ਮਾਛੀਵਾੜਾ ਸ਼ਹਿਰ ਵਾਸੀਆਂ ਨੂੰ ਮਿਲੇਗਾ ਪੀਣ ਲਈ ਨਹਿਰੀ ਪਾਣੀ
Thursday, Aug 13, 2026 - 05:44 PM (IST)
ਮਾਛੀਵਾੜਾ ਸਾਹਿਬ (ਟੱਕਰ) : ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮਾਛੀਵਾੜਾ ਸ਼ਹਿਰ ਦੇ ਵਾਸੀਆਂ ਨੂੰ ਨਹਿਰੀ ਪਾਣੀ ਸ਼ੁੱਧ ਕਰਕੇ ਸਪਲਾਈ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਨਗਰ ਕੌਂਸਲ ਮਾਛੀਵਾੜਾ ਵਲੋਂ ਸਾਢੇ 6 ਏਕੜ ਜ਼ਮੀਨ ਬਲੀਬੇਗ ਬਸਤੀ ਵਿਖੇ ਇਸ ਪ੍ਰੋਜੈਕਟ ਲਈ ਦੇ ਦਿੱਤੀ ਗਈ ਹੈ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ 29 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਲੀਬੇਗ ਬਸਤੀ ਵਿਖੇ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ’ਚੋਂ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਬਲੀਬੇਗ ਬਸਤੀ ਵਿਖੇ ਬਣ ਰਹੇ ਟ੍ਰੀਟਮੈਂਟ ਪਲਾਂਟ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਟ੍ਰੀਟਮੈਂਟ ਪਲਾਂਟ ਵਿਚ ਪਾਣੀ ਨੂੰ ਸ਼ੁੱਧ ਕਰਕੇ ਸਾਰੇ ਮਾਛੀਵਾੜਾ ਸ਼ਹਿਰ ਨੂੰ ਸਪਲਾਈ ਕੀਤਾ ਜਾਵੇਗਾ ਜਿਸ ਲਈ ਅਲੱਗ ਤੋਂ 2 ਕਰੋੜ ਰੁਪਏ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਿਸ ਤਹਿਤ ਸ਼ਹਿਰ ਵਿਚ ਪਾਈਪਾਂ ਵਿਛਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 18 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਹਿਮਾਲਿਆ ਦੇ ਪਹਾੜਾਂ ਤੋਂ ਬਰਫ਼ ਵਾਲਾ ਸ਼ੁੱਧ ਪਾਣੀ ਜੋ ਕਿ ਭਾਖੜਾ ਡੈਮ ਵਿਚ ਇਕੱਠਾ ਹੁੰਦਾ ਹੈ ਜੋ ਕਿ ਸਰਹਿੰਦ ਨਹਿਰ ਵਿਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਵਿਚ ਟੀ.ਡੀ.ਐੱਸ. ਦੀ ਮਾਤਰਾ ਬਹੁਤ ਘੱਟ ਹੈ ਜੋ ਕਿ ਤੱਤਾਂ ਨਾਲ ਭਰਪੂਰ ਹੈ ਜਿਸ ਨੂੰ ਸ਼ੁੱਧ ਕਰਨ ਤੋਂ ਬਾਅਦ ਸ਼ਹਿਰ ਵਿਚ ਸਪਲਾਈ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਲਈ ਲਾਹੇਵੰਦ ਸਾਬਿਤ ਹੋਵੇਗਾ।
