ਮਾਫ਼ੀਆ ਚਲਾ ਰਿਹੈ ਰਾਤ ਦੇ ਹਨੇਰੇ ’ਚ ‘ਚਿੱਟੇ ਰੇਤ’ ਦਾ ਨਾਜਾਇਜ਼ ਕਾਰੋਬਾਰ
Tuesday, Aug 02, 2022 - 02:25 PM (IST)
ਲੁਧਿਆਣਾ (ਅਨਿਲ)- ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡ ਕੁਤਬੇਵਾਲ ਅਰਾਈਆਂ ’ਚ ਰਾਤ ਦੇ ਹਨੇਰੇ ’ਚ ਰੇਤ ਮਾਫ਼ੀਆ ਵੱਲੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਨ ਵਾਲਾ ਮਾਈਨਿੰਗ ਤੇ ਪੁਲਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਐਤਵਾਰ ਦੀ ਅੱਧੀ ਰਾਤ ਨੂੰ ਰੇਤ ਮਾਫ਼ੀਆ ਨੇ ਸਤਲੁਜ ਦਰਿਆ ਤੋਂ ਨਾਜਾਇਜ਼ ਤਰੀਕੇ ਨਾਲ ਰੇਤ ਦਾ ਕਾਰੋਬਾਰ ਚਲਾਇਆ ਪਰ ਮਾਈਨਿੰਗ ਅਤੇ ਪੁਲਸ ਵਿਭਾਗ ਨੂੰ ਭਿਣਕ ਤੱਕ ਨਹੀਂ ਪਈ। ਇਸ ਦੌਰਾਨ ਰੇਤ ਮਾਫ਼ੀਆ ਨੇ ਸਤਲੁਜ ਦਰਿਆ ’ਚੋਂ ਰੇਤ ਦੀਆਂ ਕਈ ਟਰੈਕਟਰ-ਟਰਾਲੀਆਂ ਅਤੇ ਟਿੱਪਰ ਭਰ ਕੇ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਦਿੱਤਾ।
ਇਹ ਵੀ ਪੜ੍ਹੋ- ਸਰਹੱਦ ਪਾਰ : ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਛੁੱਟੀ 'ਤੇ ਆਏ ਫੌਜੀ ਦਾ ਨੱਕ ਅਤੇ ਦੋਵੇਂ ਕੰਨ ਵੱਢੇ
ਧਿਆਨਦੇਣਯੋਗ ਹੈ ਕਿ ਫ਼ਲੱਡ ਸੀਜ਼ਨ ਹੋਣ ਕਾਰਨ 1 ਜੁਲਾਈ ਤੋਂ 30 ਸਤੰਬਰ ਤੱਕ ਰੇਤ ਦੀਆਂ ਸਾਰੀਆਂ ਖੱਡਾਂ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਹੁਣ ਕੁਝ ਲੋਕ ਇਸ ਗੋਰਖ਼ਧੰਦੇ ਨੂੰ ਸਤਲੁਜ ਦਰਿਆ ਤੋਂ ਫ਼ਿਰ ਚਲਾਉਣ ਲੱਗੇ ਹਨ, ਜੋ ਸਬੰਧਤ ਵਿਭਾਗ ’ਤੇ ਇਕ ਸਵਾਲੀਆ ਨਿਸ਼ਾਨ ਹੈ।
ਪਿੰਡ ਕੁਤਬੇਵਾਲ ਅਰਾਈਆਂ ਤੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਲੈ ਕੇ ਰੇਤ ਮਾਫ਼ੀਆ ਰਾਤੋ-ਰਾਤ ਸ਼ਹਿਰਾਂ ’ਚ ਸਪਲਾਈ ਕਰ ਰਿਹਾ ਹੈ। ਜੇਕਰ ਰੇਤ ਮਾਫ਼ੀਏ ਨੂੰ ਪੁਲਸ ਦੇ ਆਉਣ ਦੀ ਸੂਚਨਾ ਮਿਲੇ ਤਾਂ ਉਕਤ ਲੋਕ ਲਾਡੋਵਾਲ ਇਲਾਕੇ ਤੋਂ ਨਿਕਲ ਕੇ ਸਲੇਮ ਟਾਬਰੀ ਅਤੇ ਮਿਹਰਬਾਨ ਦੇ ਪਿੰਡਾਂ ਤੋਂ ਨਿਕਲ ਕੇ ਫ਼ਰਾਰ ਹੋ ਜਾਂਦੇ ਹਨ, ਜਿਸ ਕਾਰਨ ਰੇਤ ਮਾਫ਼ੀਆ ਪੁਲਸ ਦੀ ਗ੍ਰਿਫ਼ਤਾਰ ਤੋਂ ਬਾਹਰ ਨਿਕਲ ਜਾਂਦਾ ਹੈ। ਜਦੋਂ ਉਥੋਂ ਪੁਲਸ ਵਾਪਸ ਚਲੀ ਜਾਂਦੀ ਹੈ ਤਾਂ ਰੇਤ ਮਾਫ਼ੀਆ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ।