ਮਾਛੀਵਾੜਾ ਮੰਡੀ ਵਿਚ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਕਿਸਾਨ ਯੂਨੀਅਨਾਂ ਤੇ ਆੜ੍ਹਤੀਆਂ ਵੱਲੋਂ ਰੋਸ ਧਰਨਾ
Thursday, Nov 12, 2026 - 12:53 PM (IST)
ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦਾ ਟੀਚਾ ਮੁਕੰਮਲ ਹੋਣ ਤੋਂ ਬਾਅਦ ਏਜੰਸੀਆਂ ਵਲੋਂ ਫਸਲ ਦੀ ਖਰੀਦ ਬੰਦ ਕਰ ਦਿੱਤੀ ਹੈ ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਕਿਹਾ ਕਿ ਇਸ ਵਾਰ ਫਸਲ ਦਾ ਝਾੜ ਵੱਧ ਹੋਣ ਕਾਰਨ ਮੰਡੀਆਂ ਵਿਚ ਟੀਚੇ ਤੋਂ ਵੱਧ ਝੋਨਾ ਵਿਕਣ ਲਈ ਆਇਆ ਹੈ ਜਿਸ ਲਈ ਹੁਣ ਕੇਂਦਰ ਤੇ ਪੰਜਾਬ ਸਰਕਾਰ ਤੁਰੰਤ ਇਸ ਦੀ ਖਰੀਦ ਦੇ ਪ੍ਰਬੰਧ ਕਰੇ।
ਉਨ੍ਹਾਂ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਅਜੇ 50 ਤੋਂ 60 ਹਜ਼ਾਰ ਕੁਇੰਟਲ ਝੋਨਾ ਹੋਰ ਵਿਕਣ ਲਈ ਆਉਣਾ ਹੈ ਪਰ ਖਰੀਦ ਨਾ ਹੋਣ ਕਾਰਨ ਜੋ ਫਸਲ ਕਿਸਾਨ ਵੇਚਣ ਲਈ ਲਿਆ ਰਹੇ ਹਨ ਉਹ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਮੰਡੀਆਂ ਵਿਚ ਵਾਧੂ ਆਈ ਫਸਲ ਦੀ ਖਰੀਦ ਦੇ ਨਾਲ-ਨਾਲ ਇਸ ਦੀ ਅਦਾਇਗੀ ਦੇ ਵੀ ਪ੍ਰਬੰਧ ਕਰੇ ਕਿਉਂਕਿ ਕਿਸਾਨ ਫਸਲ ਵਿਕਣ ਤੋਂ ਬਾਅਦ ਆੜ੍ਹਤੀਆਂ ਤੋਂ ਤੁਰੰਤ ਅਦਾਇਗੀ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ 2 ਦਿਨਾਂ ਤੋਂ ਮਾਛੀਵਾੜਾ ਮੰਡੀ ਵਿਚ ਫਸਲ ਦੀ ਖਰੀਦ ਨਹੀਂ ਹੋਈ ਅਤੇ ਕਿਸਾਨ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਪ੍ਰਸ਼ਾਸਨ ਵਲੋਂ ਨਵਾਂ ਆਦੇਸ਼ ਜਾਰੀ ਹੋਵੇ ਅਤੇ ਉਨ੍ਹਾਂ ਦੀ ਫਸਲ ਖਰੀਦੀ ਜਾਵੇ। ਇਸ ਮੌਕੇ ਮੰਡੀਆਂ ਵਿਚ ਫਸਲ ਵੇਚਣ ਆਏ ਕਿਸਾਨਾਂ ਨੇ ਵੀ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਤੁਰੰਤ ਖਰੀਦੀ ਜਾਵੇ।
ਇਸ ਮੌਕੇ ਸਾਬਕਾ ਪ੍ਰਧਾਨ ਟਹਿਲ ਸਿੰਘ ਔਜਲਾ, ਸੂਬਾ ਮੀਤ ਪ੍ਰਧਾਨ ਅਰਵਿੰਦਰਪਾਲ ਸਿੰਘ ਵਿੱਕੀ, ਸਹਿਕਾਰੀ ਸਭਾ ਦੇ ਪ੍ਰਧਾਨ ਸੋਹਣ ਲਾਲ ਸ਼ੇਰਪੁਰੀ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਬਿੰਨੀ ਅਗਰਵਾਲ, ਹੈਪੀ ਬਾਂਸਲ, ਵਿਨੀਤ ਜੈਨ, ਸਰਪੰਚ ਕੁਲਵੰਤ ਸਿੰਘ, ਕਰਮਜੀਤ ਸਿੰਘ ਅਢਿਆਣਾ ਵੀ ਮੌਜੂਦ ਸਨ।
