ਮਾਛੀਵਾੜਾ ''ਚ ਕੋਰੋਨਾ ਦਾ ਕਹਿਰ, ''ਅਨਾਜ ਮੰਡੀ'' ਕਿਸਾਨਾਂ ਲਈ ਬੰਦ

08/10/2020 4:15:12 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਦੇ 2 ਆੜ੍ਹਤੀਆਂ ਦੇ ਪਰਿਵਾਰ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਕਾਰਨ ਮੰਡੀ ਦੀਆਂ ਆੜ੍ਹਤੀ ਐਸੋਸ਼ੀਏਸ਼ਨਾਂ ਨੇ ਫ਼ੈਸਲਾ ਲਿਆ ਹੈ ਕਿ ਇਸ ਬੀਮਾਰੀ ਦੇ ਮੱਦੇਨਜ਼ਰ ਕਿਸਾਨਾਂ ਲਈ ਅਨਾਜ ਮੰਡੀ ਬੰਦ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋ. ਦੇ ਆਗੂ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ ਅਤੇ ਸ਼ੈਲਰ ਐਸੋ. ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਸ ਮਹਾਮਾਰੀ ਦੇ ਫੈਲਾਅ ਤੋਂ ਬਚਣ ਲਈ ਫਿਲਹਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਈ ਕਿਸਾਨ ਮੰਡੀ ’ਚ ਆੜ੍ਹਤੀਆਂ ਕੋਲ ਨਾ ਆਵੇ ਅਤੇ ਜੇਕਰ ਉਸ ਨੂੰ ਕੋਈ ਕੰਮ ਹੈ ਜਾਂ ਪੈਸੇ ਦਾ ਲੈਣ-ਦੇਣ ਕਰਨਾ ਹੈ ਤਾਂ ਆਪਣੇ ਸਬੰਧਿਤ ਆੜ੍ਹਤੀ ਨਾਲ ਫੋਨ ’ਤੇ ਸੰਪਰਕ ਕਰ ਸਕਦਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਮੰਡੀ ’ਚ ਸਿਰਫ ਆੜ੍ਹਤੀਆਂ ਦੇ ਅਕਾਊਂਟੈਂਟ ਹੀ ਆਉਣਗੇ, ਜਦੋਂ ਕਿ ਮਜ਼ਦੂਰ ਜਾਂ ਹੋਰ ਕੋਈ ਵੀ ਵਿਅਕਤੀ ਬਿਨ੍ਹਾਂ ਜ਼ਰੂਰੀ ਕੰਮ ਦੇ ਮੰਡੀ ਅੰਦਰ ਨਾ ਆਉਣ। ਉਨ੍ਹਾਂ ਕਿਹਾ ਕਿ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਮਾਛੀਵਾੜਾ ਅਨਾਜ ਮੰਡੀ ਦੇ 2 ਆੜ੍ਹਤੀ ਪਰਿਵਾਰ ਕੋਰੋਨਾ ਦੀ ਲਪੇਟ 'ਚ ਆ ਗਏ, ਜਿਸ ਲਈ ਉਹ ਸਾਰੇ ਅਰਦਾਸ ਕਰਦੇ ਹਨ ਕਿ ਉਹ ਜਲਦ ਤੰਦਰੁਸਤ ਹੋਣ। ਉਕਤ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਪ੍ਰਕੋਪ ਘੱਟ ਨਹੀਂ ਜਾਂਦਾ, ਉਦੋਂ ਤੱਕ ਮੰਡੀ ਕਿਸਾਨਾਂ ਲਈ ਬੰਦ ਰੱਖੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮਾਛੀਵਾੜਾ ਇਲਾਕੇ ’ਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਬਜ਼ਾਰਾਂ ’ਚ ਬਿਨ੍ਹਾਂ ਕੰਮ ਤੋਂ ਨਾ ਨਿਕਲਣ, ਜਿਸ ਨਾਲ ਇਸ ਦਾ ਪ੍ਰਕੋਪ ਘਟੇਗਾ।


Babita

Content Editor

Related News