇ ਜਾਅਲੀ ਹਸਤਾਖਰ ਕਰਨ ਸੰਬੰਧੀ ਘਪਲੇ ਦਾ ਪਰਦਾਫਾਸ਼

ਜਲੰਧਰ, (ਪੁਨੀਤ)- ਆਰ. ਸੀ. ਲਈ ਬੇਨਤੀ ਕਰਨ ਲਈ ਮੈਜਿਸਟਰੇਟ ਦੇ ਜਾਅਲੀ ਹਸਤਾਖਰ ਕਰਨ ਤੇ ਸਰਕਾਰੀ ਮੋਹਰਾਂ ਦੀ ਗਲਤ ਵਰਤੋਂ ਤੇ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿਚ ਆਉਣ ਵਾਲੇ ਸਮੇਂ ਵਿਚ ਕਈਆਂ 'ਤੇ ਗਾਜ ਡਿੱਗ ਸਕਦੀ ਹੈ। ਪਿਛਲੇ ਦਿਨੀਂ ਆਰ. ਟੀ. ਏ. ਦਫਤਰ ਵਿਚ ਵਿਜੀਲੈਂਸ ਦੀ ਰੇਡ ਹੋਈ ਸੀ, ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੈਕਿੰਗ ਚੱਲ ਰਹੀ ਹੈ।  ਇਸ ਮਾਮਲੇ ਵਿਚ ਅੱਜ ਵਿਜੀਲੈਂਸ ਦੀ ਟੀਮ ਮੈਜਿਸਟਰੇਟ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਦੇ ਦਫਤਰ ਪਹੁੰਚੀ, ਜਿੱਥੇ ਇਸ ਘਪਲੇ ਦਾ ਪਰਦਾਫਾਸ਼ ਹੋਇਆ।  ਆਰ. ਸੀ. ਅਰਜ਼ੀਆਂ ਵਾਲੀਆਂ ਫਾਈਲਾਂ ਵਿਚ ਹੋਏ ਮੈਜਿਸਟਰੇਟ ਦੇ ਹਸਤਾਖਰ ਤੇ ਮੋਹਰ ਲੱਗੇ ਦਸਤਾਵੇਜ਼ ਲੈ ਕੇ ਟੀਮ ਜਦੋਂ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਦੇ ਦਫਤਰ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ ਹਸਤਾਖਰ ਫਰਜ਼ੀ ਹਨ। ਤਹਿਸੀਲਦਾਰ ਨੂੰ ਜਦੋਂ ਮੋਹਰ ਤੇ ਹਸਤਾਖਰ ਦਿਖਾਏ ਗਏ ਤਾਂ ਉਨ੍ਹਾਂ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ।
ਬਿਨੇਕਰਤਾਵਾਂ 'ਤੇ ਵੀ ਡਿੱਗੇਗੀ ਗਾਜ
ਆਰ. ਸੀ. ਨਾਲ ਸਬੰਧਤ ਫਾਈਲ ਨੂੰ ਆਰ. ਟੀ. ਏ. ਦਫਤਰ ਵਿਚ ਜਮ੍ਹਾ ਕਰਵਾਉਂਦੇ ਸਮੇਂ ਇਕ ਐਫੀਡੇਵਿਟ ਦੇਣਾ ਪੈਂਦਾ ਹੈ, ਜਿਸ 'ਤੇ ਮੈਜਿਸਟਰੇਟ ਦੇ ਹਸਤਾਖਰ ਹੋਣ ਦੇ ਨਾਲ-ਨਾਲ ਮੋਹਰਾਂ ਲਾਈਆਂ ਜਾਂਦੀਆਂ ਹਨ। ਵਿਜੀਲੈਂਸ ਦੀ ਚੈਕਿੰਗ ਦੌਰਾਨ ਜਿਨ੍ਹਾਂ ਫਾਈਲਾਂ ਵਿਚ ਜਾਅਲੀ ਮੋਹਰਾਂ ਤੇ ਜਾਅਲੀ ਹਸਤਾਖਰ ਪਾਏ ਜਾ ਰਹੇ ਹਨ, ਉਹ ਵੱਡੀ ਮੁਸ਼ਕਲ ਵਿਚ ਫਸਣ ਵਾਲੇ ਹਨ। ਸਰਕਾਰੀ ਮੋਹਰਾਂ ਦੀ ਗਲਤ ਵਰਤੋਂ ਕਰਨ ਵਾਲੇ ਲੋਕਾਂ 'ਤੇ ਗਾਜ ਡਿੱਗ ਸਕਦੀ ਹੈ ਤੇ ਉਨ੍ਹਾਂ ਨੂੰ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। 