ਰੇਤ ਦੀਆਂ ਖੱਡਾਂ ਬੰਦ ਹੋਣ ਕਾਰਨ ਰੇਤ ਦੇ ਭਾਅ ਆਸਮਾਨ ਛੂਹ ਰਹੇ ਹਨ। ਇਸ ਲਈ ਰੇਤ ਮਾਫ਼ੀਆ ਰਾਤੋ-ਰਾਤ ਲੱਖਾਂ ਰੁਪਏ ਦੀ ਰੇਤ ਸਤਲੁਜ ਦਰਿਆ ਤੋਂ ਚੋਰੀ ਕਰ ਕੇ ਆਪਣੀਆਂ ਜੇਬਾਂ ਭਰਨ ’ਚ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ ਏ.ਐੱਸ.ਆਈ ਅਵਤਾਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਕੀ ਕਹਿਣਾ ਹੈ ਕਿ ਥਾਣਾ ਲਾਡੋਵਾਲ ਮੁਖੀ ਦਾ
ਜਦੋਂ ਇਸ ਸਬੰਧੀ ਲਾਡੋਵਾਲ ਦੇ ਥਾਣਾ ਮੁਖੀ ਵਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਵੀ ਕਿਸੇ ਨੇ ਸੂਚਨਾ ਦਿੱਤੀ ਹੈ ਕਿ ਕੁਤਬੇਵਾਲ ਅਰਾਈਆਂ ’ਚ ਐਤਵਾਰ ਦੀ ਰਾਤ ਨੂੰ ਕੁਝ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਰੇਤ ਚੁੱਕੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਜਿੱਥੋਂ ਰੇਤ ਚੁੱਕੀ ਗਈ ਹੈ, ਉਕਤ ਜ਼ਮੀਨ ਦੇ ਮਾਲਕ ਦਾ ਪਤਾ ਲਗਾ ਕੇ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੁਝ ਸਿਆਸੀ ਲੋਕ ਚਲਾ ਰਹੇ ਹਨ ਨਾਜਾਇਜ਼ ਰੇਤ ਦਾ ਕਾਰੋਬਾਰ : ਸਰਪੰਚ ਲਵਲੀ
ਪਿੰਡ ਤਲਵੰਡੀ ਕਲਾਂ ਦੇ ਸਰਪੰਚ ਮਨਜੀਤ ਸਿੰਘ ਲਵਲੀ ਨੇ ਦੱਸਿਆ ਕਿ ਕੁਝ ਸਿਆਸੀ ਲੋਕ ਮਿਲ ਕੇ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾ ਰਹੇ ਹਨ। ਸਰਪੰਚ ਲਵਲੀ ਨੇ ਕਿਹਾ ਕਿ ਸਾਡਾ ਸਾਰਾ ਪਿੰਡ ਆਪਣੇ ਘਰਾਂ ’ਚ ਬੈਠਾ ਹੋਇਆ ਹੈ। ਸਾਡੇ ਕੰਮ ਬੰਦ ਪਏ ਹਨ ਪਰ ਕੁਝ ਲੋਕ ਸ਼ਰੇਆਮ ਰਾਤ ਨੂੰ ਨਾਜਾਇਜ਼ ਰੇਤ ਦਾ ਕੰਮ ਚਲਾ ਰਹੇ ਹਨ, ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ।