ਰੇਲਵੇ ਸਟੇਸ਼ਨ ''ਤੇ ਨਸ਼ੇ ਵਿਚ ਧੁੱਤ ਹੋ ਕੇ ਡਿੱਗੇ ਦਿਖੇ ਦੋ ਨੌਜਵਾਨ! ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ
Wednesday, Jun 03, 2026 - 02:17 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸਭ ਤੋਂ ਰੁਝੇਵਿਆਂ ਭਰੇ ਇਲਾਕੇ ਤੋਂ ਇਕ ਬੇਹੱਦ ਚਿੰਤਾਜਨਕ ਵੀਡੀਓ ਸਾਹਮਣੇ ਆਈ ਹੈ। ਪੁਲਸ ਭਾਵੇਂ ਨਸ਼ਾ ਤਸਕਰਾਂ ਵਿਰੁੱਧ 24 ਘੰਟੇ ਮੁਸਤੈਦੀ ਦੇ ਦਾਅਵੇ ਠੋਕ ਰਹੀ ਹੋਵੇ, ਪਰ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਬਿਲਕੁਲ ਬਾਹਰ ਦਾ ਨਜ਼ਾਰਾ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਨੇ ਪੁਲਸ ਦੀ ਮੁਸਤੈਦੀ ਅਤੇ ਸੁਰੱਖਿਆ ਦਾਅਵਿਆਂ 'ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਇਹ ਵੀਡੀਓ ਦੋ ਦਿਨ ਪੁਰਾਣੀ ਯਾਨੀ ਸੋਮਵਾਰ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਦੋ ਨੌਜਵਾਨ ਸ਼ਰੇਆਮ ਸੜਕ ਦੇ ਵਿਚਕਾਰ ਨਸ਼ੇ ਦੀ ਹਾਲਤ ਵਿਚ ਇਸ ਕਦਰ ਬੇਸੁਰਤ ਪਏ ਹਨ ਕਿ ਉਨ੍ਹਾਂ ਨੂੰ ਦੁਨੀਆ-ਜਹਾਨ ਦੀ ਕੋਈ ਸੋਝੀ ਨਹੀਂ ਹੈ।
ਰਾਹਗੀਰਾਂ ਨੇ ਬਣਾਈ ਬੇਸੁੱਧ ਨੌਜਵਾਨਾਂ ਦੀ ਵੀਡੀਓ
ਇਹ ਸਨਸਨੀਖੇਜ਼ ਮਾਮਲਾ ਥਾਣਾ ਡਵੀਜ਼ਨ ਨੰਬਰ-1 ਦੇ ਅਧੀਨ ਆਉਂਦੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦਾ ਹੈ, ਜਿੱਥੇ 24 ਘੰਟੇ ਹਜ਼ਾਰਾਂ ਯਾਤਰੀਆਂ ਦੀ ਆਮਦ ਲੱਗੀ ਰਹਿੰਦੀ ਹੈ। ਸੋਮਵਾਰ ਨੂੰ ਉੱਥੋਂ ਗੁਜ਼ਰਨ ਵਾਲੇ ਰਾਹਗੀਰ ਉਸ ਵੇਲੇ ਦੰਗ ਰਹਿ ਗਏ, ਜਦੋਂ ਉਨ੍ਹਾਂ ਨੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਦੋ ਨੌਜਵਾਨਾਂ ਨੂੰ ਮੌਤ ਵਰਗੀ ਨੀਂਦ ਸੌਂਦੇ ਦੇਖਿਆ। ਦੋਵਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਲਾਇਕ ਵੀ ਨਹੀਂ ਸਨ। ਉੱਥੋਂ ਗੁਜ਼ਰਨ ਵਾਲੇ ਕੁਝ ਸੁਚੇਤ ਨਾਗਰਿਕਾਂ ਨੇ ਤੁਰੰਤ ਇਸ ਸ਼ਰਮਨਾਕ ਮੰਜ਼ਰ ਨੂੰ ਆਪਣੇ ਮੋਬਾਈਲ ਕੈਮਰਿਆਂ ਵਿਚ ਕੈਦ ਕਰ ਲਿਆ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ।
ਡਿਵਾਈਡਰ ਨੂੰ ਹੀ ਬਣਾ ਲਿਆ ਬਿਸਤਰਾ