ਸਾਡੇ ਦਫਤਰ ਦੇ ਹਸਤਾਖਰ ਨਹੀਂ : ਤਹਿਸੀਲਦਾਰ
ਇਸ ਸਬੰਧ ਵਿਚ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਦਸਤਾਵੇਜ਼ ਲੈ ਕੇ ਵਿਜੀਲੈਂਸ ਦੀ ਟੀਮ ਆਈ ਸੀ, ਉਸ 'ਤੇ ਨਾ ਤਾਂ ਉਨ੍ਹਾਂ ਦੇ ਹਸਤਾਖਰ ਸਨ ਤੇ ਨਾ ਹੀ ਨਾਇਬ ਤਹਿਸੀਲਦਾਰ ਦੇ ਸਨ। ਭੁੱਲਰ ਨੇ ਕਿਹਾ ਕਿ ਟੀਮ ਨੇ ਜੋ ਵੀ ਜਾਣਕਾਰੀ ਮੰਗੀ ਹੈ, ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਮੋਹਰਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਮੋਹਰਾਂ ਦੀ ਵਰਤੋਂ ਐਫੀਡੇਵਿਟ 'ਤੇ ਹੋਈ ਹੈ, ਉਹ ਮੋਹਰਾਂ ਵੀ ਉਨ੍ਹਾਂ ਦੇ ਦਫਤਰ ਨਾਲ ਸਬੰਧਤ ਨਹੀਂ ਹਨ।
ਵਿਜੀਲੈਂਸ ਨੇ ਖਾਲੀ ਕਾਗਜ਼ਾਂ 'ਤੇ ਲਵਾਈਆਂ ਮੋਹਰਾਂ
ਜਾਂਚ ਨੂੰ ਅੱਗੇ ਵਧਾਉਣ ਲਈ ਵਿਜੀਲੈਂਸ ਦੀ ਟੀਮ ਵੱਲੋਂ ਤਹਿਸੀਲਦਾਰ-1 ਦੇ ਦਫਤਰ ਵਿਚ ਜਾ ਕੇ ਉਨ੍ਹਾਂ ਦੀਆਂ ਮੋਹਰਾਂ ਖਾਲੀ ਕਾਗਜ਼ 'ਤੇ ਲਵਾਈਆਂ ਤਾਂ ਜੋ ਬਾਕੀ ਫਾਈਲਾਂ 'ਤੇ ਲੱਗੀਆਂ ਮੋਹਰਾਂ ਨਾਲ ਮਿਲਾ ਕੇ ਜਾਂਚ ਕੀਤੀ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਹਿਸੀਲਦਾਰ ਦਫਤਰ ਤੋਂ ਲਈਆਂ ਮੋਹਰਾਂ ਨਾਲ ਹੋਰ ਫਾਈਲਾਂ ਦੀ ਜਾਂਚ ਸੌਖੀ ਹੋਵੇਗੀ ਤੇ ਵਾਰ-ਵਾਰ ਉਨ੍ਹਾਂ ਨੂੰ ਤਹਿਸੀਲਦਾਰ ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਇਸ ਸਬੰਧ ਵਿਚ ਕੁਝ ਹੋਰ ਦਸਤਾਵੇਜ਼ ਵੀ ਵਿਜੀਲੈਂਸ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਜਾਂਚ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ। 


Related News