ਸਾਵਧਾਨ! ਜਲੰਧਰ ’ਚ ਲਗਜ਼ਰੀ ਕਾਰਾਂ ਦੇ ਮਾਲਕਾਂ ਨੂੰ ਡਰਾ-ਧਮਕਾ ਕੇ ਕੁਝ ਇਸ ਤਰ੍ਹਾਂ ਪੈਸੇ ਵਸੂਲ ਰਿਹੈ ਗਿਰੋਹ
Saturday, Dec 26, 2020 - 01:38 PM (IST)
ਜਲੰਧਰ (ਵਰੁਣ)— ਗੱਡੀ ਨਾਲ ਟੱਕਰ ਮਾਰ ਕੇ ਭੱਜਣ ਦਾ ਦੋਸ਼ ਲਾ ਕੇ ਲਗਜ਼ਰੀ ਕਾਰ ਚਾਲਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਪੈਸੇ ਵਸੂਲਣ ਵਾਲਾ ਗਿਰੋਹ ਸ਼ਹਿਰ ਵਿਚ ਫਿਰ ਤੋਂ ਸਰਗਰਮ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ਗਿਰੋਹ ਦੇ ਮੈਂਬਰ ਬੂਟਾ ਮੰਡੀ ਰੋਡ ’ਤੇ ਸਰਗਰਮ ਸਨ ਪਰ ਹੁਣ ਇਹ ਲੋਕ ਸ਼ਹਿਰ ਦੇ ਐਨ ਵਿਚਕਾਰ ਪਹੁੰਚ ਚੁੱਕੇ ਹਨ। ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਅਜਿਹੀ ਹੀ ਵਾਰਦਾਤ ਹੋਈ, ਜਿਸ ’ਚ ਇਕ ਕਾਰੋਬਾਰੀ ਨੂੰ ਡਰਾ-ਧਮਕਾ ਕੇ ਐਕਟਿਵਾ ਸਵਾਰ ਨੌਜਵਾਨ 2000 ਰੁਪਏ ਵਸੂਲ ਕੇ ਲੈ ਗਿਆ।
ਊਧਮ ਸਿੰਘ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਪਣੇ ਪਰਿਵਾਰ ਸਣੇ ਇਕ ਹੋਟਲ ਵਿਚ ਆਯੋਜਿਤ ਪਾਰਟੀ ’ਚ ਹਿੱਸਾ ਲੈਣ ਜਾ ਰਹੇ ਸਨ। ਇਸ ਦੌਰਾਨ ਉਹ ਗੁਰੂ ਨਾਨਕ ਮਿਸ਼ਨ ਪਹੁੰਚੇ ਤਾਂ ਇਕ ਐਕਟਿਵਾ ਸਵਾਰ ਨੌਜਵਾਨ ਨੇ ਉਨ੍ਹਾਂ ਦੀ ਚਲਦੀ ਗੱਡੀ ’ਤੇ ਹੱਥ ਮਾਰਿਆ ਅਤੇ ਰੁਕਣ ਦਾ ਇਸ਼ਾਰਾ ਕੀਤਾ। ਜਿਉਂ ਹੀ ਕਾਰੋਬਾਰੀ ਨੇ ਆਪਣੀ ਗੱਡੀ ਰੋਕੀ ਤਾਂ ਉਕਤ ਨੌਜਵਾਨ ਨੇ ਉਸ ’ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਪਿਛਲੇ ਚੌਕ ’ਚ ਉਸ ਨੂੰ ਟੱਕਰ ਮਾਰ ਕੇ ਭੱਜਿਆ ਹੈ, ਜਿਸ ਕਾਰਨ ਉਸ ਦੀ ਐਕਟਿਵਾ ਨੁਕਸਾਨੀ ਗਈ ਹੈ ਅਤੇ ਉਸ ਦਾ ਮੋਬਾਇਲ ਟੁੱਟਣ ਤੋਂ ਇਲਾਵਾ ਉਹ ਵੀ ਜ਼ਖ਼ਮੀ ਹੋ ਗਿਆ ਹੈ।
ਕਾਰੋਬਾਰੀ ਨੇ ਜਦੋਂ ਟੱਕਰ ਨਾ ਹੋਣ ਦੀ ਗੱਲ ਕਹੀ ਤਾਂ ਉਸ ਨੌਜਵਾਨ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਸੇ ਜਾਤੀ ਵਿਸ਼ੇਸ਼ ਦਾ ਹੋਣ ਦੀ ਧਮਕੀ ਦਿੰਦਿਆਂ 4-5 ਸੌ ਨੌਜਵਾਨਾਂ ਨੂੰ ਇਕੱਠਾ ਕਰਕੇ ਜਲੂਸ ਤੱਕ ਕੱਢਣ ਦੀ ਧਮਕੀ ਦੇ ਦਿੱਤੀ। ਕਾਰੋਬਾਰੀ ਨੇ ਡਰਦਿਆਂ ਉਸ ਨੂੰ 500 ਰੁਪਏ ਦਿੱਤੇ ਪਰ ਉਕਤ ਨੌਜਵਾਨ 40 ਹਜ਼ਾਰ ਰੁਪਏ ਲੈਣ ’ਤੇ ਅੜਿਆ ਰਿਹਾ। ਅਜਿਹੇ ਵਿਚ ਕਾਰੋਬਾਰੀ ਨੇ ਨੌਜਵਾਨ ਨੂੰ 2000 ਰੁਪਏ ਦੇ ਕੇ ਆਪਣਾ ਖਹਿੜਾ ਛੁਡਾਇਆ।
ਜ਼ਿਕਰਯੋਗ ਹੈ ਕਿ ਬੂਟਾ ਮੰਡੀ ਰੋਡ ’ਤੇ ਕਰੀਬ ਇਕ ਸਾਲ ਪਹਿਲਾਂ ਅਜਿਹੀਆਂ ਕਈ ਵਾਰਦਾਤਾਂ ਹੋਈਆਂ ਸਨ। ਉਕਤ ਵਾਰਦਾਤਾਂ ਕਰਨ ਵਾਲੇ ਨੌਜਵਾਨ ਇੰਨੇ ਬੇਖੌਫ ਸਨ ਕਿ ਜੇਕਰ ਕਿਸੇ ਚਾਲਕ ਕੋਲੋਂ ਪੈਸੇ ਨਹੀਂ ਵੀ ਨਿਕਲਦੇ ਸਨ ਤਾਂ ਉਹ ਉਨ੍ਹਾਂ ਦੇ ਘਰ ਤੱਕ ਪਹੁੰਚ ਜਾਂਦੇ ਸਨ ਅਤੇ ਪੈਸੇ ਵਸੂਲ ਕੇ ਵਾਪਸ ਆ ਜਾਂਦੇ ਸਨ। ਡੀ. ਸੀ. ਪੀ. ਟਰੈਫਿਕ ਅਤੇ ਸਕਿਓਰਿਟੀ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਜੇਕਰ ਭਵਿੱਖ ’ਚ ਅਜਿਹੀ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿਓ। ਉਕਤ ਲੋਕਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।