ਵਾਇਰਲ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਸ਼ੀਲੇ ਪਦਾਰਥ ਦੀ ਓਵਰਡੋਜ਼ ਕਾਰਨ ਦੋਵਾਂ ਨੌਜਵਾਨਾਂ ਦਾ ਆਪਣੇ ਸਰੀਰ 'ਤੇ ਕੋਈ ਕੰਟਰੋਲ ਨਹੀਂ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਫਿਰੋਜ਼ੀ ਰੰਗ ਦੀ ਟੀ-ਸ਼ਰਟ ਅਤੇ ਕਾਲੀ ਪੈਂਟ ਪਹਿਨੇ ਹੋਏ ਡਿਵਾਈਡਰ 'ਤੇ ਮੂਧੇ ਮੂੰਹ ਲੇਟਿਆ ਹੋਇਆ ਹੈ ਅਤੇ ਦਰਦ ਜਾਂ ਬੇਹੋਸ਼ੀ ਵਿਚ ਆਪਣਾ ਸਿਰ ਫੜੀ ਨਜ਼ਰ ਆ ਰਿਹਾ ਹੈ। ਉੱਥੇ ਹੀ, ਉਸ ਦਾ ਦੂਜਾ ਸਾਥੀ, ਜਿਸ ਨੇ ਸਿਰ 'ਤੇ ਕਾਲੇ ਰੰਗ ਦਾ ਪਟਕਾ ਅਤੇ ਭੂਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਡਿਵਾਈਡਰ ਦੇ ਸਹਾਰੇ ਕਿਸੇ ਲਾਸ਼ ਵਾਂਗ ਟਿਕਿਆ ਹੋਇਆ ਹੈ। ਨਸ਼ੇ ਦੀ ਇਸ ਭਿਆਨਕ ਹਾਲਤ ਵਿਚ ਉਸ ਨੌਜਵਾਨ ਦੇ ਮੂੰਹ ਵਿਚੋਂ ਲਗਾਤਾਰ ਲਾਰ ਡਿੱਗਦੀ ਦਿਖਾਈ ਦੇ ਰਹੀ ਹੈ, ਜਿਸ ਨੂੰ ਦੇਖ ਕੇ ਉੱਥੋਂ ਗੁਜ਼ਰਨ ਵਾਲੇ ਯਾਤਰੀ ਵੀ ਆਪਣੀਆਂ ਨਜ਼ਰਾਂ ਚੁਰਾਉਣ ਲਈ ਮਜਬੂਰ ਹੋ ਗਏ।
ਰੇਲਵੇ ਸਟੇਸ਼ਨ ਵਰਗੇ ਸੰਵੇਦਨਸ਼ੀਲ ਅਤੇ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਜਨਤਕ ਸਥਾਨ 'ਤੇ ਇਸ ਤਰ੍ਹਾਂ ਨਸ਼ੇੜੀਆਂ ਦੇ ਪਏ ਹੋਣ ਨਾਲ ਯਾਤਰੀਆਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਖੜ੍ਹੀ ਹੋ ਗਈ ਹੈ। ਦੱਬੀ ਜ਼ੁਬਾਨ ਵਿਚ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਲੋਕਾਂ ਦਾ ਸਿੱਧਾ ਦੋਸ਼ ਹੈ ਕਿ ਰੇਲਵੇ ਸਟੇਸ਼ਨ, ਲੋਕਲ ਬੱਸ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੀਆਂ ਤੰਗ ਗਲੀਆਂ ਵਿਚ ਨਸ਼ਾ ਤਸਕਰਾਂ ਦਾ ਜਾਲ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ ਅਤੇ ਇੱਥੇ ਖੁੱਲ੍ਹੇਆਮ ਮੌਤ ਦਾ ਸਾਮਾਨ ਵੇਚਿਆ ਜਾਂਦਾ ਹੈ। ਇਸੇ ਦਾ ਨਤੀਜਾ ਹੈ ਕਿ ਸਟੇਸ਼ਨ ਦੇ ਆਲੇ-ਦੁਆਲੇ ਹਰ ਵੇਲੇ ਅਜਿਹੇ ਸ਼ੱਕੀ ਅਤੇ ਨਸ਼ੇੜੀ ਘੁੰਮਦੇ ਦਿਖਾਈ ਦਿੰਦੇ ਹਨ, ਜੋ ਮੌਕਾ ਪਾ ਕੇ ਭੋਲੇ-ਭਾਲੇ ਯਾਤਰੀਆਂ ਨਾਲ ਲੁੱਟ-ਖੋਹ, ਝਪਟਮਾਰੀ ਅਤੇ ਕੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਇਲਾਕੇ ਵਿਚ ਪੁਲਸ ਦੀਆਂ ਪੀ.ਸੀ.ਆਰ. ਗੱਡੀਆਂ ਗਸ਼ਤ ਤਾਂ ਕਰਦੀਆਂ ਹਨ, ਪਰ ਸ਼ਾਤਰ ਨਸ਼ਾ ਤਸਕਰ ਪੁਲਸ ਦੀ ਹਰ ਮੂਵਮੈਂਟ 'ਤੇ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਆਪਣਾ ਕਾਲਾ ਕਾਰੋਬਾਰ ਧੜੱਲੇ ਨਾਲ ਚਲਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਵਾਇਰਲ ਵੀਡੀਓ ਦਾ ਤੁਰੰਤ ਨੋਟਿਸ ਲੈ ਕੇ ਨਾ ਸਿਰਫ਼ ਇਨ੍ਹਾਂ ਨੌਜਵਾਨਾਂ, ਸਗੋਂ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਮਗਰਮੱਛਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇ।
