ਲੁਧਿਆਣਾ ਦਾ RTA ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਟਰਾਂਸਪੋਰਟਰਾਂ ਤੋਂ ਲੈਂਦਾ ਸੀ ਮਹੀਨਾਵਾਰ ਰਿਸ਼ਵਤ
Friday, Jan 06, 2023 - 10:00 PM (IST)
ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਖੇਤਰੀ ਟਰਾਂਸਪੋਰਟ ਅਥਾਰਟੀ (RTA) ਵਜੋਂ ਤਾਇਨਾਤ PCS ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਸੰਗਠਿਤ ਅਪਰਾਧ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਜੋ ਨਿੱਜੀ ਵਿਅਕਤੀਆਂ ਰਾਹੀਂ ਟਰਾਂਸਪੋਰਟਰਾਂ ਤੋਂ ਰਿਸ਼ਵਤ ਵਸੂਲਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ 18 ਨਵੰਬਰ 2022 ਨੂੰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਹ ਹਰ ਮਹੀਨੇ ਲੁਧਿਆਣਾ ਵਿਖੇ ਵੱਖ-ਵੱਖ ਟਰਾਂਸਪੋਰਟਰਾਂ ਤੋਂ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਜਾਰੀ ਨਾ ਕਰਨ ਬਦਲੇ ਕੁੱਝ ਨਿੱਜੀ ਵਿਅਕਤੀਆਂ ਰਾਹੀਂ ਰਿਸ਼ਵਤ ਵਸੂਲਦਾ ਸੀ। ਸ਼ਿਕਾਇਤਕਰਤਾ ਸਤਨਾਮ ਸਿੰਘ ਧਵਨ ਵਾਸੀ ਪਿੰਡ ਮਾਣਕਵਾਲ, ਜ਼ਿਲ੍ਹਾ ਲੁਧਿਆਣਾ ਨੇ ਉਕਤ ਆਰ.ਟੀ.ਏ. ਨਾਲ ਜੁੜੇ ਪੰਜਾਬ ਹੋਮ ਗਾਰਡਜ਼ ਵਲੰਟੀਅਰ ਬਹਾਦਰ ਸਿੰਘ ਦੀਆਂ ਵੀਡੀਓ ਕਲਿੱਪਾਂ ਸਮੇਤ ਇਸ ਹੈਲਪਲਾਈਨ ‘ਤੇ ਆਰ.ਟੀ.ਏ. ਲੁਧਿਆਣਾ ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ
ਵਿਜੀਲੈਂਸ ਦੀ ਟੀਮ ਨੇ ਉਪਰੋਕਤ ਸ਼ਿਕਾਇਤ ਵਿਚਲੇ ਸਬੂਤਾਂ ਅਤੇ ਤੱਥਾਂ ਦੀ ਤਸਦੀਕ ਕੀਤੀ ਜੋ ਸਹੀ ਪਾਈ ਗਈ ਹੈ। ਉਕਤ ਜਾਂਚ ਵਿਚ ਪਾਇਆ ਗਿਆ ਕਿ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਨਾ ਜਾਰੀ ਕਰਨ ਲਈ ਵੱਖ-ਵੱਖ ਟਰਾਂਸਪੋਰਟਰਾਂ ਤੋਂ ਕੁਝ ਨਿੱਜੀ ਵਿਅਕਤੀਆਂ ਰਾਹੀਂ ਮਹੀਨਾਵਾਰ ਰਿਸ਼ਵਤ ਦੀ ਰਕਮ ਵਸੂਲਦਾ ਸੀ। ਪਤਾ ਲੱਗਾ ਹੈ ਕਿ ਦਸੰਬਰ ਮਹੀਨੇ ਵਿਚ ਉਸ ਨੇ 4 ਲੱਖ ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਜਿਸ ਵਿਚੋਂ 1 ਲੱਖ 70 ਹਜ਼ਾਰ ਰੁਪਏ ਖੁਦ ਵਰਤੇ ਅਤੇ ਬਾਕੀ 2 ਲੱਖ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਹੋਮ ਗਾਰਡ ਵਲੰਟੀਅਰ ਬਹਾਦਰ ਸਿੰਘ ਨੂੰ ਸੌਂਪ ਦਿੱਤੀ।
ਇਹ ਖ਼ਬਰ ਵੀ ਪੜ੍ਹੋ - Breaking News: ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿਚ ਵਧੀਆਂ ਸਰਦੀ ਦੀਆਂ ਛੁੱਟੀਆਂ
ਪੜਤਾਲ ਦੌਰਾਨ ਹੋਮ ਗਾਰਡ ਵਲੰਟੀਅਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਆਰ.ਟੀ.ਏ. ਦਾ ਅਧੀਨ ਕਰਮਚਾਰੀ ਹੈ ਅਤੇ ਉਸ ਨੂੰ ਆਰ.ਟੀ.ਏ. ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਉਹ 2 ਲੱਖ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਪੇਸ਼ ਕਰ ਸਕਦਾ ਹੈ।
ਇਸ ਸਬੰਧੀ ਐੱਫ.ਆਈ.ਆਰ ਨੰ. 01 ਮਿਤੀ 6.1.2023 ਨੂੰ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 8 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਓਰੋ ਰੇਂਜ ਦੇ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਅੱਜ ਪੀ.ਐਚ.ਜੀ. ਬਹਾਦਰ ਸਿੰਘ ਨੇ ਆਰ.ਟੀ.ਏ. ਵੱਲੋਂ ਸੌਪੀ 2 ਲੱਖ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਅੱਜ ਵਿਜੀਲੈਂਸ ਬਿਊਰੋ ਦੇ ਦਫਤਰ ਵਿੱਚ ਪੇਸ਼ ਕਰ ਦਿੱਤੀ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।