ਨਸ਼ਾ ਸਮੱਗਲਰਾਂ 'ਤੇ ਲੁਧਿਆਣਾ ਪੁਲਸ ਕਮਿਸ਼ਨਰ ਨੇ ਕੱਸਿਆ ਸ਼ਿਕੰਜਾ, ਦਿੱਤੀ ਵੱਡੀ ਚਿਤਾਵਨੀ

Saturday, Oct 28, 2023 - 02:57 PM (IST)

ਨਸ਼ਾ ਸਮੱਗਲਰਾਂ 'ਤੇ ਲੁਧਿਆਣਾ ਪੁਲਸ ਕਮਿਸ਼ਨਰ ਨੇ ਕੱਸਿਆ ਸ਼ਿਕੰਜਾ, ਦਿੱਤੀ ਵੱਡੀ ਚਿਤਾਵਨੀ

ਜਲੰਧਰ/ਲੁਧਿਆਣਾ (ਸੁਧੀਰ)– ਲੁਧਿਆਣਾ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਉਣ ਲਈ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਕੰਮ ਵਿਚ ਤੇਜ਼ਤਰਾਰ ਮੰਨੇ ਜਾਂਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ‘ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ, ਨਸ਼ਾ ਪੰਜਾਬ ’ਚ ਰਹਿਣ ਨਹੀਂ ਦੇਣਾ।’ ਨਸ਼ਾ ਸਮੱਗਲਰਾਂ ਦੀ ਨਕੇਲ ਕੱਸਣ ਅਤੇ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਸ਼ਹਿਰ ਵਿਚ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਹੀ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ਦੀ ਨਕੇਲ ਕੱਸਦੇ ਹੋਏ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਕਈ ਨਸ਼ਾ ਸਮੱਗਲਰਾਂ ਨੂੰ ਸੀਖਾਂ ਦੇ ਪਿੱਛੇ ਪਹੁੰਚਾਇਆ ਹੈ।

ਪੁਲਸ ਦੀ ਸਖ਼ਤੀ ਕਾਰਨ ਵਧੇਰੇ ਨਸ਼ਾ ਸਮੱਗਲਰ ਸ਼ਹਿਰ ਛੱਡ ਕੇ ਭੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਤਰ੍ਹਾਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਨੂੰ ਸਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਸ਼ਹਿਰ ਛੱਡ ਦਿਓ ਜਾਂ ਫਿਰ ਆਪਣਾ ਕੰਮ ਬਦਲ ਲਓ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਨੇ ਲੁਧਿਆਣਾ ਦਿਹਾਤੀ ਦੇ ਆਲੇ-ਦੁਆਲੇ ਪੈਂਦੇ ਕਈ ਪਿੰਡਾਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਪਿੰਡ ਦੁਲੇਹ ਦੇ ਸਟੇਡੀਅਮ ਵਿਚ 3 ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ, ਜਿਸ ਵਿਚ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਇਹ ਵੀ ਪੜ੍ਹੋ: ਜਲੰਧਰ: ਵਿਆਹ ਦੀਆਂ ਖ਼ੁਸ਼ੀਆਂ ਮੌਕੇ ਰੰਗ 'ਚ ਪਿਆ ਭੰਗ, ਸਾਲੇ ਨੇ ਕੁੱਟਿਆ ਜੀਜਾ, ਜਾਣੋ ਪੂਰਾ ਮਾਮਲਾ

PunjabKesari

ਟੂਰਨਾਮੈਂਟ ਵਿਚ ਕੁੱਲ 32 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਨਸ਼ਿਆਂ ਖਿਲਾਫ ਜਾਗਰੂਕ ਕੀਤਾ। ਇਸਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਹਿੱਸਾ ਲੈ ਕੇ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਸ਼ੁੱਕਰਵਾਰ ਫਾਈਨਲ ਮੈਚ ਪਿੰਡ ਸਿਆੜ ਅਤੇ ਧਮੋਟ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸਿਆੜ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਨਕਦ ਇਨਾਮ ਤੇ ਟਰਾਫੀ ਅਤੇ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ, ਤੀਜੇ ਅਤੇ ਚੌਥੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 11-11 ਹਜ਼ਾਰ ਦੇ ਨਕਦ ਇਨਾਮ ਦਿੱਤੇ ਗਏ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਮਨਕੀਰਤ ਔਲਖ ਨੇ ਕਈ ਪ੍ਰੋਗਰਾਮ ਪੇਸ਼ ਕੀਤੇ।

