ਮਾਛੀਵਾੜਾ ਅਨਾਜ ਮੰਡੀ ’ਚ ਬਾਸਮਤੀ ਦੀ ਖਰੀਦ ਸ਼ੁਰੂ, ਵਧੀਆ ਝਾੜ ਨਿਕਲਣ ’ਤੇ ਕਿਸਾਨਾਂ ਨੂੰ ਕੁਝ ਰਾਹਤ
Friday, Sep 17, 2021 - 12:19 PM (IST)
ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਅਨਾਜ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ ਬਾਸਮਤੀ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਅੱਜ ਇਸ ਦੀ ਖਰੀਦ ਕੀਤੀ ਜਾ ਰਹੀ ਹੈ। ਮਾਛੀਵਾੜਾ ਅਨਾਜ ਮੰਡੀ ਵਿਖੇ ਬਾਸਮਤੀ ਖਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ ਨੇ ਕਰਵਾਈ। ਮੰਡੀ ਵਿੱਚ ਆੜ੍ਹਤੀ ਸੁਰਿੰਦਰ ਬਾਂਸਲ ਦੀ ਦੁਕਾਨ ’ਤੇ ਕਿਸਾਨ ਬਿਹਾਰੀ ਲਾਲ ਆਪਣੀ ਬਾਸਮਤੀ ਫ਼ਸਲ ਵੇਚਣ ਲਈ ਆਇਆ, ਜਿਸ ਨੂੰ ਲਕਸ਼ਮੀ ਰਾਈਸ ਮਿੱਲਜ਼ ਵਲੋਂ 2850 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਗਿਆ।
ਇਸ ਸਬੰਧ ’ਚ ਚੇਅਰਮੈਨ ਦਰਸ਼ਨ ਕੁੰਦਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਝੋਨੇ ਦੀ ਸਰਕਾਰੀ ਖਰੀਦ ਸਰਕਾਰ ਵਲੋਂ 1 ਅਕਤੂਬਰ ਤੋਂ ਕਰਵਾਈ ਜਾ ਰਹੀ ਹੈ ਪਰ ਜੋ ਅਗੇਤੀ ਝੋਨੇ ਦੀਆਂ ਕਿਸਮਾਂ ਹਨ, ਉਹ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਮੰਡੀ ’ਚੋਂ ਤੁਰੰਤ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਮੰਡੀ ਵਿੱਚ ਬਾਸਮਤੀ ਦਾ ਭਾਅ ਕਿਸਾਨਾਂ ਨੂੰ ਆਸ-ਪਾਸ ਦੀਆਂ ਮੰਡੀਆਂ ਨਾਲੋਂ ਵੱਧ ਮਿਲ ਰਿਹਾ ਹੈ, ਜਿਸ ਕਾਰਨ ਇਸ ਵਾਰ ਇਹ ਫ਼ਸਲ ਵੱਧ ਆਉਣ ਦੀ ਸੰਭਾਵਨਾ ਹੈ। ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਫ਼ਸਲ ਦਾ ਝਾੜ 25 ਤੋਂ 27 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੁਝ ਆਰਥਿਕ ਲਾਭ ਮਿਲੇਗਾ। ਇਸ ਮੌਕੇ ਕਪਿਲ ਆਨੰਦ, ਵਿਕਰਮ ਲੂਥਰਾ, ਸੰਜੀਵ ਮਲਹੋਤਰਾ, ਨਿਤਿਨ ਜੈਨ, ਹੈਪੀ ਬਾਂਸਲ, ਰਾਜਵਿੰਦਰ ਸਿੰਘ ਸੈਣੀ, ਸੋਨੂੰ ਬਾਂਸਲ ਆਦਿ ਮੌਜੂਦ ਸਨ।