ਮਾਛੀਵਾੜਾ ਪੁਲਸ ਨੇ ਫਰਜ਼ੀ ਡੀ. ਐੱਸ. ਪੀ. ਕੀਤਾ ਗ੍ਰਿਫ਼ਤਾਰ, ਕਰਤੂਤਾਂ ਜਾਣ ਉੱਡਣਗੇ ਹੋਸ਼

Friday, Oct 14, 2022 - 06:38 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਇਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਉਰਫ਼ ਚੀਨੂ ਵਾਸੀ ਮੁਹੱਲਾ ਇੰਦਰਾਪੁਰੀ ਖੰਨਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਵਿਅਕਤੀ ਨੇ ਪੰਜਾਬ ਪੁਲਸ ਵਿਚ ਕਈ ਨੌਜਵਾਨਾਂ ਨੂੰ ਕਾਂਸਟੇਬਲ ਭਰਤੀ ਕਰਨ ਦੇ ਨਾਮ ’ਤੇ ਵੱਡੀ ਠੱਗੀ ਮਾਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਮਾਛੀਵਾਜੜਾ ਨੇੜਲੇ ਪਿੰਡ ਧਨੂੰਰ ਦੇ ਵਾਸੀ ਲਖਵਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ 12ਵੀਂ ਜਮਾਤ ਪਾਸ ਹੈ ਅਤੇ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਪਿੰਡ ਦੇ ਵਿਅਕਤੀ ਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਇਕ ਡੀ. ਐੱਸ. ਪੀ. ਜਾਣਦਾ ਹੈ ਜਿਸਦੀ ਪਹੁੰਚ ਉੱਪਰ ਤੱਕ ਹੈ ਜੋ ਪੈਸੇ ਲੈ ਕੇ ਪੁਲਸ ’ਚ ਭਰਤੀ ਕਰਵਾ ਦੇਵੇਗਾ। ਲੰਘੀ 19 ਜਨਵਰੀ ਨੂੰ ਇਹ ਡੀ. ਐੱਸ. ਪੀ. ਸਾਨੂੰ ਮਾਛੀਵਾੜਾ ਕਚਹਿਰੀਆਂ ਵਿਖੇ ਮਿਲਿਆ ਜਿੱਥੇ ਮੇਰੇ ਪਿੰਡ ਦਾ ਨੌਜਵਾਨ ਰਾਜ ਸਿੰਘ, ਗੁਰਭੇਜ ਸਿੰਘ ਈਸਾਪੁਰ, ਗੁਰਜੰਟ ਸਿੰਘ ਸੈਸੋਂਵਾਲ ਕਲਾਂ ਅਤੇ ਅਮਨਪ੍ਰੀਤ ਸਿੰਘ ਧਨੂੰਰ ਵੀ ਮੌਜੂਦ ਸਨ। ਸਾਨੂੰ ਸਾਰਿਆਂ ਨੇ ਉੱਥੇ ਆਪਣੇ ਆਪ ਨੂੰ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੀ. ਆਈ. ਏ. ਸਟਾਫ਼ ਵਿਖੇ ਬਤੌਰ ਡੀ. ਐੱਸ. ਪੀ. ਦੇ ਅਹੁਦੇ ’ਤੇ ਤਾਇਨਾਤ ਹੈ ਜਿਸ ਨੇ ਆਪਣਾ ਆਈਕਾਰਡ ਵੀ ਦਿਖਾਇਆ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ

ਇਸ ਡੀ. ਐੱਸ. ਪੀ. ਨੇ ਕਿਹਾ ਕਿ ਜੇਕਰ ਤੁਸੀਂ ਸਾਰੇ ਨੌਜਵਾਨ ਪੁਲਸ ਕਾਂਸਟੇਬਲ ਭਰਤੀ ਹੋਣਾ ਚਾਹੁੰਦੇ ਹੋ ਤਾਂ ਹਰੇਕ ਨੌਜਵਾਨ ਦੇ 3-3 ਲੱਖ ਰੁਪਏ ਲੱਗਣਗੇ। ਅਸੀਂ ਸਾਰੇ ਨੌਜਵਾਨਾਂ ਨੇ ਮੌਕੇ ’ਤੇ ਹੀ ਇਕ ਲੱਖ ਰੁਪਏ ਇਕੱਠੇ ਕਰਕੇ ਦੇ ਦਿੱਤੇ ਅਤੇ ਨਾਲ ਹੀ ਆਪਣੇ ਆਪ ਨੂੰ ਡੀ. ਐੱਸ. ਪੀ. ਕਹਾਉਣ ਵਾਲੇ ਵਿਅਕਤੀ ਨੇ ਇੱਕ ਹਲਫ਼ੀਆ ਬਿਆਨ ਦੇ ਦਿੱਤਾ ਕਿ 20 ਮਾਰਚ 2022 ਤੱਕ ਉਹ ਤੁਹਾਨੂੰ ਪੁਲਸ ’ਚ ਭਰਤੀ ਕਰਵਾ ਦੇਵੇਗਾ ਨਹੀਂ ਤਾਂ ਪੈਸੇ ਵਾਪਸ ਕਰ ਦੇਵੇਗਾ। ਇਸ ਤੋਂ ਬਾਅਦ ਉਕਤ ਨੇ ਦੀਪਪ੍ਰੀਤ ਸਿੰਘ ਨੇ ਉਨ੍ਹਾਂ ਕੋਲੋਂ 18-18 ਹਜ਼ਾਰ ਹੋਰ ਲੈ ਲਏ ਪਰ ਪੁਲਸ ਵਿਚ ਭਰਤੀ ਨਾ ਕਰਵਾਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ

ਪੁਲਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਕਾਂਸਟੇਬਲ ਦੇ ਨਿਯੁਕਤੀ ਪੱਤਰ ਵੀ ਭੇਜ ਦਿੱਤੇ

ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨੇ ਸਾਡੇ ਸਾਰੇ ਨੌਜਵਾਨ ਜਿਨ੍ਹਾਂ ਤੋਂ ਪੈਸੇ ਲਏ ਸਨ ਉਨ੍ਹਾਂ ਨੂੰ ਈਮੇਲ ਰਾਹੀਂ ਨਿਯੁਕਤੀ ਪੱਤਰ ਭੇਜ ਕੇ ਪੀ. ਐੱਮ. ਟੀ. ਸਲਿੱਪਾਂ ਵੀ ਦਿੱਤੀਆਂ। ਇਨ੍ਹਾਂ ਨਿਯੁਕਤੀ ਪੱਤਰਾਂ ’ਤੇ ਲਿਖਿਆ ਹੋਇਆ ਸੀ ਕਿ ਤੁਹਾਨੂੰ ਐੱਸ. ਐੱਸ. ਪੀ. ਅੰਮ੍ਰਿਤਸਰ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ 2 ਜੂਨ 2022 ਨੂੰ ਤੁਹਾਡੀ ਕਾਂਸਟੇਬਲ ਵਜੋਂ ਜੁਆਇੰਨਿੰਗ ਹੈ, ਇਸ ਲਈ ਆਪਣੇ ਸਾਰੇ ਦਸਤਾਵੇਜ਼ ਲੈ ਕੇ ਪੁੱਜੋ। ਲਖਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਇਸ ਨਕਲੀ ਡੀ. ਐੱਸ. ਪੀ. ਨੇ ਸਾਨੂੰ ਪੰਜਾਬ ਪੁਲਸ ’ਚ ਕਾਂਸਟੇਬਲ ਭਰਤੀ ਨਹੀਂ ਕਰਵਾਇਆ ਅਤੇ ਨਾ ਹੀ ਸਾਡੇ ਵਲੋਂ ਲਈ ਰਕਮ ਵਾਪਸ ਕੀਤੀ। ਪੁਲਸ ਭਰਤੀ ਹੋਣ ਵਾਲੇ ਨੌਜਵਾਨਾਂ ਨੇ ਆਪਣੇ ਤੌਰ ’ਤੇ ਜਦੋਂ ਪੁੱਛ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੀਪਪ੍ਰੀਤ ਸਿੰਘ ਅਸਲ ਵਿਚ ਡੀ. ਐੱਸ. ਪੀ. ਨਹੀਂ ਹੈ ਜਦਕਿ ਉਹ ਖੰਨਾ ਦੇ ਇੰਦਰਾਪੁਰੀ ਮੁਹੱਲੇ ਵਿਚ ਇਕ ਵਿਹਲੜ ਵਿਅਕਤੀ ਹੈ ਜੋ ਲੋਕਾਂ ਨਾਲ ਠੱਗੀਆਂ ਮਾਰ ਕੇ ਆਪਣਾ ਕੰਮ ਚਲਾਉਂਦਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਫਰਾਰ ਗੈਂਗਸਟਰ ਦੀਪਕ ਟੀਨੂੰ ਨੇ ਛੱਡਿਆ ਭਾਰਤ !

ਡੀ. ਐੱਸ. ਪੀ. ਦੀ ਵਰਦੀ ਤੇ ਆਈ. ਕਾਰਡ ਵੀ ਪੁਲਸ ਵਲੋਂ ਬਰਾਮਦ

ਮਾਛੀਵਾੜਾ ਪੁਲਸ ਵਲੋਂ ਲਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਪੰਜਾਬ ਪੁਲਸ ਵਿਚ ਭਰਤੀ ਹੋਣ ਦੇ ਨਾਮ ’ਤੇ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਨਕਲੀ ਬਣੇ ਫਰਜ਼ੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦਾ ਐੱਸ. ਐੱਸ. ਪੀ ਹਰੀਸ਼ ਦਯਾਮਾ ਅਤੇ ਡੀ. ਐੱਸ. ਪੀ ਵਰਿਆਮ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਦੀਪਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਉਸ ਕੋਲੋਂ ਡੀਐੱਸਪੀ ਦੀ ਵਰਦੀ ਤੇ ਜਾਅਲੀ ਆਈਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਹੋਰ ਵੀ ਪੁੱਛਗਿੱਛ ਹੋ ਰਹੀ ਹੈ ਜਿਸ ਵਿਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਐੱਸ. ਵਾਈ. ਐੱਲ. ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News