ਇਸ ਮੌਕੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਜੁਆਇੰਟ ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਏ. ਡੀ. ਸੀ. ਪੀ. ਸਿਟੀ-2 ਸੁਹੇਲ ਮੀਰ, ਏ. ਡੀ. ਸੀ. ਪੀ.-1 ਸ਼ੁਭਮ ਅਗਰਵਾਲ, ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ, ਏ. ਡੀ. ਸੀ. ਪੀ. ਆਪ੍ਰੇਸ਼ਨ ਸਮੀਰ ਵਰਮਾ, ਏ. ਡੀ. ਸੀ. ਪੀ. ਪੀ. ਬੀ. ਆਈ. ਵੈਭਵ ਸਹਿਗਲ, ਉੱਤਰੀ ਹਲਕੇ ਤੋਂ ਵਿਧਾਇਕ ਮਦਨ ਲਾਲ ਬੱਗਾ, ਸੈਂਟਰਲ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ, ਵਿਧਾਇਕ ਸਾਹਨੇਵਾਲ ਹਰਦੀਪ ਸਿੰਘ ਮੁੰਡੀਆਂ, ਵੈਸਟ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਆਤਮ ਨਗਰ ਕੁਲਵੰਤ ਸਿੰਘ ਸਿੱਧੂ ਅਤੇ ਮਨਦੀਪ ਕੌਰ ਟਾਂਗਰਾ ਸਮੇਤ ਸ਼ਹਿਰ ਦੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟੂਰਨਾਮੈਂਟ ਦਾ ਨਾਂ ਪ੍ਰਾਮਿਸ ਕੱਪ ਰੱਖਣ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਨਸ਼ਿਆਂ ਦੀ ਦਲਦਲ ਤੋਂ ਬਚਣ ਲਈ ਕਮਿਸ਼ਨਰੇਟ ਪੁਲਸ ਜਾਂ ਕਿਸੇ ਹੋਰ ਵਿਭਾਗ ਨਾਲ ਕੋਈ ਪ੍ਰਾਮਿਸ ਕਰਨਾ ਸੀ। ਇਸਦਾ ਮਤਲਬ ਹਰ ਕਿਸੇ ਨੇ ਆਪਣੇ-ਆਪ ਨਾਲ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਾਹਮਣੇ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦਾ ਪ੍ਰਾਮਿਸ ਕਰਨ ਦੇ ਨਾਲ-ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਣ ਦਾ ਪ੍ਰਾਮਿਸ ਕਰਨਾ ਸੀ।

ਇਹ ਵੀ ਪੜ੍ਹੋ: ਸ਼ਰਮਨਾਕ: ਬਜ਼ੁਰਗ ਮਾਂ ਦੇ ਕਮਰੇ ਦਾ ਕੈਮਰਾ ਵੇਖ ਧੀ ਦੇ ਉੱਡੇ ਹੋਸ਼, ਸਾਹਮਣੇ ਆਈਆਂ ਦਿਲ ਨੂੰ ਝੰਜੋੜਣ ਵਾਲੀਆਂ ਤਸਵੀਰਾਂ

