ਮਾਛੀਵਾੜਾ ਕਾਂਗਰਸ ਦੀ ਸਿਆਸਤ ’ਚ ਧਮਾਕਾ, ਦਰਸ਼ਨ ਕੁੰਦਰਾ ਦੇ ਸਿਰ ਸਜਿਆ ਚੇਅਰਮੈਨੀ ਦਾ ਤਾਜ

Thursday, Jun 04, 2020 - 11:46 AM (IST)

ਮਾਛੀਵਾੜਾ ਕਾਂਗਰਸ ਦੀ ਸਿਆਸਤ ’ਚ ਧਮਾਕਾ, ਦਰਸ਼ਨ ਕੁੰਦਰਾ ਦੇ ਸਿਰ ਸਜਿਆ ਚੇਅਰਮੈਨੀ ਦਾ ਤਾਜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਕਾਂਗਰਸ ਦੀ ਸਿਆਸਤ ’ਚ ਅੱਜ ਉਸ ਸਮੇਂ ਧਮਾਕਾ ਹੋ ਗਿਆ, ਜਦੋਂ ਕਾਫ਼ੀ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ। ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਕੁੰਦਰਾ ਨੂੰ ਮਾਰਕਿਟ ਕਮੇਟੀ ਮਾਛੀਵਾੜਾ ਦਾ ਚੇਅਰਮੈਨ ਅਤੇ ਕਾਂਗਰਸ ਦੇ ਪ੍ਰਦੇਸ਼ ਸਕੱਤਰ ਤੇ ਪ੍ਰਸਿੱਧ ਆੜ੍ਹਤੀ ਸ਼ਕਤੀ ਆਨੰਦ ਨੂੰ ਉਪ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ।
 ਪਿਛਲੇ 2 ਦਿਨਾਂ ਤੋਂ ਇਲਾਕੇ ’ਚ ਕਾਫ਼ੀ ਚਰਚਾਵਾਂ ਸਨ ਕਿ ਚੇਅਰਮੈਨੀ ਦਾ ਤਾਜ ਕਿਸ ਸਿਰ ਸਜੇਗਾ ਅਤੇ ਇਸ ਅਹੁਦੇ ਲਈ ਮਾਛੀਵਾੜਾ ਇਲਾਕੇ ਦੇ ਤਿੰਨ ਕਾਂਗਰਸੀ ਆਗੂ ਦੌੜ ’ਚ ਸ਼ਾਮਲ ਸਨ, ਜਿਨ੍ਹਾਂ ’ਚ ਸ਼ਕਤੀ ਆਨੰਦ, ਦਰਸ਼ਨ ਕੁਮਾਰ ਕੁੰਦਰਾ ਤੇ ਕਸਤੂਰੀ ਲਾਲ ਮਿੰਟੂ ਦੇ ਨਾਮ ਜ਼ਿਕਰਯੋਗ ਹਨ। ਇਨ੍ਹਾਂ ਤਿੰਨਾਂ ਆਗੂਆਂ ਨੇ ਇਹ ਅਹੁਦਾ ਲੈਣ ਲਈ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਸੀ ਪਰ ਇਹ ਚੇਅਰਮੈਨੀ ਦਾ ਤਾਜ ਦਰਸ਼ਨ ਕੁਮਾਰ ਕੁੰਦਰਾ ਦੇ ਸਿਰ ਸਜਿਆ। ਜ਼ਿਕਰਯੋਗ ਹੈ ਕਿ ਦਰਸ਼ਨ ਕੁਮਾਰ ਕੁੰਦਰਾ ਜਿੱਥੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਉੱਥੇ ਪੰਜਾਬ ਕਾਂਗਰਸ ਦੀ ਹਾਈਕਮਾਂਡ ਤੇ ਸਰਕਾਰ ’ਚ ਪੂਰਾ ਅਸਰ ਰਸੂਖ਼ ਰੱਖਣ ਵਾਲੇ ਸਰਕਾਰੀ ਉੱਚ ਅਧਿਕਾਰੀਆਂ ਦਾ ਵੀ ਇਨ੍ਹਾਂ ਦੀ ਪਿੱਠ ’ਤੇ ਥਾਪੜਾ ਸੀ, ਜਿਸ ਕਾਰਨ ਇਹ ਅਹੁਦਾ ਉਨ੍ਹਾਂ ਨੂੰ ਮਿਲਿਆ। ਫਿਲਹਾਲ ਮਾਛੀਵਾੜਾ ਮਾਰਕਿਟ ਕਮੇਟੀ ਦੇ ਬਾਕੀ ਮੈਂਬਰਾਂ ਦੀ ਸੂਚੀ ਅਜੇ ਜਾਰੀ ਨਹੀਂ ਹੋਈ।


author

Babita

Content Editor

Related News