ਤੁਸੀਂ ਦਿਓ ਸੂਚਨਾ, ਅਸੀਂ ਕਰਾਂਗੇ ਕਾਰਵਾਈ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿਚ ਕੋਈ ਵੀ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ ਤਾਂ ਉਸਦੀ ਸੂਚਨਾ ਲੋਕ ਤੁਰੰਤ ਉਨ੍ਹਾਂ ਨੂੰ ਸਿੱਧੀ ਦੇਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨਤਾ ਅਤੇ ਪੁਲਸ ਦੇ ਤਾਲਮੇਲ ਨਾਲ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਜਨਤਾ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਤੁਸੀਂ ਸੂਚਨਾ ਦਿਓ, ਅਸੀਂ ਨਸ਼ਾ ਸਮੱਗਲਰਾਂ ’ਤੇ ਕਾਰਵਾਈ ਕਰਾਂਗੇ। ਜੇਕਰ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਕਿਸੇ ਨਸ਼ਾ ਸਮੱਗਲਰ ਨਾਲ ਮਿਲੀਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ 16 ਨਵੰਬਰ ਨੂੰ, ਬਣਾਵੇਗੀ ਵਰਲਡ ਰਿਕਾਰਡ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿਸ਼ਾਲ ਸਾਈਕਲ ਰੈਲੀ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ’ਤੇ ਲੁਧਿਆਣਾ ਵਿਚ ਕੱਢੀ ਜਾਵੇਗੀ, ਜਿਸ ਵਿਚ 20 ਹਜ਼ਾਰ ਦੇ ਲਗਭਗ ਸਾਈਕਲ ਸਵਾਰ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਮਲ ਹੋਣਗੇ। ਇਸ ਰੈਲੀ ਵਿਚ ਹਰ ਧਰਮ ਦੇ ਲੋਕ, ਵਿਦਿਆਰਥੀ, ਵਪਾਰੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ, ਔਰਤਾਂ, ਨੌਜਵਾਨ ਤੇ ਸ਼ਹਿਰ ਦੇ ਕਈ ਮੋਹਤਬਰ ਲੋਕ ਹਿੱਸਾ ਲੈਣਗੇ। ਇਹ ਰੈਲੀ ਵਰਲਡ ਰਿਕਾਰਡ ਬਣਾ ਕੇ ਲਿਮਕਾ ਤੇ ਗਿੰਨੀਜ਼ ਬੁੱਕ ਵਿਚ ਆਪਣਾ ਨਾਂ ਦਰਜ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਇਸ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਸੀ. ਪੀ. ਬੋਲੇ-ਵੈਲਡਨ ਲੁਧਿਆਣਾ ਟੀਮ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 3 ਦਿਨ ਚੱਲੇ ਪ੍ਰਾਮਿਸ ਕੱਪ ਅਤੇ 16 ਨਵੰਬਰ ਨੂੰ ਨਸ਼ਿਆਂ ਖ਼ਿਲਾਫ਼ ਕੱਢੀ ਜਾਣ ਵਾਲੀ ਵਿਸ਼ਾਲ ਰੈਲੀ ਵਿਚ ਹਿੱਸਾ ਲੈਣ ਲਈ ਕਮਿਸ਼ਨਰੇਟ ਪੁਲਸ ਦੀ ਸਾਰੀ ਟੀਮ ਨੇ ਸਖ਼ਤ ਮਿਹਨਤ ਨਾਲ ਡਿਊਟੀ ਨਿਭਾਈ। ਟੀਮ ਦੀ ਮਿਹਨਤ ਦੇਖ ਕੇ ਅਤੇ ਪ੍ਰਾਮਿਸ ਕੱਪ ਨੂੰ ਕਾਮਯਾਬ ਬਣਾਉਣ ਲਈ ਉਨ੍ਹਾਂ ਆਪਣੀ ਸਾਰੀ ਟੀਮ ਨੂੰ ਵੈਲਡਨ ਕਿਹਾ।

ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪੁੱਤ ਦੀ ਤਸਵੀਰ ਸੀਨੇ ਲਗਾ ਕੇ ਰੋ-ਰੋ ਮਾਂ ਮਾਰ ਰਹੀ ਆਵਾਜ਼ਾਂ

ਫੈਸਟੀਵਲ ਸੀਜ਼ਨ ’ਚ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੈਸਟੀਵਲ ਸੀਜ਼ਨ ਵਿਚ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਚੌਕਸੀ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਈਟ ਡੋਮੀਨੇਸ਼ਨ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨੂੰ ਆਪਣੀ-ਆਪਣੀ ਸਬ-ਡਿਵੀਜ਼ਨ ਵਿਚ ਖ਼ੁਦ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਨਾਕਿਆਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨਾਲ ਚੈਕਿੰਗ ਮੁਹਿੰਮ ਚਲਾਉਣ ਦੇ ਵੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ।

ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਮੁਲਾਜ਼ਮਾਂ ਦੀ ਵੀ ਡਿਊਟੀ ਲਾਈ ਜਾ ਰਹੀ ਹੈ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਹੋਰ ਸਥਾਨਾਂ ’ਤੇ ਸਿਵਲ ਕੱਪੜਿਆਂ ਵਿਚ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪੀ. ਸੀ. ਆਰ. ਕਰਮਚਾਰੀਆਂ ਨੂੰ ਵੀ ਪੈਟਰੋਲਿੰਗ ਦੌਰਾਨ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫੈਸਟੀਵਲ ਸੀਜ਼ਨ ਵਿਚ ਉਹ ਖ਼ੁਦ ਰਾਤ ਨੂੰ ਸਰਪ੍ਰਾਈਜ਼ ਚੈਕਿੰਗ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News